ਰਮਦਾਸਪੁਰ ਦੀ ਸਥਾਪਨਾ
ਪ੍ਰਸ਼ਨ. ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦੁਆਰਾ ਦਿੱਤੇ ਗਏ ਯੋਗਦਾਨ ਦਾ ਵਰਣਨ ਕਰੋ।
ਉੱਤਰ : ਗੁਰੂ ਰਾਮਦਾਸ ਜੀ ਦਾ ਗੁਰੂਕਾਲ 1574 ਈ. ਤੋਂ 1581 ਈ. ਤਕ ਸੀ। ਉਨ੍ਹਾਂ ਦੀ ਗੁਰਿਆਈ ਦਾ ਸਮਾਂ ਬਹੁਤ ਥੋੜ੍ਹਾ ਸੀ, ਫਿਰ ਵੀ ਉਨ੍ਹਾਂ ਨੇ ਸਿੱਖ ਪੰਥ ਦੇ ਵਿਕਾਸ ਅਤੇ ਸੰਗਠਨ ਵਿੱਚ ਸ਼ਲਾਘਾਯੋਗ ਯੋਗਦਾਨ ਦਿੱਤਾ।
1. ਰਾਮਦਾਸਪੁਰਾ ਦੀ ਸਥਾਪਨਾ : ਗੁਰੂ ਰਾਮਦਾਸ ਜੀ ਦੀ ਸਿੱਖ ਪੰਥ ਨੂੰ ਸਭ ਤੋਂ ਮਹੱਤਵਪੂਰਨ ਦੇਣ ਰਾਮਦਾਸਪੁਰਾ ਜਾਂ ਅੰਮ੍ਰਿਤਸਰ ਦੀ ਸਥਾਪਨਾ ਕਰਨਾ ਸੀ। ਰਾਮਦਾਸਪੁਰਾ ਦੀ ਸਥਾਪਨਾ 1577 ਈ. ਵਿੱਚ ਹੋਈ। ਇਸ ਸ਼ਹਿਰ ਨੂੰ ਆਬਾਦ ਕਰਨ ਲਈ ਗੁਰੂ ਸਾਹਿਬ ਨੇ ਵੱਖ-ਵੱਖ ਧੰਦਿਆਂ ਨਾਲ ਸੰਬੰਧਿਤ 52 ਵਪਾਰੀਆਂ ਨੂੰ ਵਸਾਇਆ। ਇਨ੍ਹਾਂ ਵਪਾਰੀਆਂ ਨੇ ਜਿਹੜਾ ਬਾਜ਼ਾਰ ਵਸਾਇਆ ਉਹ ‘ਗੁਰੂ ਕਾ ਬਾਜ਼ਾਰ’ ਨਾਂ ਦੇ ਨਾਲ ਪ੍ਰਸਿੱਧ ਹੋਇਆ। ਅੰਮ੍ਰਿਤਸਰ ਦੀ ਸਥਾਪਨਾ ਨਾਲ ਸਿੱਖਾਂ ਨੂੰ ਉਨ੍ਹਾਂ ਦਾ ਮੱਕਾ ਮਿਲ ਗਿਆ। ਇਹ ਛੇਤੀ ਹੀ ਸਿੱਖਾਂ ਦਾ ਸਭ ਤੋਂ ਪ੍ਰਸਿੱਧ ਧਰਮ ਪ੍ਰਚਾਰ ਦਾ ਕੇਂਦਰ ਬਣ ਗਿਆ ।
2. ਮਸੰਦ ਪ੍ਰਥਾ ਦਾ ਆਰੰਭ : ਗੁਰੂ ਰਾਮਦਾਸ ਜੀ ਨੂੰ ਰਾਮਦਾਸਪੁਰਾ ਵਿਖੇ ਅੰਮ੍ਰਿਤਸਰ ਅਤੇ ਸੰਤੋਖਸਰ ਨਾਂ ਦੇ ਦੋ ਸਰੋਵਰਾਂ ਦੀ ਖੁਦਵਾਈ ਲਈ ਮਾਇਆ ਦੀ ਲੋੜ ਪਈ। ਇਸ ਲਈ ਗੁਰੂ ਸਾਹਿਬ ਨੇ ਆਪਣੇ ਪ੍ਰਤੀਨਿਧਾਂ ਨੂੰ ਵੱਖ-ਵੱਖ ਥਾਂਵਾਂ ‘ਤੇ ਭੇਜਿਆ ਤਾਂ ਜੋ ਉਹ ਸਿੱਖ ਮਤ ਦਾ ਪ੍ਰਚਾਰ ਕਰ ਸਕਣ ਅਤੇ ਸੰਗਤਾਂ ਤੋਂ ਮਾਇਆ ਇਕੱਠੀ ਕਰ ਸਕਣ। ਇਹ ਸੰਸਥਾ ਮਸੰਦ ਪ੍ਰਥਾ ਦੇ ਨਾਂ ਨਾਲ ਪ੍ਰਸਿੱਧ ਹੋਈ। ਮਸੰਦ ਪ੍ਰਥਾ ਦੇ ਕਾਰਨ ਹੀ ਸਿੱਖ ਮਤ ਦਾ ਦੂਰ-ਦੂਰ ਤਕ ਪ੍ਰਚਾਰ ਹੋਇਆ।
3. ਉਦਾਸੀਆਂ ਨਾਲ ਸਮਝੌਤਾ : ਗੁਰੂ ਰਾਮਦਾਸ ਜੀ ਦੇ ਕਾਲ ਦੀ ਇੱਕ ਹੋਰ ਮਹੱਤਵਪੂਰਨ ਘਟਨਾ ਉਦਾਸੀਆਂ ਅਤੇ ਸਿੱਖਾਂ ਵਿੱਚਾਲੇ ਸਮਝੌਤਾ ਸੀ। ਇੱਕ ਵਾਰੀ ਉਦਾਸੀ ਮਤ ਦੇ ਮੋਢੀ ਬਾਬਾ ਸ੍ਰੀ ਚੰਦ ਜੀ ਗੁਰੂ ਰਾਮਦਾਸ ਜੀ ਦੇ ਦਰਸ਼ਨਾਂ ਲਈ ਅੰਮ੍ਰਿਤਸਰ ਆਏ। ਉਹ ਗੁਰੂ ਸਾਹਿਬ ਦੀ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਉਸ ਦਿਨ ਤੋਂ ਬਾਅਦ ਸਿੱਖ ਮਤ ਦਾ ਵਿਰੋਧ ਨਹੀਂ ਕੀਤਾ। ਇਹ ਸਮਝੌਤਾ ਸਿੱਖ ਪੰਥ ਦੇ ਵਿਕਾਸ ਲਈ ਬੜਾ ਮਹੱਤਵਪੂਰਨ ਸਿੱਧ ਹੋਇਆ।
4. ਕੁਝ ਹੋਰ ਮਹੱਤਵਪੂਰਨ ਕਾਰਜ : ਗੁਰੂ ਰਾਮਦਾਸ ਜੀ ਦੇ ਹੋਰ ਮਹੱਤਵਪੂਰਨ ਕੰਮਾਂ ਵਿੱਚ ਬਾਣੀ ਦੀ ਰਚਨਾ (679 ਸ਼ਬਦ) ਕਰਨਾ ਸੀ। ਉਨ੍ਹਾਂ ਨੇ ਚਾਰ ਲਾਵਾਂ ਦੁਆਰਾ ਵਿਆਹ ਦੀ ਪ੍ਰਥਾ ਨੂੰ ਉਤਸ਼ਾਹਿਤ ਕੀਤਾ। ਗੁਰੂ ਸਾਹਿਬ ਨੇ ਪਹਿਲਾਂ ਤੋਂ ਚਲੀਆਂ ਆ ਰਹੀਆਂ ਸੰਗਤ, ਪੰਗਤ ਤੇ ਮੰਜੀ ਨਾਂ ਦੀਆਂ ਸੰਸਥਾਵਾਂ ਨੂੰ ਜਾਰੀ ਰੱਖਿਆ। ਗੁਰੂ ਸਾਹਿਬ ਨੇ ਸਮਾਜ ਵਿੱਚ ਪ੍ਰਚਲਿਤ ਕੁਰੀਤੀਆਂ ਜਿਵੇਂ-ਜਾਤੀ ਪ੍ਰਥਾ, ਸਤੀ ਪ੍ਰਥਾ, ਬਾਲ ਵਿਵਾਹ ਆਦਿ ਦਾ ਵੀ ਜ਼ੋਰਦਾਰ ਸ਼ਬਦਾਂ ਵਿੱਚ ਖੰਡਨ ਕੀਤਾ।
5. ਅਕਬਰ ਨਾਲ ਮਿੱਤਰਤਾਪੂਰਨ ਸੰਬੰਧ : ਗੁਰੂ ਰਾਮਦਾਸ ਜੀ ਦੇ ਸਮੇਂ ਵਿੱਚ ਵੀ ਸਿੱਖਾਂ ਦੇ ਬਾਦਸ਼ਾਹ ਅਕਬਰ ਨਾਲ ਮਿੱਤਰਤਾਪੂਰਨ ਸੰਬੰਧ ਕਾਇਮ ਰਹੇ। ਅਕਬਰ ਗੁਰੂ ਰਾਮਦਾਸ ਜੀ ਨੂੰ ਲਾਹੌਰ ਵਿਖੇ ਮਿਲਿਆ ਸੀ। ਗੁਰੂ ਸਾਹਿਬ ਦੇ ਕਹਿਣ ‘ਤੇ ਉਸ ਨੇ ਪੰਜਾਬ ਦਾ ਇੱਕ ਸਾਲ ਲਈ ਲਗਾਨ ਮੁਆਫ਼ ਕਰ ਦਿੱਤਾ। ਸਿੱਟੇ ਵਜੋਂ ਗੁਰੂ ਸਾਹਿਬ ਜੀ ਦੀ ਪ੍ਰਸਿੱਧੀ ਵਿੱਚ ਹੋਰ ਵਾਧਾ ਹੋਇਆ।
6. ਉੱਤਰਾਧਿਕਾਰੀ ਦੀ ਨਿਯੁਕਤੀ : ਗੁਰੂ ਰਾਮਦਾਸ ਜੀ ਨੇ 1581 ਈ. ਵਿੱਚ ਅਰਜਨ ਦੇਵ ਜੀ ਨੂੰ ਆਪਣਾ ਉੱਤਰਾਧਿਕਾਰੀ ਨਿਯੁਕਤ ਕਰਕੇ ਇੱਕ ਹੋਰ ਮਹਾਨ ਕਾਰਜ ਕੀਤਾ। ਇਸ ਕਾਰਨ ਸਿੱਖ ਪੰਥ ਦੇ ਵਿਕਾਸ ਦਾ ਕਾਰਜ ਜਾਰੀ ਰਿਹਾ।