ਰਬਾਬ ਮੰਗਾਉਨ ਦਾ ਵਿਰਤਾਂਤ ਦਾ ਸਾਰ
ਪ੍ਰਸ਼ਨ. ‘ਰਬਾਬ ਮੰਗਾਉਨ ਦਾ ਵਿਰਤਾਂਤ’ ਪਾਠ ਦਾ ਸਾਰ ਲਗਪਗ 150 ਸ਼ਬਦਾਂ ਵਿਚ ਲਿਖੋ।
ਉੱਤਰ : ਗੁਰੂ ਨਾਨਕ ਦੇਵ ਜੀ ਨੂੰ ਜੰਗਲ ਵਿਚ ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਲੋਕ ‘ਕੁਰਾਹੀਆਂ’ ਸੱਦਣ ਲੱਗੇ।
ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਰਬਾਬ ਨੂੰ ਸਭ ਤੋਂ ਚੰਗਾ ਸਾਜ਼ ਦੱਸਦਿਆਂ ਲਿਆਉਣ ਲਈ ਕਿਹਾ। ਮਰਦਾਨਾ ਰਬਾਬ ਢੂੰਡਣ ਗਿਆ, ਤਾਂ ਲੋਕਾਂ ਨੇ ‘ਕੁਰਾਹੀਏ ਦਾ ਡੂੰਮ’ ਕਹਿ ਕੇ ਉਸ ਨਾਲ ਬੁਰਾ ਸਲੂਕ ਕੀਤਾ। ਤੰਗ ਆ ਕੇ ਮਰਦਾਨਾ ਗੁਰੂ ਜੀ ਕੋਲ ਪੁੱਜਾ। ਗੁਰੂ ਜੀ ਨੇ ਉਸ ਨੂੰ ਲੋਕਾਂ ਤੋਂ ਬੇਪਰਵਾਹ ਰਹਿਣ ਲਈ ਕਿਹਾ ਤੇ ਦੁਆਬੇ ਦੇ ਇਕ ਪਿੰਡ ਵਿਚ ਵਸਦੇ ਰਬਾਬੀ ਫਰਹਿੰਦੇ ਤੋਂ ਰਬਾਬ ਲਿਆਉਣ ਲਈ ਭੇਜਿਆ।
ਤਿੰਨ ਦਿਨ ਖੁਆਰ ਹੋਣ ਮਗਰੋਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ। ਮਰਦਾਨੇ ਤੋਂ ਗੁਰੂ ਜੀ ਦੁਆਰਾ ਉਚਰੀ ਜਾਂਦੀ ਅਗੰਮੀ ਬਾਣੀ ਬਾਰੇ ਸੁਣ ਕੇ ਫਰਹਿੰਦੇ ਨੇ ਰਬਾਬ ਉਸ ਨੂੰ ਦੇ ਦਿੱਤੀ ਤੇ ਕੀਮਤ ਨਾ ਲੈਂਦਿਆਂ ਕਿਹਾ ਕਿ ਇਸ ਦਾ ਵੀ ਉਸ (ਗੁਰੂ ਨਾਨਕ) ਨਾਲ ਕੁੱਝ ਪੁਰਾਣਾ ਸੰਬੰਧ ਹੈ। ਫਿਰ ਉਹ ਮਰਦਾਨੇ ਨਾਲ ਗੁਰੂ ਜੀ ਕੋਲ ਪੁੱਜਾ ਤੇ ਕਰਤਾਰ ਬਾਰੇ ਗੱਲਾਂ ਕਰਨ ਮਗਰੋਂ ਉਨ੍ਹਾਂ ਦੇ ਚਰਨੀਂ ਢਹਿ ਪਿਆ। ਉਸ ਦੇ ਜਾਣ ਮਗਰੋਂ ਮਰਦਾਨੇ ਤੋਂ ਰਬਾਬ ਸੁਰ ਨਹੀਂ ਸੀ ਹੋ ਰਹੀ।
ਗੁਰੂ ਜੀ ਨੇ ਉਸ ਨੂੰ ਕਿਹਾ ਕਿ ਉਹ ਦਾ ਕੰਮ ਵਜਾਉਣਾ ਹੈ, ਠਾਟ ਕਰਤਾਰ ਆਪ ਬਣਾਏਗਾ। ਇਹ ਸੁਣ ਕੇ ਮਰਦਾਨੇ ਨੇ ਰਬਾਬ ਵਜਾਈ, ਤਾਂ ਮਸਤੀ ਪਸਾਰਨ ਵਾਲਾ ਠਾਟ ਬਣ ਗਿਆ ਤੇ ਗੁਰੂ ਜੀ ਨੂੰ ਜਿਹੜੀ ਬਾਣੀ ਆਈ, ਮਰਦਾਨੇ ਨੇ ਉਹੋ ਹੀ ਮਧੁਰ ਸੁਰ ਵਿਚ ਗਾਈ।