ਸੰਖੇਪ ਉੱਤਰ ਵਾਲੇ ਪ੍ਰਸ਼ਨ : ਰਬਾਬ ਮੰਗਾਉਨ ਦਾ ਵਿਰਤਾਂਤ
ਪ੍ਰਸ਼ਨ 1. ਆਮ ਲੋਕ ਗੁਰੂ ਨਾਨਕ ਦੇਵ ਜੀ ਬਾਰੇ ਕੀ ਕੁੱਝ ਕਹਿੰਦੇ ਸਨ?
ਉੱਤਰ : ਆਮ ਲੋਕ ਖ਼ੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ-ਪੋਤੇ ਗੁਰੂ ਨਾਨਕ ਦੇਵ ਜੀ ਨੂੰ ਖਾਣ-ਪਹਿਨਣ ਭੁਲਾ ਕੇ ਮਰਦਾਨੇ ਡੂੰਮ ਸਮੇਤ ਜੰਗਲ ਵਿੱਚ ਬੈਠ ਕੇ ਕਰਤਾਰ ਦੇ ਗੁਣ ਗਾਉਂਦਿਆਂ ਤੇ ਹਿੰਦੂਆਂ-ਮੁਸਲਮਾਨਾਂ ਤੋਂ ਵੱਖਰੀ ਚਾਲ ਚਲਦਾ ਦੇਖ ਕੇ ‘ਕੁਰਾਹੀਆ’ ਸਮਝਣ ਲੱਗੇ ਤੇ ਕਹਿਣ ਲੱਗੇ ਕਿ ਉਸ ਦੀ ਮੱਤ ਮਾਰੀ ਗਈ ਹੈ, ਜੋ ਕਿਸੇ ਦੀ ਗੱਲ ਸੁਣਦਾ ਹੀ ਨਹੀਂ।
ਪ੍ਰਸ਼ਨ 2. ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ ਕੀ ਵਿਹਾਰ ਕੀਤਾ?
ਉੱਤਰ : ਮਰਦਾਨਾ ਜਦੋਂ ਪਹਿਲੀ ਵਾਰ ਰਬਾਬ ਲੈਣ ਨਗਰ ਵਿੱਚ ਗਿਆ, ਤਾਂ ਲੋਕਾਂ ਨੇ ਉਸ ਨਾਲ ਬਹੁਤ ਬੁਰਾ ਸਲੂਕ ਕੀਤਾ। ਉਹ ਉਸ ਨੂੰ ਠੱਠਾ ਮਖ਼ੌਲ ਕਰਦੇ ਹੋਏ ਕਹਿਣ ਕਿ ‘ਕੁਰਾਹੀਏ ਦਾ ਡੂੰਮ’ ਆਇਆ ਹੈ। ਕਈ ਉਸ ਨੂੰ ਹੋਰ ਵੀ ਬੁਰੇ-ਭਲੇ ਸ਼ਬਦ ਬੋਲ ਰਹੇ ਸਨ ਤੇ ਕਈਆਂ ਨੇ ਉਸ ਉੱਤੇ ਮਿੱਟੀ ਚੁੱਕ ਕੇ ਸੁੱਟੀ।
ਪ੍ਰਸ਼ਨ 3. ਮਰਦਾਨੇ ਨੇ ਨਗਰ ਵਿੱਚ ਉਸ ਨਾਲ ਜੋ ਬੀਤੀ, ਜਦੋਂ ਗੁਰੂ ਨਾਨਕ ਦੇਵ ਜੀ ਨੂੰ ਸੁਣਾਈ, ਤਾਂ ਗੁਰੂ ਜੀ ਨੇ ਅੱਗੋਂ ਕੀ ਕਿਹਾ?
ਉੱਤਰ : ਗੁਰੂ ਜੀ ਨੇ ਮਰਦਾਨੇ ਨੂੰ ਕਿਹਾ ਕਿ ਉਹ ਲੋਕਾਂ ਤੋਂ ਨਾ ਡਰੇ। ਲੋਕਾਂ ਦਾ ਕੰਮ ਝੱਖ ਮਾਰਨਾ ਹੈ। ਉਹ ਲੋਕਾਂ ਤੋਂ ਬੇਪਰਵਾਹ ਰਹੇ ਤੇ ਸੰਸਾਰ ਦਾ ਨਾ ਬਣੇ ਕਿਉਂਕਿ ਉਨ੍ਹਾਂ ਨੇ ਉਸ ਨੂੰ ਕਰਤਾਰ ਦਾ ਬਣਾਇਆ ਹੈ। ਪਰਮੇਸ਼ਰ ਦੇ ਪਿਆਰਿਆਂ ਦਾ ਲੋਕਾਂ ਦੇ ਝੱਖ ਮਾਰਨ ਨਾਲ ਕੁੱਝ ਨਹੀਂ ਵਿਗੜਦਾ। ਕੁੱਤੇ ਆਪੇ ਭੌਂਕ ਕੇ ਚੁੱਪ ਕਰ ਜਾਂਦੇ ਹਨ।
ਪ੍ਰਸ਼ਨ 4. ਮਰਦਾਨੇ ਅਤੇ ਫਰਹਿੰਦੇ ਰਬਾਬੀ ਦੀ ਆਪਸ ਵਿੱਚ ਹੋਈ ਵਾਰਤਾਲਾਪ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।
ਉੱਤਰ : ਫਰਹਿੰਦੇ ਦੇ ਪੁੱਛਣ ਤੇ ਮਰਦਾਨੇ ਨੇ ਆਪਣਾ ਨਾਂ ਥਾਂ ਦੱਸਦਿਆਂ ਕਿਹਾ ਕਿ ਉਹ ਸਾਧਾਂ ਵਾਲੀ ਬਿਰਤੀ ਧਾਰਨ ਕਰ ਚੁੱਕੇ ਬੇਦੀ ਖੱਤਰੀ ਨਾਨਕ ਨਾਲ ਰਹਿੰਦਾ ਹੈ, ਜੋ ਅਗੰਮ ਦੀ ਬਾਣੀ ਉਚਾਰਦਾ ਹੈ ਤੇ ਉਸ ਨੇ ਉਸ ਨੂੰ ਉਸ ਤੋਂ ਰਬਾਬ ਲੈਣ ਭੇਜਿਆ ਹੈ। ਫਰਹਿੰਦੇ ਨੇ ਗੁਰੂ ਜੀ ਦੇ ਦਰਸ਼ਨਾਂ ਦੀ ਇੱਛਾ ਪ੍ਰਗਟ ਕਰਦਿਆਂ ਮਰਦਾਨੇ ਨੂੰ ਰਬਾਬ ਦੇ ਕੇ ਉਸ ਤੋਂ ਪੈਸੇ ਨਾ ਲਏ ਤੇ ਕਿਹਾ ਕਿ ਇਸ ਦਾ ਵੀ ਉਸ (ਗੁਰੂ ਜੀ) ਨਾਲ ਕੋਈ ਪੁਰਾਣਾ ਸੰਬੰਧ ਹੈ।