ਰਬਾਬ ਮੰਗਾਉਨ ਦਾ ਵਿਰਤਾਂਤ :- ਗਿ: ਦਿੱਤ ਸਿੰਘ
ਵਾਰਤਕ ਭਾਗ : ਜਮਾਤ ਦਸਵੀਂ
ਪ੍ਰਸ਼ਨ. ‘ਰਬਾਬ ਮੰਗਾਉਨ ਦਾ ਵਿਰਤਾਂਤ’ ਪਾਠ ਦਾ ਸਾਰ ਲਿਖੋ।
ਉੱਤਰ : ਵੇਦੀ ਖੱਤਰੀ ਜਾਤ ਨਾਲ ਸੰਬੰਧਿਤ ਭਲਿਆਂ ਦੇ ਪੁੱਤ-ਪੋਤੇ ਗੁਰੂ ਨਾਨਕ ਦੇਵ ਜੀ ਨੂੰ, ਖਾਣ-ਪਹਿਨਣ ਭੁਲਾ ਕੇ ਅਤੇ ਜੰਗਲ ਵਿੱਚ ਬੈਠ ਕੇ ਮਰਦਾਨੇ ਡੂੰਮ ਨੂੰ ਸਾਥੀ ਬਣਾ ਕੇ, ਕਰਤਾਰ ਦੇ ਗੁਣ ਗਾਉਂਦਿਆਂ ਦੇਖ ਕੇ ਹਿੰਦੂ-ਮੁਸਲਮਾਨ ‘ਕੁਰਾਹੀਆ’ ਸੱਦਣ ਲੱਗੇ। ਉਧਰ ਅਕਾਲ ਪੁਰਖ ਦੀ ਪ੍ਰਾਰਥਨਾ ਵਿੱਚ ਨਿਤ ਨਵਾਂ ਸ਼ਬਦ ਗਾਉਣ ਵਾਲੇ ਗੁਰੂ ਜੀ ਨੇ ਮਰਦਾਨੇ ਨੂੰ ਬੀਬੀ ਨਾਨਕੀ ਤੋਂ ਪੈਸੇ ਲੈ ਕੇ ਰਬਾਬ ਨੂੰ ਸਭ ਤੋਂ ਚੰਗਾ ਸਾਜ਼ ਦੱਸਦਿਆਂ ਲਿਆਉਣ ਲਈ ਕਿਹਾ। ਮਰਦਾਨਾ ਬੀਬੀ ਜੀ ਕੋਲ ਗਿਆ ਤੇ ਉਸ ਤੋਂ ਪੈਸਿਆਂ ਦਾ ਭਰੋਸਾ ਲੈ ਕੇ ਗਲੀਆਂ-ਕੂਚਿਆਂ ਵਿੱਚ ਰਬਾਬ ਲੱਭਣ ਲੱਗਾ, ਪਰ ਲੋਕ ਉਸ ਨੂੰ ‘ਕੁਰਾਹੀਏ ਦਾ ਡੂੰਮ’ ਆਦਿ ਕਹਿ ਕੇ ਉਸ ਨਾਲ ਬੁਰਾ ਸਲੂਕ ਕਰਨ ਲੱਗੇ। ਤੰਗ ਆ ਕੇ ਉਸ ਨੇ ਵਾਪਸ ਗੁਰੂ ਜੀ ਕੋਲ ਜਾ ਕੇ ਸਾਰੀ ਗੱਲ ਦੱਸੀ ਤੇ ਗੁਰੂ ਜੀ ਨੇ ਉਸ ਨੂੰ ਲੋਕਾਂ ਵਲੋਂ ਬੇਪਰਵਾਹ ਰਹਿਣ ਲਈ ਕਿਹਾ।
ਕੁੱਝ ਦਿਨਾਂ ਮਗਰੋਂ ਗੁਰੂ ਜੀ ਦੇ ਹੁਕਮ ਅਨੁਸਾਰ ਮਰਦਾਨਾ ਬੀਬੀ ਨਾਨਕੀ ਤੋਂ ਸੱਤ ਰੁਪਏ ਲੈ ਕੇ ਦੁਆਬੇ ਦੇ ਜੱਟਾਂ ਦੇ ਪਿੰਡ ਵਿੱਚ ਫਰਹਿੰਦੇ ਨਾਮੀ ਰਬਾਬੀ ਕੋਲ ਰਬਾਬ ਲੈਣ ਗਿਆ। ਤਿੰਨ ਦਿਨ ਖੁਆਰ ਹੋਣ ਮਗਰੋਂ ਉਸ ਦਾ ਫਰਹਿੰਦੇ ਨਾਲ ਮੇਲ ਹੋਇਆ। ਮਰਦਾਨੇ ਤੋਂ ਗੁਰੂ ਜੀ ਦੇ ਮੂੰਹੋਂ ਗਾਈ ਜਾਣ ਵਾਲੀ ਅਗੰਮ ਦੀ ਬਾਣੀ ਬਾਰੇ ਸੁਣ ਕੇ ਉਸ ਨੇ ਰਬਾਬ ਮਰਦਾਨੇ ਨੂੰ ਦਿੰਦਿਆਂ ਕੀਮਤ ਦੇ ਸੱਤ ਰੁਪਏ ਨਾ ਲਏ ਤੇ ਕਿਹਾ ਕਿ ਇਸ ਦਾ ਉਸ (ਗੁਰੂ ਜੀ) ਨਾਲ ਕੁੱਝ ਪੁਰਾਣਾ ਸੰਬੰਧ ਹੈ।
ਦਰਸ਼ਨਾਂ ਦੀ ਇੱਛਾ ਨਾਲ ਤੀਜੇ ਦਿਨ ਉਹ ਵੀ ਮਰਦਾਨੇ ਨਾਲ ਗੁਰੂ ਜੀ ਕੋਲ ਪੁੱਜਾ ਤੇ ਕਰਤਾਰ ਬਾਰੇ ਗੱਲਾ ਕਰਨ ਮਗਰੋਂ ਉਹ ਗੁਰੂ ਜੀ ਦੇ ਚਰਨਾਂ ਉੱਤੇ ਡਿਗ ਪਿਆ। ਕੁੱਝ ਦਿਨਾਂ ਪਿੱਛੋਂ ਉਸ ਦੇ ਚਲੇ ਜਾਣ ਮਗਰੋਂ ਮਰਦਾਨਾ ਰਬਾਬ ਸੁਰ ਕਰੇ ਪਰ ਉਹ ਬੇਸੁਰ ਹੁੰਦੀ ਜਾਵੇ। ਗੁਰੂ ਜੀ ਦੁਆਰਾ ਉਸ ਨੂੰ ਰਬਾਬ ਵਜਾਉਣ ਲਈ ਕਹਿਣ ‘ਤੇ ਉਸ ਨੇ ਕਿਹਾ ਕਿ ਉਹ ਠੀਕ ਕਰ ਲਵੇ, ਤਾਂ ਜੋ ਚੰਗਾ ਠਾਟ ਬਣ ਜਾਵੇ। ਗੁਰੂ ਜੀ ਨੇ ਕਿਹਾ ਕਿ ਉਸ ਦਾ ਕੰਮ ਵਜਾਉਣਾ ਹੈ, ਠਾਟ ਕਰਨ ਵਾਲਾ ਕਰਤਾਰ ਹੈ। ਇਹ ਸੁਣ ਕੇ ਜਦੋਂ ਮਰਦਾਨੇ ਨੇ ਰਬਾਬ ਵਜਾਈ, ਤਾਂ ਮਿਰਗਾਂ ਨੂੰ ਮਸਤ ਕਰਨ ਵਾਲਾ ਠਾਟ ਬਣ ਗਿਆ ਤੇ ਗੁਰੂ ਜੀ ਨੂੰ ਜਿਹੜੀ ਬਾਣੀ ਆਈ, ਮਰਦਾਨੇ ਨੇ ਉਹੋ ਹੀ ਉਸ ਵਿੱਚ ਮਧੁਰ ਸੁਰ ਨਾਲ ਗਾਈ।
ਔਖੇ ਸ਼ਬਦਾਂ ਦੇ ਅਰਥ
ਭਲਿਆਂ : ਭਲੇ ਲੋਕਾਂ, ਇੱਜ਼ਤਦਾਰਾਂ ।
ਕੁਰਾਹੀਆ : ਰਾਹੋਂ ਭਟਕਿਆ ।
ਗਣਤ : ਰਾਹ ਉੱਤੇ ਤੁਰਨ ਵਾਲਾ ।
ਡੂੰਮ : ਮਰਾਸੀ।
ਫਰਹਿੰਦਾ : ਰਬਾਬੀ ਦਾ ਨਾਂ ।
ਅਗਮ : ਅਪਹੁੰਚ, ਰੂਹਾਨੀ ।
ਠਾਟ : ਸੁਰਾਂ ਦਾ ਬੰਧੇਜ ।