ਯਾਦਾਂ
ਮਨੁੱਖੀ ਮਨ ਕਿਸੇ ਦਰਿਆ ਵਰਗਾ ਹੀ ਤਾਂ ਹੁੰਦਾ ਹੈ। ਇਸੇ ਲਈ ਸੂਫੀ ਕਵੀਂ ਗੁਲਾਮ ਫ਼ਰੀਦ ਨੇ ਲਿਖਿਆ ਹੈ :
ਦਿਲ ਦਰਿਆ ਸਮੁੰਦਰੋਂ ਡੂੰਘੇ
ਕੌਣ ਦਿਲਾਂ ਦੀਆਂ ਜਾਣੇ।
ਵਿੱਚੇ ਬੇੜੀ ਵਿੱਚੇ ਚੱਪੂ
ਵਿੱਚੇ ਵੰਝ ਮੁਹਾਣੇ।
ਉੱਪਰੋਂ ਸ਼ਾਂਤ ਦਿਖਦੇ ਹੋਏ ਵਗਦੇ ਦਰਿਆ ਵਿੱਚ ਕੀ-ਕੀ ਛੁਪਿਆ-ਸਮਾਇਆ ਹੈ ਇਹ ਆਮ ਅੱਖ ਨੂੰ ਨਹੀਂ ਦਿਖਦਾ। ਇਸ ਸਮੁੰਦਰ ਵਿੱਚੋਂ ਉੱਠੇ ਤੂਫ਼ਾਨ ਕਈ ਵਾਰ ਸਫ਼ੀਨੇ (The Black Book/Summons of law court) ਡੋਬ ਦਿੰਦੇ ਹਨ ਤੇ ਇਹੋ ਸਮੁੰਦਰ ਸਾਨੂੰ ਕੁਦਰਤ ਦੀ ਸੁੰਦਰਤਾ ਵੀ ਦਿਖਾਉਂਦਾ ਹੈ। ਸਮੁੰਦਰੀ ਜਹਾਜ਼ ਵਿੱਚ ਬੈਠਿਆਂ ਜਾਂ ਕਿਨਾਰੇ ਤੇ ਖੜੋਤਿਆਂ ਬੜਾ ਦਿਲਕਸ਼ ਨਜ਼ਾਰਾ ਦਿਖਦਾ ਹੈ। ਲੱਗਦਾ ਹੈ ਜਿਵੇਂ ਬੱਦਲ ਇਸ ਵਿੱਚੋਂ ਪਾਣੀ ਦੀਆਂ ਪੰਡਾਂ ਬੰਨ੍ਹ-ਬੰਨ੍ਹ ਕੇ ਲਿਜਾ ਰਹੇ ਹੋਣ।
ਇਹ ਵਗਦੇ ਪਾਣੀ ਵੀ ਯਾਦਾਂ ਵਰਗੇ ਜਾਪਦੇ ਹਨ। ਅਣਭੋਲ ਉਮਰ ਤੋਂ ਲੈ ਕੇ ਮਨੁੱਖੀ ਜੀਵਨ ਦੇ ਅੰਤ ਤੱਕ ਇਹ ਯਾਦਾਂ ਮਨੁੱਖ ਦੇ ਨਾਲ ਰਹਿੰਦੀਆਂ ਹਨ ਬਸ਼ਰਤੇ ਕਿ ਉਸ ਦੇ ਹੋਸ਼ੋ ਹਵਾਸ ਕਾਇਮ ਰਹਿਣ। ਕੁਝ ਯਾਦਾਂ ਪਾਤਾਵੇ (inner sole of shoe) ਵਿੱਚ ਚੁਭੇ ਪੁੱਠੇ ਕੰਡੇ ਵਰਗੀਆਂ ਹੁੰਦੀਆਂ ਹਨ ਜੋ ਜਿਗਰ ‘ਚ ਚੁਭੀਆਂ ਤਾਂ ਸਾਰੀ ਉਮਰ ਅਸਹਿ ਤੇ ਅਕਹਿ ਪੀੜ ਦਿੰਦੀਆਂ ਹਨ। ਕੁਝ ਉਹ ਯਾਦਾਂ ਹੁੰਦੀਆਂ ਹਨ ਜੋ ਸਦਾਬਹਾਰ ਫੁੱਲਾਂ ਵਰਗੀਆਂ ਹੁੰਦੀਆਂ ਹਨ, ਉਹ ਇਨਸਾਨੀ ਰੂਹ ਨੂੰ ਸਦਾ ਖੁਸ਼ੀਆਂ ਖੇੜੇ ਬਖ਼ਸ਼ਦੀਆਂ ਹਨ। ਅਜਿਹੀਆਂ ਯਾਦਾਂ ਤਾਂ ਕਈ ਵਾਰ ਘਰ ਉਦਾਸੀ ਵਿੱਚ ਡੁੱਬੇ ਵਿਅਕਤੀ ਨੂੰ ਵੀ ਮੁਸਕੁਰਾਉਣ ਲਈ ਮਜਬੂਰ ਕਰ ਦਿੰਦੀਆਂ ਹਨ।
ਯਾਦਾਂ ਨਦੀ ਦੇ ਵਹਿਣ ਵਾਂਗ ਹੀ ਹੁੰਦੀਆਂ ਹਨ ਜੋ ਕਿਸੇ ਸਮੇਂ ਉਦਾਸੀ ਨੂੰ ਪੀਲੇ ਸੁੱਕੇ ਪੱਤੇ ਵਾਂਗ ਵਹਾ ਕੇ ਲੈ ਜਾਂਦੀਆਂ ਹਨ। ਉਦਾਸ ਮਨ ਵੀ ਖੇੜੇ ‘ਚ ਆ ਜਾਂਦਾ ਹੈ। ਜੇ ਇਹ ਯਾਦਾਂ ਦਾ ਸਰਮਾਇਆ ਨਾ ਹੋਵੇ ਤਾਂ ਮਨੁੱਖ ਜਿੰਦਗੀ ਦੇ ਤਪਦੇ ਤਵੇ ‘ਤੇ ਪਿਆ ਇੱਕ ਪਾਸੀ ਰੋਟੀ ਵਾਂਗ ਸੜਦਾ ਰਹੇ। ਯਾਦਾਂ ਦੇ ਵਹਿਣ ਬਿਨਾਂ ਜੀਵਨ ਖੜੇ ਪਾਣੀ ਵਾਂਗ ਬੁਸਕੇ ਰਹਿ ਜਾਵੇ।