ਮ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ
ਮੁਹਾਵਰਿਆ ਦੀ ਵਾਕਾਂ ਵਿਚ ਵਰਤੋਂ
ਮੱਖਣ ਵਿੱਚੋਂ ਵਾਲ ਵਾਂਙੂ ਕੱਢਣਾ (ਆਸਾਨੀ ਨਾਲ ਦੁਸ਼ਮਣ ਨੂੰ ਹਰਾ ਦੇਣਾ) – ਮਹਿੰਗੇ ਨੇ ਸੁਰਜੀਤ ਨੂੰ ਆਪਣੇ ਕਾਰੋਬਾਰ ਵਿੱਚੋਂ ਮੱਖਣ ਵਿੱਚੋਂ ਵਾਲ ਵਾਂਙੂ ਕੱਢ ਦਿੱਤਾ ।
ਮਗਰਮੱਛ ਦੇ ਅੱਥਰੂ ਵਹਾਉਣਾ (ਹਮਦਰਦੀ ਦਾ ਪਾਖੰਡ ਕਰਨਾ) – ਰਾਜਸੀ ਲੀਡਰਾਂ ਨੂੰ ਆਮ ਲੋਕਾਂ ਦੇ ਕਤਲਾਂ ਦਾ ਕੋਈ ਦੁੱਖ ਨਹੀਂ ਹੁੰਦਾ। ਉਹ ਤਾਂ ਆਪਣੀਆਂ ਵੋਟਾਂ ਪੱਕੀਆਂ ਕਰਨ ਖ਼ਾਤਰ ਮਗਰਮੱਛ ਦੇ ਅੱਥਰੂ ਵਹਾਉਂਦੇ ਹਨ ।
ਮੱਛੀ ਵਿਕਣਾ (ਬਹੁਤ ਰੌਲਾ ਪੈਣਾ) – ਸਭਾ ਵਿੱਚ ਜਦੋਂ ਝਗੜਾ ਖੜ੍ਹਾ ਹੋ ਗਿਆ, ਤਾਂ ਸਾਰੇ ਆਪੋ ਆਪਣੀ ਬੋਲੀ ਬੋਲਣ ਲੱਗੇ । ਕੋਈ ਕਿਸੇ ਦੀ ਸੁਣਦਾ ਨਹੀਂ ਸੀ । ਬੱਸ ਮੱਛੀ ਵਿਕ ਰਹੀ ਸੀ ।
ਮੱਥਾ ਠਣਕਣਾ (ਖ਼ਤਰੇ ਦਾ ਸ਼ੱਕ ਪੈਣਾ) – ਜਦੋਂ ਅਸੀਂ ਦਿੱਲੀ ਜਾਣ ਲਈ ਘਰੋਂ ਤੁਰਨ ਲੱਗੇ ਸਾਂ, ਤਾਂ ਗਲੀ ਵਿੱਚ ਕਿਸੇ ਨੇ ਨਿੱਛ ਮਾਰੀ ਸੀ । ਮੇਰਾ ਤਾਂ ਉਦੋਂ ਹੀ ਮੱਥਾ ਠਣਕਿਆ ਸੀ ਤੇ ਮੈਂ ਸੋਚਿਆ ਸੀ ਕਿ ਸਾਨੂੰ ਹੁਣ ਜਾਣਾ ਨਹੀਂ ਚਾਹੀਦਾ । ਜੇ ਨਾ ਜਾਂਦੇ, ਤਾਂ ਸ਼ਾਇਦ ਅਸੀਂ ਦੁਰਘਟਨਾ ਤੋਂ ਬਚ ਜਾਂਦੇ ।
ਮਨ ਦੇ ਲੱਡੂ ਭੋਰਨੇ (ਮਨ ਵਿੱਚ ਖ਼ੁਸ਼ ਹੋਣਾ) — ਉਸ ਨੇ ਆਪਣੀ ਖ਼ੁਸ਼ੀ ਦਾ ਬਹੁਤਾ ਪ੍ਰਗਟਾਵਾ ਨਹੀਂ ਕੀਤਾ, ਬਸ ਮਨ ਵਿਚ ਲੱਡੂ ਭੋਰ ਰਿਹਾ ਸੀ।
ਮਰਨ ਦੀ ਵਿਹਲ ਨਾ ਹੋਣੀ (ਬਹੁਤ ਰੁਝੇਵਾਂ ਹੋਣਾ) – ਅੱਜ-ਕਲ੍ਹ ਮੇਰੇ ਸਿਰ ‘ਤੇ ਇੰਨਾ ਕੰਮ ਸਵਾਰ ਹੈ ਕਿ ਮਰਨ ਦੀ ਵਿਹਲ ਨਹੀਂ।
ਮਿੱਟੀ ਪਲੀਤ ਹੋਣੀ (ਅਪਮਾਨ ਹੋਣਾ) — ਉਸਨੇ ਸਾਡਾ ਸਕਾ ਹੋ ਕੇ ਵੀ ਪੰਚਾਇਤ ਵਿੱਚ ਸਾਡੀ ਮਿੱਟੀ ਪਲੀਤ ਕਰਨ ਵਿੱਚ ਕੋਈ ਕਸਰ ਨਾ ਛੱਡੀ।
ਮਿਰਚ ਮਸਾਲਾ ਲਾ ਕੇ (ਵਧਾ-ਚੜ੍ਹਾ ਕੇ ਤੇ ਸੁਆਦੀ ਬਣਾ ਕੇ)— ਗੁਰਬਖਸ਼ ਨੇ ਸਾਨੂੰ ਗੁਲਵੰਤ ਦਾ ਰਿਸ਼ਤਾ ਟੁੱਟਣ ਦੀ ਗੱਲ ਖ਼ੂਬ ਮਿਰਚ ਮਸਾਲਾ ਲਾ ਕੇ ਸੁਣਾਈ ।
ਮੁੱਛ ਦਾ ਵਾਲ ਬਣਨਾ (ਨਿਕਟਵਰਤੀ ਬਣਨਾ) – ਮੇਰਾ ਗੁਆਂਢੀ ਆਪਣੇ ਪ੍ਰੇਮ ਭਰੇ ਵਤੀਰੇ ਨਾਲ ਮੇਰੀ ਮੁੱਛ ਦਾ ਵਾਲ ਬਣ ਗਿਆ ਹੈ।
ਮੂੰਹ ਸਿਊਣਾ (ਚੁੱਪ ਰਹਿਣਾ) — ਤੂੰ ਉੱਥੇ ਜ਼ਰਾ ਆਪਣਾ ਮੂੰਹ ਸਿਉਂ ਕੇ ਰੱਖੀਂ। ਇਹ ਨਾ ਹੋਵੇ ਕਿ ਤੇਰੇ ਮੂੰਹੋਂ ਉਲਟੀ ਸਿੱਧੀ ਨਿਕਲ ਜਾਵੇ ਤੇ ਕੰਮ ਵਿਗੜ ਜਾਵੇ।
ਮੂੰਹ ਵਿੱਚ ਉਂਗਲੀ ਪਾਉਣਾ (ਹੈਰਾਨ ਹੋਣਾ) – ਜਾਦੂਗਰ ਦੇ ਖੇਲ੍ਹ ਦੇਖ ਕੇ ਬੱਚੇ ਮੂੰਹ ਵਿੱਚ ਉਂਗਲੀ ਪਾ ਰਹੇ ਸਨ।
ਮੂੰਹ ਚਿੱਤ ਲੱਗਣਾ (ਸੋਹਣਾ ਹੋਣ ਕਰ ਕੇ ਪਸੰਦ ਆਉਣਾ) – ਮਨਿੰਦਰ ਬੜੀ ਮੂੰਹ ਚਿੱਤ ਲਗਦੀ ਕੁੜੀ ਹੈ । ਮੈਂ ਤਾਂ ਉਸ ਨੂੰ ਆਪਣੀ ਨੂੰਹ ਬਣਾ ਕੇ ਘਰ ਲੈ ਆਉਣਾ ਹੈ।
ਮੂੰਹ ਤੋੜ ਜਵਾਬ ਦੇਣਾ (ਕਰਾਰਾ ਜਵਾਬ ਦੇਣਾ) – ਭਾਰਤ ਪਾਕਿਸਤਾਨ ਦੀ ਹਰ ਧਮਕੀ ਦਾ ਮੂੰਹ ਤੋੜ ਜਵਾਬ ਦੇਵੇਗਾ।
ਮੂੰਹ ਦਿਖਾਉਣ ਜੋਗਾ ਨਾ ਰਹਿ ਜਾਣਾ (ਬਹੁਤ ਸ਼ਰਮਿੰਦਾ ਮਹਿਸੂਸ ਕਰਨਾ)— ਆਪਣੇ ਪੁੱਤਰ ਦੇ ਭੈੜੇ ਕੰਮਾਂ ਕਰਕੇ ਮੈਂ ਕਿਤੇ ਮੂੰਹ ਦਿਖਾਉਣ ਜੋਗਾ ਨਹੀਂ ਰਹਿ ਗਿਆ।
ਮੂੰਹ ਨਾ ਲਾਉਣਾ (ਸੰਬੰਧ ਨਾ ਰੱਖਣਾ) – ਮੈਂ ਤੇਰੇ ਵਰਗੇ ਹੇਰਾ-ਫੇਰੀ ਕਰਨ ਵਾਲੇ ਰਿਸ਼ਤੇਦਾਰ ਨੂੰ ਮੂੰਹ ਨਹੀਂ ਲਾਉਂਦਾ।
ਮੂੰਹ ਨੂੰ ਲਹੂ ਲੱਗਣਾ (ਅਣਕਮਾਏ ਧਨ ਦਾ ਚਸਕਾ ਪੈਣਾ) – ਸਰਕਾਰੀ ਦਫ਼ਤਰਾਂ ਦੇ ਕਲਰਕਾਂ ਦੇ ਮੂੰਹ ਨੂੰ ਲਹੂ ਲੱਗਾ ਹੋਇਆ ਹੈ। ਉਨ੍ਹਾਂ ਨੂੰ ਪੈਸੇ ਦੇ ਕੇ ਜਿਹੜਾ ਮਰਜ਼ੀ ਕੰਮ ਕਰਾ ਲਵੋ।
ਮੂੰਹ ਫੁਲਾਉਣਾ (ਰੋਸ ਪ੍ਰਗਟਾਉਣਾ) — ਮੈਂ ਤਾਂ ਉਸ ਨੂੰ ਕੁੱਝ ਨਹੀਂ ਕਿਹਾ, ਪਤਾ ਨਹੀਂ ਉਹ ਕਿਉਂ ਮੂੰਹ ਫੁਲਾ ਕੇ ਬਹਿ ਗਈ।
ਮੂੰਹ ਵਿੱਚ ਪਾਣੀ ਭਰ ਆਉਣਾ (ਲਲਚਾਉਣਾ) – ਮਠਿਆਈ ਨੂੰ ਦੇਖ ਕੇ ਮੇਰੇ ਮੂੰਹ ਵਿੱਚ ਪਾਣੀ ਭਰ ਆਇਆ।
ਮੂੰਹੋਂ ਕੱਢ ਕੇ ਦੇਣਾ (ਆਪਣੇ ਨਾਲੋਂ ਦੂਜੇ ਦੀ ਲੋੜ ਨੂੰ ਪਹਿਲ ਦੇਣਾ) – ਮਾਪੇ ਆਪਣੇ ਬੱਚਿਆਂ ਨੂੰ ਪਾਲਣ ਲਈ ਮੂੰਹੋਂ ਕੱਢ ਕੇ ਦਿੰਦੇ ਹਨ । ਪਰ ਉਹ ਜਦੋਂ ਵੱਡੇ ਹੋ ਜਾਂਦੇ ਹਨ, ਤਾਂ ਉਹ ਮਾਪਿਆਂ ਦੀ ਪ੍ਰਵਾਹ ਨਹੀਂ ਕਰਦੇ ।
ਮੁੱਠੀ ਗਰਮ ਕਰਨੀ (ਵੱਢੀ ਦੇਣੀ) – ਇੱਥੇ ਤਾਂ ਛੋਟੇ ਤੋਂ ਛੋਟਾ ਕੰਮ ਕਰਾਉਣ ਲਈ ਸਰਕਾਰੀ ਅਫ਼ਸਰਾਂ ਦੀ ਮੁੱਠੀ ਗਰਮ ਕਰਨੀ ਪੈਂਦੀ ਹੈ ।
ਮੱਖੀਆਂ ਮਾਰਨੀਆਂ (ਵਿਹਲੇ ਰਹਿਣਾ) – ਅਵਤਾਰ ਨੌਕਰੀ ਨਾ ਮਿਲਣ ਕਰ ਕੇ ਘਰ ਬੈਠਾ ਮੱਖੀਆਂ ਮਾਰਦਾ ਰਹਿੰਦਾ ਹੈ।
ਮੌਲਾ ਬਖ਼ਸ਼ ਫੇਰਨਾ (ਡੰਡਾ ਫੇਰਨਾ) – ਸੁਰਿੰਦਰ ਕਲਾਸ ਵਿੱਚ ਹਰ ਵੇਲੇ ਸ਼ਰਾਰਤਾਂ ਕਰਦਾ ਹੀ ਰਹਿੰਦਾ ਸੀ, ਪਰ ਜਦੋਂ ਦਾ ਮਾਸਟਰ ਜੀ ਨੇ ਉਸ ਦੇ ਮੌਲਾ ਬਖ਼ਸ਼ ਫੇਰਿਆ ਹੈ, ਉਹ ਭਿੱਜੀ ਬਿੱਲੀ ਵਾਂਗ ਬੈਠਾ ਰਹਿੰਦਾ ਹੈ ।
ਮੂੰਹ ਦੀ ਖਾਣੀ (ਹਾਰ ਜਾਣਾ) – ਪਾਕਿਸਤਾਨ ਨੇ ਭਾਰਤ ‘ਤੇ ਜਿੰਨੀ ਵਾਰ ਹਮਲਾ ਕੀਤਾ ਹੈ, ਓਨੀ ਵਾਰ ਮੂੰਹ ਦੀ ਖਾਧੀ ਹੈ।
ਮੱਸ ਫੁੱਟਣੀ (ਦਾੜ੍ਹੀ ਆਉਣੀ) – ਰਾਂਝੇ ਦੇ ਅਜੇ ਮੱਸ ਹੀ ਫੁੱਟੀ ਸੀ, ਜਦੋਂ ਉਹਨੂੰ ਘਰੋਂ ਕੱਢ ਦਿੱਤਾ ਗਿਆ।
ਮੱਖੀ ਤੇ ਮੱਖੀ ਮਾਰਨੀ (ਇੰਨ-ਬਿੰਨ ਨਕਲ ਮਾਰਨੀ)—ਮੈਥੋਂ ਉਸ ਦਾ ਸਿਰਨਾਮਾ ਪੜ੍ਹ ਤਾਂ ਨਹੀਂ ਸੀ ਹੁੰਦਾ, ਪਰ ਮੈਂ ਮੱਖੀ ਤੇ ਮੱਖੀ ਮਾਰ ਕੇ ਲਿਖ ਹੀ ਦਿੱਤਾ ।
ਮੁੰਹ ਮੋਟਾ ਕਰਨਾ (ਰੁੱਸ ਜਾਣਾ) — ਹਰਪ੍ਰੀਤ ਤਾਂ ਜ਼ਰਾ ਜਿੰਨੀ ਗੱਲ ‘ਤੇ ਮੂੰਹ ਮੋਟਾ ਕਰ ਲੈਂਦੀ ਹੈ ਤੇ ਫਿਰ ਸਹਿਜੇ ਕੀਤੇ ਮੰਨਦੀ ਨਹੀਂ ।
ਮੈਦਾਨ ਮਾਰਨਾ (ਜਿੱਤ ਪ੍ਰਾਪਤ ਕਰ ਲੈਣੀ) – ਮਹਾਰਾਜੇ ਦੀ ਫ਼ੌਜ ਨੇ ਦੁਸ਼ਮਣ ਦੇ ਕਿਲ੍ਹੇ ਨੂੰ ਘੇਰ ਕੇ ਤਿੰਨ ਦਿਨ ਲਹੂ-ਵੀਟਵੀਂ ਲੜਾਈ ਕੀਤੀ ਤੇ ਆਖਰ ਮੈਦਾਨ ਮਾਰ ਹੀ ਲਿਆ।
ਮੂੰਹ ਅੱਡਣਾ (ਲਾਲਚ ਕਰਨਾ) – ਬਹੁਤਾ ਮੂੰਹ ਅੱਡੋਗੇ, ਤਾਂ ਉਸ ਵਿੱਚ ਮੱਖੀਆਂ ਹੀ ਪੈਣਗੀਆਂ।
ਮਿਰਚਾਂ ਲੱਗਣੀਆਂ (ਗੱਲ ਬੁਰੀ ਲੱਗਣੀ) – ਮੇਰੇ ਮੂੰਹੋਂ ਖ਼ਰੀਆਂ ਖ਼ਰੀਆਂ ਸੁਣ ਕੇ ਸ਼ਾਮੇ ਨੂੰ ਬੜੀਆਂ ਮਿਰਚਾਂ ਲੱਗੀਆਂ।
ਮੱਥੇ ਵੱਟ ਪਾਉਣੇ (ਗੁੱਸੇ ਹੋਣਾ)— ਮੈਂ ਤਾਂ ਗੁਰਚਰਨ ਨੂੰ ਕੋਈ ਉੱਚੀ-ਨੀਵੀਂ ਕਹੀ ਨਹੀਂ, ਪਤਾ ਨਹੀਂ ਉਸ ਨੇ ਕਿਉਂ ਮੱਥੇ ਵੱਟ ਪਾ ਲਿਆ।