ਮੱਛੀ ਪਾਲਣ ਅਫ਼ਸਰ ਨੂੰ ਪੱਤਰ


ਤੁਸੀਂ ਮੱਛੀ-ਪਾਲਣ ਦਾ ਕਾਰੋਬਾਰ ਕਰਨਾ ਚਾਹੁੰਦੇ ਹੋ। ਆਪਣੇ ਜ਼ਿਲ੍ਹੇ ਦੇ ਮੱਛੀ-ਪਾਲਣ ਅਫ਼ਸਰ ਨੂੰ ਆਪਣੀ ਯੋਗਤਾ ਦੱਸਦੇ ਹੋਏ ਸਰਕਾਰ ਵੱਲੋਂ ਮਿਲਦੀ ਸਬਸਿਡੀ ਤੇ ਹੋਰ ਸਹੂਲਤਾਂ ਬਾਰੇ ਪੱਤਰ ਰਾਹੀਂ ਜਾਣਕਾਰੀ ਦੀ ਮੰਗ ਕਰੋ।


ਪਿੰਡ ਤੇ ਡਾਕਘਰ………..,

ਜ਼ਿਲ੍ਹਾ…………।

ਮਿਤੀ: 15 ਅਪਰੈਲ, 20……

ਸੇਵਾ ਵਿਖੇ

ਜ਼ਿਲ੍ਹਾ ਮੱਛੀ-ਪਾਲਣ ਅਫ਼ਸਰ,

ਜਲੰਧਰ।

ਵਿਸ਼ਾ : ਮੱਛੀ-ਪਾਲਣ ਲਈ ਸਰਕਾਰ ਵੱਲੋਂ ਮਿਲਦੀ ਸਬਸਿਡੀ ਅਤੇ ਹੋਰ ਸਹੂਲਤਾਂ ਦੀ ਜਾਣਕਾਰੀ ਬਾਰੇ।

ਸ੍ਰੀਮਾਨ ਜੀ,

ਬੇਨਤੀ ਹੈ ਕਿ ਮੈਂ ਬੀ. ਐੱਸ-ਸੀ. ਪਾਸ ਬੇਰੁਜ਼ਗਾਰ ਨੌਜਵਾਨ ਹਾਂ ਅਤੇ ਮੱਛੀ-ਪਾਲਣ ਦਾ ਕੰਮ ਕਰਨਾ ਚਾਹੁੰਦਾ ਹਾਂ। ਮੈਨੂੰ ਪਤਾ ਲੱਗਾ ਹੈ ਕਿ ਸਰਕਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਮੱਛੀ-ਪਾਲਣ ਲਈ ਸਬਸਿਡੀ ਅਤੇ ਕਰਜ਼ੇ ਦੇ ਰੂਪ ਵਿੱਚ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਸੰਬੰਧ ਵਿੱਚ ਮੈਂ ਆਪ ਜੀ ਪਾਸੋਂ ਇਹ ਜਾਣਕਾਰੀ ਪ੍ਰਾਪਤ ਕਰਨੀ ਚਾਹੁੰਦਾ ਹਾਂ ਕਿ ਸਰਕਾਰ ਕਿੰਨੀ ਕੁ ਵਿੱਤੀ ਸਹਾਇਤਾ ਪ੍ਰਦਾਨ ਕਰਦੀ ਹੈ ਅਤੇ ਇਹ ਵਿੱਤੀ ਸਹਾਇਤਾ ਪ੍ਰਾਪਤ ਕਰਨ ਲਈ ਕਿਹੜੀਆਂ ਸ਼ਰਤਾਂ ਹਨ?

ਮੱਛੀ-ਪਾਲਣ ਦਾ ਕੰਮ ਸ਼ੁਰੂ ਕਰਨ ਲਈ ਨਿੱਜੀ ਪੱਧਰ ‘ਤੇ ਮੇਰੇ ਕੋਲ ਹੇਠ ਦਿੱਤੀਆਂ ਸਹੂਲਤਾਂ ਹਨ :

1. ਮੇਰੇ ਕੋਲ ਨਹਿਰ ਨਾਲ ਲੱਗਦੀ ਲੋੜੀਂਦੀ ਜ਼ਮੀਨ ਹੈ।

2. ਲਗਪਗ ਪੰਜਾਹ ਹਜ਼ਾਰ ਰੁਪਏ ਮੈਂ ਆਪਣੇ ਕੋਲੋਂ ਵੀ ਲਗਾ ਸਕਦਾ ਹਾਂ।

3. ਪੈਦਾ ਹੋਈ ਮੱਛੀ ਨੂੰ ਜਲੰਧਰ ਦੀ ਮੰਡੀ ਵਿੱਚ ਸਪਲਾਈ ਕਰਨ ਦੀ ਸਹੂਲਤ ਹੈ।

4. ਲੋੜੀਂਦੀ ਲੇਬਰ ਪਿੰਡ ਵਿੱਚੋਂ ਅਸਾਨੀ ਨਾਲ ਮਿਲ ਸਕਦੀ ਹੈ।

ਮੈਂ ਮੱਛੀ-ਪਾਲਣ ਲਈ ਤੁਹਾਡੇ ਵਿਭਾਗ ਵੱਲੋਂ ਦਿੱਤੀ ਜਾਂਦੀ ਲੋੜੀਂਦੀ ਟ੍ਰੇਨਿੰਗ ਲੈਣ ਲਈ ਤਿਆਰ ਹਾਂ।

ਆਸ ਹੈ ਤੁਸੀਂ ਇਸ ਸੰਬੰਧ ਵਿੱਚ ਵੇਰਵੇ ਸਹਿਤ ਜਾਣਕਾਰੀ ਦਿਓਗੇ।

ਧੰਨਵਾਦ ਸਹਿਤ,

ਆਪ ਜੀ ਦਾ ਵਿਸ਼ਵਾਸਪਾਤਰ,

ਪ੍ਰਦੀਪ ਕੁਮਾਰ