CBSEClass 9th NCERT PunjabiEducationPunjab School Education Board(PSEB)

ਮੌਨਧਾਰੀ – ਵੱਡੇ ਉੱਤਰ ਵਾਲੇ ਪ੍ਰਸ਼ਨ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪ੍ਰਸ਼ਨ 1 . ‘ਮੌਨਧਾਰੀ’ ਇਕਾਂਗੀ ਦੇ ਵਿਸ਼ੇ ਜਾਂ ਸਮੱਸਿਆ ਬਾਰੇ ਜਾਣਕਾਰੀ ਦਿਓ ।

ਉੱਤਰ – ਈਸ਼ਵਰ ਚੰਦਰ ਨੰਦਾ ਦਾ ਇਕਾਂਗੀ ‘ਮੌਨਧਾਰੀ’ ਵਹਿਮਾਂ – ਭਰਮਾਂ ਪ੍ਰਤਿ ਚੇਤਨਾ ਨੂੰ ਪ੍ਰਗਟਾਉਂਦਾ ਹੈ। ਇਸ ਦੇ ਨਾਲ ਹੀ ਇਕਾਂਗੀਕਾਰ ਨੇ ਭ੍ਰਿਸ਼ਟ ਲੋਕਾਂ ਦੇ ਕਿਰਦਾਰ ਨੂੰ ਵੀ ਪੇਸ਼ ਕੀਤਾ ਹੈ ਅਤੇ ਪੁਲਿਸ ਦੀ ਸਫਲ ਕਾਰਗੁਜਾਰੀ ਨੂੰ ਵੀ ਪ੍ਰਗਟਾਇਆ ਹੈ।

ਗਬਨ ਦੇ ਕੰਮ ਵਿੱਚ ਫਸਿਆ ਰਾਮ ਪਿਆਰੀ ਦਾ ਭਣੇਵਾ ਮਦਨ ਲਾਲ ਪੁਲਿਸ ਤੋਂ ਲੁਕਦਾ ਉਸ ਦੇ ਘਰ ਆ ਜਾਂਦਾ ਹੈ। ਹਰੀ ਚੰਦ ਜੋ ਬਿਮਾਰੀ ਤੋਂ ਪਹਿਲਾਂ ਹੀ ਪਰੇਸ਼ਾਨ ਹੈ ਮਦਨ ਲਾਲ ਨੂੰ ਪਨਾਹ ਦੇਣ ਨੂੰ ਇੱਕ ਹੋਰ ਮੁਸੀਬਤ ਸਮਝਦਾ ਹੈ।

ਦੂਸਰੇ ਪਾਸੇ ਹਰੀ ਚੰਦ ਦਾ ਪੁੱਤਰ ਕਿਸ਼ੋਰ ਸਰਕਾਰੀ ਮੁਲਾਜ਼ਮ ਹੈ ਅਤੇ ਵਹਿਮਾਂ – ਭਰਮਾਂ ਦੇ ਵਿਰੁੱਧ ਹੈ। ਉਹ ਘਰ ਆਏ ਸਾਧੂਆਂ ਨੂੰ ਬੁਰਾ – ਭਲਾ ਕਹਿੰਦਾ ਹੈ ਅਤੇ ਉਹਨਾਂ ਨੂੰ ਘਰੋਂ ਨਿਕਲ ਜਾਣ ਲਈ ਆਖਦਾ ਹੈ।

ਅਸਲੀਅਤ ਇਹ ਹੈ ਕਿ ਸਾਧੂ ਪੁਲਿਸ ਮੁਲਾਜ਼ਮ ਹਨ ਅਤੇ ਮਦਨ ਲਾਲ ਨੂੰ ਫੜਨ ਲਈ ਹੀ ਸਾਰਾ ਨਾਟਕ ਰਚਦੇ ਹਨ। ਇਸ ਤਰ੍ਹਾਂ ਇਹ ਇਕਾਂਗੀ ਵਹਿਮਾਂ – ਭਰਮਾਂ ਦੀ ਸਮੱਸਿਆ, ਗਬਨ ਕਰਨ ਵਾਲੇ ਲੋਕਾਂ ਦੇ ਚਰਿੱਤਰ ਅਤੇ ਉਹਨਾਂ ਵਿਰੁੱਧ ਪੁਲਿਸ ਦੀ ਸਫਲ ਕਾਰਗੁਜ਼ਾਰੀ ਨੂੰ ਪ੍ਰਗਟਾਉਂਦਾ ਹੈ।

ਪ੍ਰਸ਼ਨ 2 . ਮਦਨ ਲਾਲ ਆਪਣੇ ਨਾਲ ਬੀਤੀ ਬਾਰੇ ਮਾਸੀ ਨੂੰ ਕੀ ਜਾਣਕਾਰੀ ਦਿੰਦਾ ਹੈ ?

ਉੱਤਰ – ਮਦਨ ਲਾਲ ਆਪਣੀ ਮਾਸੀ ਨੂੰ ਦੱਸਦਾ ਹੈ ਕਿ ਉਸ ਨੂੰ ਘਰੋਂ ਨਿਕਲੇ ਨੂੰ ਤੀਜਾ – ਚੌਥਾ ਮਹੀਨਾ ਹੋਇਆ ਹੈ। ਉਹ ਦੱਸਦਾ ਹੈ ਕਿ ਉਹ ਚੋਰ ਨਹੀਂ ਅਤੇ ਨਾਂ ਹੀ ਉਸ ਨੇ ਗਬਨ ਕੀਤਾ ਹੈ।

ਉਸ ਦੇ ਦਫ਼ਤਰ ਦੇ ਕਲਰਕ ਭੂਸ਼ਣ ਨੇ ਉਸ ਨੂੰ ਫੁਸਲਾਇਆ ਤੇ ਅੱਧ ਦੇਣ ਦਾ ਲਾਲਚ ਦਿੱਤਾ। ਇਸ ਤਰ੍ਹਾਂ ਉਸ ਦੀ ਅਕਲ ਮਾਰੀ ਗਈ।

ਭੂਸ਼ਣ ਅਠਤਾਲੀ ਹਜ਼ਾਰ ਰੁਪਏ ਲੈ ਕੇ ਭੱਜ ਗਿਆ ਪਰ ਪੁਲਿਸ ਵੱਲੋਂ ਫੜਿਆ ਗਿਆ। ਉਸ ਨੇ ਕਹਿ ਦਿੱਤਾ ਕਿ ਪੈਸੇ ਮਦਨ ਲਾਲ ਕੋਲ ਹਨ। ਇਸ ਲਈ ਪੁਲਿਸ ਉਸ ਦੇ ਪਿੱਛੇ ਪਈ ਹੋਈ ਹੈ।

ਉਹ ਡਰਦਾ ਹੈ ਕਿ ਪੁਲਿਸ ਨੇ ਉਸ ਦੇ ਹੱਡ ਭੰਨ ਸੁੱਟਣੇ ਹਨ। ਉਸ ਤੋਂ ਪੁਲਿਸ ਦੀ ਮਾਰ ਝੱਲੀ ਨਹੀਂ ਜਾਣੀ ਤੇ ਉਹ ਮਰ ਜਾਵੇਗਾ।

ਪ੍ਰਸ਼ਨ 3 . ਡਾਕਟਰ ਹਰੀ ਚੰਦ ਦੀ ਬਿਮਾਰੀ ਬਾਰੇ ਕੀ ਦੱਸਦਾ ਹੈ ?

ਉੱਤਰ – ਜਦ ਹਰੀ ਚੰਦ ਡਾਕਟਰ ਤੋਂ ਦਵਾਈ ਲੈ ਕੇ ਵਾਪਸ ਆਉਂਦਾ ਹੈ ਤਾਂ ਰਾਮ ਪਿਆਰੀ ਪੁੱਛਦੀ ਹੈ ਕਿ ਡਾਕਟਰ ਨੇ ਦਸ ਬਿਮਾਰੀਆਂ ਗਿਣਾਈਆਂ ਹਨ ; ਜਿਵੇਂ ਦਿਲ ਦੀ ਖ਼ਰਾਬੀ, ਖ਼ੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, ਬਾਰਾਂ – ਮਾਸੀ ਜੁਕਾਮ ਆਦਿ।

ਰਾਮ ਪਿਆਰੀ ਪੁੱਛਦੀ ਹੈ ਕਿ ਡਾਕਟਰ ਨੇ ਕੋਈ ਦਵਾਈ ਦਿੱਤੀ ਹੈ ?

ਹਰੀ ਚੰਦ ਦੱਸਦਾ ਹੈ ਕਿ ਡਾਕਟਰ ਨੇ ਪੀਣ ਲਈ ਦਵਾਈ ਤੋਂ ਬਿਨਾਂ ਢੱਕਣ ਲਈ ਪੁੜੀਆਂ ਤੇ ਖਾਣ ਲਈ ਗੋਲ਼ੀਆਂ ਦਿੱਤੀਆਂ ਹਨ। ਇਸ ਤੋਂ ਬਿਨਾਂ ਬਾਰਾਂ ਟੀਕੇ ਲਗਾਉਣ ਲਈ ਕਿਹਾ ਹੈ। ਜੇਕਰ ਫਿਰ ਵੀ ਅਰਾਮ ਨਾ ਆਇਆ ਤਾਂ ਸਾਰੇ ਟੈਸਟ ਕਰਵਾਉਣੇ ਪੈਣਗੇ।

ਪ੍ਰਸ਼ਨ 4 . ਰਾਮ ਪਿਆਰੀ ਹਰੀ ਚੰਦ ਨੂੰ ਕਿਸ ਮੁਸੀਬਤ ਬਾਰੇ ਜਾਣਕਾਰੀ ਦਿੰਦੀ ਹੈ ?

ਉੱਤਰ – ਜਦ ਹਰੀ ਚੰਦ ਦਵਾਈ ਲੈ ਕੇ ਘਰ ਆਉਂਦਾ ਹੈ ਤਾਂ ਰਾਮ ਪਿਆਰੀ ਉਸ ਨੂੰ ਇੱਕ ਹੋਰ ਮੁਸੀਬਤ ਬਾਰੇ ਦੱਸਦੀ ਹੈ ਕਿ ਉਸ ਦੇ ਮਗਰ ਪੁਲਿਸ ਲੱਗੀ ਹੋਈ ਹੈ ਤੇ ਉਹ ਲੁਕਦਾ ਫਿਰਦਾ ਹੈ।

ਜਦ ਇਹ ਜਾਣ ਕੇ ਹਰੀ ਚੰਦ ਪਰੇਸ਼ਾਨ ਹੁੰਦਾ ਹੈ ਤਾਂ ਉਹ ਕਹਿੰਦੀ ਹੈ ਕਿ ਉਸ ਨੇ ਰਾਤ ਹੀ ਅਟਕਣਾ ਹੈ ਤੇ ਸਵੇਰੇ ਹੀ ਉਸਨੂੰ ਤੋਰ ਦਿਆਂਗੇ।

ਰਾਮ ਪਿਆਰੀ ਦੱਸਦੀ ਹੈ ਕਿ ਮਦਨ ਲਾਲ ਕਿਸੇ ਮੁਕੱਦਮੇ ਵਿੱਚ ਫਸ ਗਿਆ ਹੈ। ਇਹ ਸੁਣ ਕੇ ਹਰੀ ਚੰਦ ਕਹਿੰਦਾ ਹੈ ਕਿ ਹੁਣ ਉਹ ਉਹਨਾਂ ਨੂੰ ਵੀ ਫਸਾਉਣਾ ਚਾਹੁੰਦਾ ਹੈ। ਇਸ ਲਈ ਉਹ ਕਹਿੰਦਾ ਹੈ ਕਿ ਸਵੇਰੇ ਉਸ ਨੂੰ ਚਲਦਾ ਕਰੋ।

ਪ੍ਰਸ਼ਨ 5 . ਸਾਧੂਆਂ ਨੂੰ ਘਰ ਬੈਠੇ ਦੇਖ ਕੇ ਕਿਸ਼ੋਰ ਉਨ੍ਹਾਂ ਨੂੰ ਕੀ ਕਹਿੰਦਾ ਹੈ ?

ਉੱਤਰ – ਸਾਧੂਆਂ ਨੂੰ ਘਰ ਬੈਠੇ ਦੇਖ ਕੇ ਅਤੇ ਦਾਨ ਵਾਲੀ ਗੱਲ ਸੁਣ ਕੇ ਕਿਸ਼ੋਰ ਗਰਮ ਹੋ ਜਾਂਦਾ ਹੈ। ਉਹ ਆਪਣੇ ਪਿਤਾ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਹ ਉਹਨਾਂ ਨੂੰ ਕਈ ਵਾਰ ਸਮਝਾ ਚੁੱਕਾ ਹੈ ਕਿ ਇਹਨਾਂ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰਨ।

ਉਹ ਸਾਧੂਆਂ ਨੂੰ ਵਿਹਲੇ, ਨਿਕੰਮੇ ਤੇ ਉਹਨਾਂ ਨੂੰ ਘਰੋਂ ਨਿਕਲ ਜਾਣ ਲਈ ਆਖਦਾ ਹੈ। ਹਰੀ ਚੰਦ ਕਿਸ਼ੋਰ ਨੂੰ ਸਾਧੂਆਂ ਨੂੰ ਬੁਰਾ ਭਲਾ ਕਹਿਣ ਤੋਂ ਰੋਕਦਾ ਹੈ ਪਰ ਉਹ ਵਾਰ – ਵਾਰ ਸਾਧੂਆਂ ਨੂੰ ਚਲੇ ਜਾਣ ਲਈ ਕਹਿੰਦਾ ਹੈ।