ਮੌਨਧਾਰੀ – ਵਾਰਤਾਲਾਪ ਸੰਬੰਧੀ ਪ੍ਰਸ਼ਨ – ਉੱਤਰ

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ


(ੳ) “ਸੁੱਖੀ – ਸਾਂਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ। ਘਬਰਾ ਨਾ। ਚੱਲ ਅੰਦਰ। ਹੱਥ – ਮੂੰਹ ਧੋ ਤੇ ਹੁਣੇ ਤੇਰਾ ਵੀਰਾ ਦਫ਼ਤਰੋਂ ਔਂਦਾ ਏ ਤਾਂ ਤੁਹਾਨੂੰ ਚਾਹ ਬਣਾ ਕੇ ਦੇਨੀਂ ਆਂ।”

ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ – ਇਹ ਸਤਰਾਂ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਇਹ ਸ਼ਬਦ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਰਾਮ ਪਿਆਰੀ ਨੇ ਆਪਣੇ ਭਾਂਜੇ ਮਦਨ ਨੂੰ ਕਹੇ।

ਪ੍ਰਸ਼ਨ 3 . ਰਾਮ ਪਿਆਰੀ ਮਦਨ ਨੂੰ ਕਿਵੇਂ ਦਿਲਾਸਾ ਦਿੰਦੀ ਹੈ ?

ਉੱਤਰ – ਰਾਮ ਪਿਆਰੀ ਮਦਨ ਨੂੰ ਦਿਲਾਸਾ ਦਿੰਦੀ ਹੋਈ ਕਹਿੰਦੀ ਹੈ ਕਿ ਉਹ ਉਸ ਨੂੰ ਕੁੱਝ ਨਹੀਂ ਹੋਣ ਦੇਵੇਗੀ। ਉਸ ਦੇ ਘਰ ਵਿੱਚ ਪੁਲਿਸ ਨਹੀਂ ਆ ਸਕਦੀ। ਇਸ ਲਈ ਉਸ ਨੂੰ ਘਬਰਾਉਣ ਦੀ ਕੋਈ ਲੋੜ ਨਹੀਂ।

ਪ੍ਰਸ਼ਨ 4 . ਵੀਰਾ ਕਿੱਥੋਂ ਆਉਣ ਵਾਲਾ ਹੈ ਅਤੇ ਉਸ ਦੇ ਆਉਣ ‘ਤੇ ਕੀ ਬਣਾਉਣ ਦਾ ਵਿਚਾਰ ਹੈ ?

ਉੱਤਰ – ਮਦਨ ਦੀ ਮਾਸੀ ਰਾਮ ਪਿਆਰੀ ਦਾ ਮੁੰਡਾ ਕਿਸ਼ੋਰ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਦੀ ਨੌਕਰੀ ਕਰਦਾ ਹੈ। ਉਹ ਦਫ਼ਤਰੋਂ ਛੁੱਟੀ ਕਰਕੇ ਆਉਣ ਵਾਲਾ ਹੈ ਅਤੇ ਉਸ ਦੇ ਆਉਣ ‘ਤੇ ਰਾਮ ਪਿਆਰੀ ਵੱਲ੍ਹੋਂ ਦੋਹਾਂ ਨੂੰ ਚਾਹ ਬਣਾ ਕੇ ਪਿਲਾਉਣ ਦਾ ਵਿਚਾਰ ਹੈ।


(ਅ) “(ਕਚੀਚੀ ਵੱਟ ਕੇ) ਬਕ – ਬਕ ਬੰਦ ਕਰ ਬਾਬਾ (ਹਰੀ ਚੰਦ ਨੂੰ) ਪਿਤਾ ਜੀ, ਫੇਰ ਉਹੋ ਗੱਲਾਂ ਮੈਂ ਤੁਹਾਨੂੰ ਕਿੰਨੀ ਵਾਰ ਸਮਝਾ ਚੁੱਕਾ ਹਾਂ, ਇਹਨਾਂ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੋ। ਉੱਠੋ ਬਾਬਾ, ਨਿਕਲੋ ਏਥੋਂ।”

ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ?

ਉੱਤਰ – ਇਹ ਸਤਰਾਂ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਇਹ ਸ਼ਬਦ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਕਿਸ਼ੋਰ ਨੇ ਆਪਣੇ ਪਿਤਾ ਹਰੀ ਚੰਦ ਨੂੰ ਕਹੇ।

ਪ੍ਰਸ਼ਨ 3 . ਪੁੱਤਰ, ਪਿਤਾ ਨੂੰ ਕੀ ਸਮਝਾ ਚੁੱਕਾ ਹੈ?

ਉੱਤਰ – ਪੁੱਤਰ ਆਪਣੇ ਪਿਤਾ ਹਰੀ ਚੰਦ ਨੂੰ ਕਈ ਵਾਰੀ ਇਹ ਸਮਝਾ ਚੁੱਕਾ ਸੀ ਕਿ ਉਹ ਪਖੰਡੀ ਸਾਧੂਆਂ ਨੂੰ ਮੂੰਹ ਨਾ ਲਾਇਆ ਕਰੇ।

ਪ੍ਰਸ਼ਨ 4 . ਇੱਥੇ ਬਾਬਿਆਂ ਨੂੰ ਕੀ ਕਰਨ ਲਈ ਕਿਹਾ ਗਿਆ ਹੈ ?

ਉੱਤਰ – ਕਿਸ਼ੋਰ ਪਖੰਡੀ ਬਾਬਿਆਂ ਨੂੰ ਮੂੰਹ ਨਾ ਲਾਉਣ ਦੀ ਸਲਾਹ ਦਿੰਦਾ ਹੈ ਅਤੇ ਉਹਨਾਂ ਨੂੰ ਉੱਠ ਕੇ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ।


(ੲ) (ਫ਼ੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ) “ਖ਼ਬਰਦਾਰ ! ਹਿਲੋ ਮੱਤ। (ਦੂਜੇ ਹੱਥ ਨਾਲ਼ ਆਪਣੀ ਨਕਲੀ ਦਾਹੜੀ ਲਾਹ ਕੇ ਸੁੱਟ ਦਿੰਦਾ ਏ।) “ਮੈਂ ਇੰਸਪੈਕਟਰ ਦੀਪ ਚੰਦ ! ਹਵਾਲਦਾਰ, ਜਾਣੇ ਨਾ ਪਾਏ ਮੁਲਜ਼ਮ।”

ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ – ਇਹ ਸਤਰਾਂ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਅਨੁਸਾਰ ਮਦਨ ਨੂੰ ਕਿਵੇਂ ਖ਼ਬਰਦਾਰ ਕੀਤਾ ਗਿਆ ਹੈ ?

ਉੱਤਰ – ਇਸ ਵਾਰਤਾਲਾਪ ਅਨੁਸਾਰ ਮਦਨ ਨੂੰ  “ਖ਼ਬਰਦਾਰ ! ਹਿਲੋ ਮੱਤ।” ਕਹਿ ਕੇ, ਝੋਲੇ ਵਿੱਚੋਂ ਰਿਵਾਲਵਰ ਕੱਢ ਕੇ ਅਤੇ ਉਸ ਉੱਪਰ ਤਾਣ ਕੇ ਖ਼ਬਰਦਾਰ ਕੀਤਾ ਗਿਆ ਹੈ।

ਪ੍ਰਸ਼ਨ 3 . ਹਵਾਲਦਾਰ ਨੂੰ ਕੀ ਕਰਨ ਲਈ ਕਿਹਾ ਗਿਆ ਹੈ ?

ਉੱਤਰ – ਹਵਾਲਦਾਰ ਨੂੰ ਮੁਲਜ਼ਮ ਨੂੰ ਨਾ ਜਾਣ ਦੇਣ ਲਈ ਕਿਹਾ ਗਿਆ ਹੈ।

ਪ੍ਰਸ਼ਨ 4 . “ਜਾਣੇ ਨਾ ਪਾਏ ਮੁਲਜ਼ਮ” ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਇਹ ਸ਼ਬਦ ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਇੰਸਪੈਕਟਰ ਦੀਪ ਚੰਦ ਨੇ ਹਵਾਲਦਾਰ ਨੂੰ ਕਹੇ।


(ਸ) “ਤੁਹਾਨੂੰ ਕਿੰਨੀ ਵਾਰੀ ਕਿਹਾ ਹੈ ਕਿ ਜਾਂਦਿਆਂ ਨੂੰ ਪਿੱਛੋਂ ਅਵਾਜ਼ ਨਾ ਮਾਰਿਆ ਕਰੋ।”

ਪ੍ਰਸ਼ਨ 1 .  ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ – ਇਹ ਸ਼ਬਦ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਇਹ ਸ਼ਬਦ ਹਰੀ ਚੰਦ ਨੇ ਆਪਣੀ ਘਰਵਾਲੀ ਰਾਮ ਪਿਆਰੀ ਨੂੰ ਕਹੇ।

ਪ੍ਰਸ਼ਨ 3 . ਕਿਸੇ ਨੂੰ ਬਾਹਰ ਜਾਂਦਿਆਂ ਪਿੱਛੋਂ ਅਵਾਜ਼ ਕਿਉਂ ਨਹੀਂ ਮਾਰੀ ਜਾਂਦੀ ?

ਉੱਤਰ – ਕਿਸੇ ਨੂੰ ਬਾਹਰ ਜਾਂਦਿਆਂ ਪਿੱਛੋਂ ਅਵਾਜ਼ ਮਾਰਨੀ ਬਦਸ਼ਗਨੀ ਸਮਝੀ ਜਾਂਦੀ ਹੈ।

ਪ੍ਰਸ਼ਨ 4 . ਇਹ ਵਾਰਤਾਲਾਪ ਕਿਸ ਇਕਾਂਗੀ ਵਿੱਚੋਂ ਲਈ ਗਈ ਹੈ ?

ਉੱਤਰ – ਇਹ ਵਾਰਤਾਲਾਪ ਈਸ਼ਵਰ ਚੰਦਰ ਨੰਦਾ ਦੀ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚੋਂ ਲਈ ਗਈ ਹੈ।


(ਹ) “ਓਹਨੇ ਮੈਨੂੰ ਫੁਸਲਾਇਆ, ਮੇਰੀ ਅਕਲ ‘ਤੇ ਪਰਦਾ ਪੈ ਗਿਆ। ਮੈਂ ਉਹਦੀਆਂ ਗੱਲਾਂ ਵਿੱਚ ਆ ਗਿਆ ਬੁੱਧੂ । ਬੁੱਧੂ !! ਮੈਂ ਬੁੱਧੂ ਆਂ !!! ਉਹ ਰੁਪਈਆ ਲੈ ਕੇ ਉੱਡ ਗਿਆ।”

ਪ੍ਰਸ਼ਨ 1 . ਇਹ ਸਤਰਾਂ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ – ਇਹ ਸਤਰਾਂ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਮਦਨ ਲਾਲ ਨੇ ਇਹ ਸ਼ਬਦ ਆਪਣੀ ਮਾਸੀ ਨੂੰ ਕਹੇ।

ਪ੍ਰਸ਼ਨ 3 . ‘ਅਕਲ ਉੱਤੇ ਪਰਦਾ ਪੈਣਾ’ ਤੋਂ ਕੀ ਭਾਵ ਹੈ ?

ਉੱਤਰ – ‘ਅਕਲ ਉੱਤੇ ਪਰਦਾ ਪੈਣਾ’  ਇੱਕ ਮੁਹਾਵਰਾ ਹੈ ਜਿਸ ਤੋਂ ਭਾਵ ਹੈ ਕਿ ਕੁਝ ਵੀ ਸਮਝ ਨਾ ਆਉਣਾ।

ਪ੍ਰਸ਼ਨ 4 . ਉਪਰੋਕਤ ਵਾਰਤਾਲਾਪ ਵਿੱਚ ਕੌਣ ਕਿਸ ਦੀਆਂ ਗੱਲਾਂ ਵਿੱਚ ਆ ਗਿਆ?

ਉੱਤਰ – ਉਪਰੋਕਤ ਵਾਰਤਾਲਾਪ ਮਦਨ ਲਾਲ ਭੂਸ਼ਣ ਕਲਰਕ ਦੀਆਂ ਗੱਲਾਂ ਵਿੱਚ ਆ ਗਿਆ।


(ਕ) “ਕਿਆ ਸ਼ਾਨ ਸੀ, ਇਸ ਮੁੱਖੜੇ ਦੀ ਜਵਾਨੀ ਵਿੱਚ।”

ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ –  ਇਹ ਸ਼ਬਦ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਕਿਸ ਦੇ ਮੁੱਖੜੇ ਦੀ ਗੱਲ ਕੀਤੀ ਗਈ ਹੈ?

ਉੱਤਰ – ਇਸ ਵਾਰਤਾਲਾਪ ਵਿੱਚ ਹਰੀ ਚੰਦ ਦੇ ਮੁੱਖੜੇ ਦੀ ਗੱਲ ਕੀਤੀ ਗਈ ਹੈ।

ਪ੍ਰਸ਼ਨ 3 . ਜਵਾਨੀ ਵਿੱਚ ਮੁਖੜਾ ਕਿਸ ਤਰ੍ਹਾਂ ਦਾ ਸੀ ?

ਉੱਤਰ – ਜਵਾਨੀ ਵਿੱਚ ਮੁੱਖੜੇ ਦੀ ਬੜੀ ਸ਼ਾਨ ਸੀ।

ਪ੍ਰਸ਼ਨ 4 . ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਹਰੀ ਚੰਦ ਨੇ ਸਾਧੂ ਨੂੰ ਕਹੇ।


(ਖ) “ਮਹਾਤਮਾ ਕੋ ਨਮਸਕਾਰ ਕਰੋ ਬੜੇ ਕਰਨੀ ਵਾਲੇ ਹੈਂ। ਇਨ ਕੀ ਦਯਾ ਦ੍ਰਿਸ਼ਟੀ ਹੋ ਗਈ ਨੌਂ – ਨਿਧੀ ਬਾਰਾਂ ਸਿੱਧੀ ਹੋ ਜਾਏਗੀ।”

ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ –  ਇਹ ਸ਼ਬਦ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2 . ਇਸ ਵਾਰਤਾਲਾਪ ਵਿੱਚ ਨੌਂ – ਨਿਧੀ ਬਾਰਾਂ ਸਿੱਧੀ ਤੋਂ ਕੀ ਭਾਵ ਹੈ ?

ਉੱਤਰ – ਇਸ ਵਾਰਤਾਲਾਪ ਵਿੱਚ ਨੌਂ – ਨਿਧੀ ਬਾਰਾਂ ਸਿੱਧੀ ਤੋਂ ਭਾਵ ਹੈ – ਹਰ ਇੱਕ ਦਾ ਸੁੱਖ ਅਰਾਮ।

ਪ੍ਰਸ਼ਨ 3 . ਉਪਰੋਕਤ ਵਾਰਤਾਲਾਪ ਵਿੱਚ ਕਿਸ ਦੀ ਦਯਾ ਦ੍ਰਿਸ਼ਟੀ ਦੀ ਗੱਲ ਕੀਤੀ ਗਈ ਹੈ ?

ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਮੌਨਧਾਰੀ ਦੀ ਦਯਾ ਦ੍ਰਿਸ਼ਟੀ ਦੀ ਗੱਲ ਕੀਤੀ ਗਈ ਹੈ।

ਪ੍ਰਸ਼ਨ 4. ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਸਾਧੂ ਨੇ ਮਦਨ ਲਾਲ ਨੂੰ ਕਹੇ ।


(ਗ) “ਹੁਣੇ ਤੇਰੀਆਂ ਸ਼ੇਖੀਆਂ ਨਿਕਲ ਜਾਣਗੀਆਂ ਸਾਰੀਆਂ।”

ਪ੍ਰਸ਼ਨ 1 . ਇਹ ਸ਼ਬਦ ਕਿਸ ਇਕਾਂਗੀ ਵਿੱਚੋਂ ਹਨ ?

ਉੱਤਰ –  ਇਹ ਸ਼ਬਦ ‘ਮੌਨਧਾਰੀ’ ਇਕਾਂਗੀ ਵਿੱਚੋਂ ਹਨ।

ਪ੍ਰਸ਼ਨ 2. ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?

ਉੱਤਰ – ਉਪਰੋਕਤ ਵਾਰਤਾਲਾਪ ਵਿੱਚ ਇਹ ਸ਼ਬਦ ਕਿਸ਼ੋਰ ਨੇ ਸਾਧੂ ਨੂੰ ਕਹੇ ।

ਪ੍ਰਸ਼ਨ 3 . ‘ਸ਼ੇਖੀਆਂ’ ਤੋਂ ਤੁਹਾਡਾ ਕੀ ਭਾਵ ਹੈ ?

ਉੱਤਰ – ਸ਼ੇਖੀਆਂ ਤੋਂ ਭਾਵ ਫੌਕੀਆਂ ਫੜ੍ਹਾਂ (ਗੱਲਾਂ) ਮਾਰਨੀਆਂ ਹੈ।

ਪ੍ਰਸ਼ਨ 4 . ਉਪਰੋਕਤ ਸ਼ਬਦ ਕਿਉਂ ਕਹੇ ਗਏ ਹਨ ?

ਉੱਤਰ – ਕਿਸ਼ੋਰ ਦੁਆਰਾ ਉਪਰੋਕਤ ਸ਼ਬਦ ਸਾਧੂ ਨੂੰ ਇਸ ਲਈ ਕਹੇ ਗਏ ਕਿਉਂਕਿ ਉਹ ਕਿਸ਼ੋਰ ਨੂੰ ਕਹਿੰਦਾ ਹੈ ਕਿ ਉਹ ਪੁਲਿਸ ਨੂੰ ਲੈ ਆਏ ਕਿਉਂਕਿ ਉਹ ਪੁਲਿਸ ਨੂੰ ਜਾਣਦੇ ਹਨ ਅਤੇ ਪੁਲਿਸ ਉਹਨਾਂ ਨੂੰ ਜਾਣਦੀ ਹੈ।