CBSEClass 9th NCERT PunjabiEducationPunjab School Education Board(PSEB)

ਮੌਨਧਾਰੀ -ਕਿਸ਼ੋਰ ਚੰਦ (ਪਾਤਰ)

ਵੰਨਗੀ – ਪੰਜਾਬੀ ਕਹਾਣੀਆਂ ਤੇ ਇਕਾਂਗੀ

ਇਕਾਂਗੀ – ਭਾਗ (ਜਮਾਤ ਨੌਵੀਂ)

ਮੌਨਧਾਰੀ – ਈਸ਼ਵਰ ਚੰਦਰ ਨੰਦਾ

ਪਾਤਰ ਦਾ ਚਰਿੱਤਰ ਚਿਤਰਨ

ਜਾਣ – ਪਛਾਣ : ਈਸ਼ਵਰ ਚੰਦਰ ਨੰਦਾ ਦੁਆਰਾ ਲਿਖੀ ਹੋਈ ਇਕਾਂਗੀ ‘ਮੌਨਧਾਰੀ’ ਵਿੱਚ ਕਿਸ਼ੋਰ ਚੰਦ ਇੱਕ ਮਹੱਤਵਪੂਰਨ ਪਾਤਰ ਹੈ।

ਕਿਸ਼ੋਰ ਚੰਦ ਰਾਮ ਪਿਆਰੀ ਅਤੇ ਹਰੀ ਚੰਦ ਦਾ ਪੁੱਤਰ ਹੈ, ਜੋ ਕਿਸੇ ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ ਲੱਗਾ ਹੋਇਆ ਹੈ। ਉਸ ਦੀ ਉਮਰ ਤੀਹ ਕੁ ਵਰ੍ਹਿਆਂ ਦੀ ਹੈ। ਉਸ ਦੇ ਸੁਭਾਅ ਦੀਆਂ ਕੁਝ ਮਹੱਤਵਪੂਰਨ ਵਿਸ਼ੇਸ਼ਤਾਵਾਂ ਹੇਠ ਲਿਖੀਆਂ ਹਨ :

ਆਪਣੇ ਮਾਂ – ਬਾਪ ਨੂੰ ਪਿਆਰ ਕਰਨ ਵਾਲਾ : ਕਿਸ਼ੋਰ ਆਪਣੀ ਮਾਂ ਰਾਮ ਪਿਆਰੀ ਅਤੇ ਪਿਤਾ ਹਰੀ ਚੰਦ ਨੂੰ ਬਹੁਤ ਪਿਆਰ ਕਰਦਾ ਹੈ। ਉਹ ਉਨ੍ਹਾਂ ਦਾ ਇਕਲੌਤਾ ਪੁੱਤਰ ਹੈ ਅਤੇ ਉਸ ਦੇ ਮਾਂ – ਬਾਪ ਵੀ ਉਸ ਨੂੰ ਬਹੁਤ ਪਿਆਰ ਕਰਦੇ ਹਨ।

ਪਖੰਡੀ ਸਾਧੂਆਂ ਦੇ ਖ਼ਿਲਾਫ਼ : ਕਿਸ਼ੋਰ ਚੰਦ ਨੂੰ ਆਪਣੇ ਘਰ ਵਿੱਚ ਬੈਠੇ ਸਾਧੂ ਅਤੇ ਮੌਨਧਾਰੀ ਪਖੰਡੀ ਜਾਪਦੇ ਹਨ।

ਇਸੇ ਕਰਕੇ ਉਹ ਸਾਧੂਆਂ ਨੂੰ ਘਰੋਂ ਬਾਹਰ ਨਿਕਲ ਜਾਣ ਦੇ ਮਿਹਣੇ ਮਾਰਦਾ ਹੈ। ਢੀਠ ਬਣ ਕੇ ਬੈਠੇ ਹੋਏ ਸਾਧੂਆਂ ਨੂੰ ਉਹ ਕਹਿੰਦਾ ਹੈ ਕਿ ਜੇਕਰ ਉਨ੍ਹਾਂ ਨੇ ਘਰੋਂ ਨਹੀਂ ਜਾਣਾ ਤਾਂ ਉਹ ਪੁਲਿਸ ਨੂੰ ਬੁਲਾ ਕੇ ਲਿਆਵੇਗਾ।

ਪਿਤਾ ਨੂੰ ਸਮਝਾਉਣ ਵਾਲਾ : ਪਖੰਡੀ ਸਾਧੂਆਂ ਵੱਲ੍ਹ ਦੇਖ ਕੇ ਉਸ ਨੂੰ ਖਿੱਝ ਚੜ੍ਹਦੀ ਹੈ। ਉਹ ਆਪਣੇ ਪਿਤਾ ਹਰੀ ਚੰਦ ਨੂੰ ਕਹਿੰਦਾ ਹੈ ਕਿ ਉਹ ਉਸ ਨੂੰ ਕਿੰਨੀ ਵਾਰ ਸਮਝਾ ਚੁੱਕਾ ਹੈ ਕਿ ਇਹੋ ਜਿਹੇ ਪਖੰਡੀਆਂ ਨੂੰ ਮੂੰਹ ਨਾ ਲਾਇਆ ਕਰੇ।

ਗ਼ੁੱਸੇਖੋਰ : ਕਿਸ਼ੋਰ ਚੰਦ ਬਹੁਤ ਹੀ ਗ਼ੁੱਸੇਖੋਰ ਨੌਜਵਾਨ ਹੈ। ਕਿਸ਼ੋਰ ਚੰਦ ਸਾਧੂ ਅਤੇ ਮੌਨਧਾਰੀ ਨੂੰ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ। ਪਰ ਜਦੋਂ ਉਹ ਬਾਹਰ ਨਹੀਂ ਜਾਂਦੇ ਤਾਂ ਕਿਸ਼ੋਰ ਉਨ੍ਹਾਂ ਨੂੰ ਗੁੱਸੇ ਨਾਲ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ।

ਇਕਾਂਗੀ ਦੇ ਅਖ਼ੀਰ ਵਿੱਚ ਵੀ ਉਹ ਉਨ੍ਹਾਂ ਨੂੰ ਪੁਲਿਸ ਕੋਲ ਫੜਾਉਣ ਦੀ ਧਮਕੀ ਦੇ ਕੇ ਬਾਹਰ ਵੱਲ ਨਿਕਲ ਜਾਂਦਾ ਹੈ।

ਆਲੇ – ਦੁਆਲੇ ਬਾਰੇ ਜਾਣਕਾਰੀ ਰੱਖਣ ਵਾਲਾ : ਕਿਸ਼ੋਰ ਚੰਦ ਇੱਕ ਪੜ੍ਹਿਆ – ਲਿਖਿਆ ਨੌਜਵਾਨ ਹੈ। ਉਸ ਨੂੰ ਆਪਣੇ ਆਲੇ – ਦੁਆਲੇ ਬਾਰੇ ਜਾਣਕਾਰੀ ਹੈ। ਉਹ ਅਖ਼ਬਾਰ ਪੜ੍ਹਨ ਦਾ ਵੀ ਸ਼ੌਕੀਨ ਹੈ। ਉਹ ਆਪਣੇ ਪਿਤਾ ਹਰੀ ਚੰਦ ਨੂੰ ਅੰਦਰੋਂ ਅਖ਼ਬਾਰ ਲਿਆ ਕੇ ਹਵਾਲਾਤੀ ਫ਼ਰਾਰ ਬੰਦਿਆਂ ਬਾਰੇ ਪੜ੍ਹ ਕੇ ਸੁਣਾਉਂਦਾ ਹੈ।

ਅਕਲਮੰਦ ਨੌਜਵਾਨ : ਕਿਸ਼ੋਰ ਅਕਲਮੰਦ ਅਤੇ ਸੂਝਵਾਨ ਨੌਜਵਾਨ ਹੈ। ਉਹ ਸਹਿਜੇ ਕਿਤੇ ਕਿਸੇ ਦੀਆਂ ਗੱਲਾਂ ਵਿੱਚ ਨਹੀਂ ਆਉਂਦਾ।

ਸਾਧੂ ਉਸ ਨੂੰ ਗੱਲਾਂ – ਗੱਲਾਂ ਵਿੱਚ ਭਰਮਾਉਣ ਦਾ ਯਤਨ ਕਰਦਾ ਹੈ, ਪਰ ਉਹ ਸਾਧੂ ਦੀ ਕੋਈ ਪੇਸ਼ ਨਹੀਂ ਚੱਲਣ ਦਿੰਦਾ। ਉਹ ਉਨ੍ਹਾਂ ਨੂੰ ਪਖੰਡੀ ਕਹਿੰਦਿਆਂ ਹੋਇਆਂ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ।

ਸਮੁੱਚੇ ਤੌਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਕਿਸ਼ੋਰ ਚੰਦ ਇੱਕ ਪੜ੍ਹਿਆ – ਲਿਖਿਆ, ਸੂਝਵਾਨ ਅਤੇ ਚੁਸਤ – ਚਲਾਕ ਨੌਜਵਾਨ ਹੈ। ਉਹ ਚੰਗੀ ਤਰ੍ਹਾਂ ਜਾਣਦਾ ਹੈ ਕਿ ਆਧੁਨਿਕ ਸਮੇਂ ਵਿੱਚ ਪਖੰਡੀ ਸਾਧੂ ਕਿਵੇਂ ਭੋਲ਼ੇ – ਭਾਲੇ ਲੋਕਾਂ ਨੂੰ ਵਰਗਲਾ ਕੇ ਲੁੱਟਦੇ ਹਨ।

ਇਸੇ ਕਰਕੇ ਤਾਂ ਉਹ ਸਾਧੂ ਅਤੇ ਮੌਨਧਾਰੀ ਨੂੰ ਘਰੋਂ ਬਾਹਰ ਨਿਕਲਣ ਲਈ ਕਹਿੰਦਾ ਹੈ।