ਮੋਬਾਇਲ ਬੈਂਕਿੰਗ ਲਈ ਬੈਂਕ ਮੈਨੇਜਰ ਨੂੰ ਪੱਤਰ
ਤੁਹਾਡੀ ਹੁਸ਼ਿਆਰਪੁਰ ਵਿਖੇ ਆੜ੍ਹਤ ਦੀ ਦੁਕਾਨ ਹੈ। ਸਮੇਂ ਤੇ ਊਰਜਾ ਦੀ ਬੱਚਤ ਲਈ ਨੇੜਲੇ ਬੈਂਕ ਮੈਨੇਜਰ ਨੂੰ ਮੋਬਾਇਲ ਬੈਂਕਿੰਗ, ਨੈੱਟ ਬੈਂਕਿੰਗ ਤੇ ਐੱਸ.ਐੱਮ.ਐੱਸ. ਅਲਰਟ ਸੇਵਾ ਸ਼ੁਰੂ ਕਰਨ ਲਈ ਪੱਤਰ ਲਿਖੋ।
ਬਾਂਸਲ ਟਰੇਡਰਜ਼
ਨਵੀਂ ਅਨਾਜ ਮੰਡੀ
………. ਸ਼ਹਿਰ।
ਹਵਾਲਾ ਨੰਬਰ : 01356
ਮਿਤੀ : 25 ਮਾਰਚ, 20……
ਸੇਵਾ ਵਿਖੇ
ਮੈਨੇਜਰ ਸਾਹਿਬ,
ਸਟੇਟ ਬੈਂਕ ਆਫ਼ ਇੰਡੀਆ,
…….…….ਸ਼ਹਿਰ।
ਵਿਸ਼ਾ : ਮੋਬਾਇਲ ਬੈਂਕਿੰਗ, ਨੈੱਟ ਬੈਂਕਿੰਗ ਅਤੇ ਐੱਸ.ਐੱਮ.ਐੱਸ ਅਲਰਟ ਸੇਵਾ ਸ਼ੁਰੂ ਕਰਨ ਸੰਬੰਧੀ।
ਸ੍ਰੀਮਾਨ ਜੀ,
ਸਾਡੀ ਫ਼ਰਮ ਦਾ ਤੁਹਾਡੇ ਬੈਂਕ ਵਿੱਚ ਖਾਤਾ ਹੈ ਜਿਸ ਦਾ ਨੰਬਰ 00156……….. ਹੈ। ਸਾਨੂੰ ਕਈ ਵਾਰ ਮਾਮੂਲੀ ਜਿਹੀ ਜਾਣਕਾਰੀ ਲੈਣ ਲਈ ਵੀ ਬੈਂਕ ਆਉਣਾ ਪੈਂਦਾ ਹੈ। ਕਈ ਵਾਰ ਸਾਨੂੰ ਆਪਣੇ ਖਾਤੇ ਸੰਬੰਧੀ ਇਕਦਮ ਕਿਸੇ ਜਾਣਕਾਰੀ ਦੀ ਲੋੜ ਪੈਂਦੀ ਹੈ। ਪਰ ਸਾਡਾ ਕਾਰੋਬਾਰ ਅਜਿਹਾ ਹੈ ਕਿ ਕਿਸੇ ਵੇਲੇ ਬੈਂਕ ਆਉਣ ਦਾ ਸਮਾਂ ਕੱਢਣਾ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਅਸੀਂ ਤੁਹਾਡੇ ਬੈਂਕ ਦੀ ਮੋਬਾਇਲ ਬੈਂਕਿੰਗ, ਨੈੱਟ-ਬੈਕਿੰਗ ਅਤੇ ਐੱਸ.ਐੱਮ.ਐੱਸ. ਅਲਰਟ ਸੇਵਾ ਪ੍ਰਾਪਤ ਕਰਨਾ ਚਾਹੁੰਦੇ ਹਾਂ ਤਾਂ ਜੋ ਅਸੀਂ ਘਰ ਬੈਠੇ ਹੀ ਆਪਣੇ ਖਾਤੇ ਬਾਰੇ ਹਰ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰ ਸਕੀਏ। ਸਾਨੂੰ ਪਤਾ ਲੱਗ ਸਕੇ ਕਿ ਸਾਡੇ ਵੱਲੋਂ ਜਾਰੀ ਕਿਸ-ਕਿਸ ਚੈੱਕ ਦਾ ਭੁਗਤਾਨ ਹੋ ਚੁੱਕਾ ਹੈ ਅਤੇ ਸਾਡੇ ਖਾਤੇ ਵਿੱਚ ਬਕਾਇਆ ਰਕਮ ਕਿੰਨੀ ਹੈ? ਤੁਹਾਡੀ ਉਪਰੋਕਤ ਸੇਵਾ ਪ੍ਰਾਪਤ ਹੋਣ ‘ਤੇ ਅਸੀਂ ਕਿਸੇ ਵੀ ਖ਼ਰੀਦੀ ਚੀਜ਼ ਦਾ ਭੁਗਤਾਨ ਵੀ ਨੈੱਟ ਬੈਂਕਿੰਗ ਦੇ ਮਾਧਿਅਮ ਰਾਹੀਂ ਕਰ ਸਕਾਂਗੇ।
ਆਸ ਹੈ ਤੁਸੀਂ ਜਲਦੀ ਹੀ ਲੋੜੀਂਦੀ ਕਾਰਵਾਈ ਕਰ ਕੇ ਸਾਨੂੰ ਉਪਰੋਕਤ ਸੇਵਾ ਪ੍ਰਦਾਨ ਕਰੋਗੇ। ਇਸ ਸੰਬੰਧ ਵਿੱਚ ਸਾਨੂੰ ਤੁਹਾਡੀਆਂ ਸ਼ਰਤਾਂ ਪ੍ਰਵਾਨ ਹੋਣਗੀਆਂ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਰਾਮ ਲੁਭਾਇਆ ਬਾਂਸਲ
ਵਾਸਤੇ ਬਾਂਸਲ ਟਰੇਡਰਜ।