ਵਾਰਤਕ ਭਾਗ : ਮੋਦੀਖਾਨਾ ਸੰਭਾਲਿਆ
ਪ੍ਰਸ਼ਨ 1. ਗੁਰੂ ਨਾਨਕ ਦੇਵ ਜੀ ਦਾ ਭਣੋਈਆ ਕੌਣ ਸੀ? ਉਹ ਕੀ ਕੰਮ ਕਰਦਾ ਸੀ?
ਉੱਤਰ : ਗੁਰੂ ਨਾਨਕ ਦੇਵ ਜੀ ਦਾ ਭਣੋਈਆ ਜੈਰਾਮ ਸੀ। ਉਹ ਸੁਲਤਾਨਪੁਰ ਦੇ ਨਵਾਬ ਦੌਲਤ ਖ਼ਾਂ ਦਾ ਮੋਦੀ ਸੀ।
ਪ੍ਰਸ਼ਨ 2. ਜੈਰਾਮ ਨੇ ਗੁਰੂ ਨਾਨਕ ਦੇਵ ਜੀ ਲਈ ਕੀ ਕੁੱਝ ਕੀਤਾ?
ਉੱਤਰ : ਜੈਰਾਮ ਨੇ ਜਦੋਂ ਇਹ ਸੁਣਿਆ ਕਿ ਗੁਰੂ ਨਾਨਕ ਹੈਰਾਨ ਰਹਿੰਦੇ ਹਨ ਤੇ ਕੋਈ ਕੰਮ ਨਹੀਂ ਕਰਦੇ, ਤਾਂ ਉਸ ਨੇ ਉਨ੍ਹਾਂ ਨੂੰ ਚਿੱਠੀ ਲਿਖ ਕੇ ਸੁਲਤਾਨਪੁਰ ਬੁਲਾ ਲਿਆ ਤੇ ਫਿਰ ਨਵਾਬ ਦੌਲਤ ਖ਼ਾਂ ਦੇ ਦਰਬਾਰ ਵਿੱਚ ਪੇਸ਼ ਕਰ ਕੇ ਉਸ ਦੀ ਆਗਿਆ ਨਾਲ ਉਸ ਦਾ ਮੋਦੀਖ਼ਾਨਾ ਸੰਭਾਲ ਕੇ ਨੌਕਰੀ ਉੱਤੇ ਲੁਆ ਦਿੱਤਾ।
ਪ੍ਰਸਨ 3. ਗੁਰੂ ਨਾਨਕ ਦੇਵ ਜੀ ਦੇ ਸੁਲਤਾਨਪੁਰ ਜਾਣ ਤੋਂ ਪਹਿਲਾਂ ਪਤਨੀ ਨਾਲ ਹੋਈ ਉਨ੍ਹਾਂ ਦੀ ਵਾਰਤਾਲਾਪ ਨੂੰ ਲਿਖੋ।
ਉੱਤਰ : ਇਸ ਸਮੇਂ ਗੁਰੂ ਜੀ ਦੀ ਪਤਨੀ ਵੈਰਾਗ ਕਰਦੀ ਹੋਈ ਕਹਿਣ ਲੱਗੀ ਕਿ ਉਹ ਤਾਂ ਉਸ ਨੂੰ ਪਹਿਲਾਂ ਹੀ ਮੂੰਹ ਨਹੀਂ ਸਨ ਲਾਉਂਦੇ, ਪਰਦੇਸ ਜਾ ਕੇ ਤਾਂ ਉਹ ਵਾਪਸ ਹੀ ਨਹੀਂ ਆਉਣਗੇ। ਗੁਰੂ ਜੀ ਕਹਿਣ ਲੱਗੇ ਕਿ ਉਹ ਨਾ ਇੱਥੇ ਕੁੱਝ ਕਰਦੇ ਸਨ। ਤੇ ਨਾ ਉੱਥੇ ਜਾ ਕੇ ਕੁੱਝ ਕਰਨਾ ਹੈ। ਉਨ੍ਹਾਂ ਦੀ ਪਤਨੀ ਕਹਿਣ ਲੱਗੀ ਕਿ ਉਨ੍ਹਾਂ ਦੇ ਘਰ ਬੈਠੇ ਹੋਣ ਨਾਲ ਉਸ ਨੂੰ ਸਾਰੇ ਸੰਸਾਰ ਦੀ ਪਾਤਸ਼ਾਹੀ ਮਿਲੀ ਹੁੰਦੀ ਹੈ, ਪਰ ਉਨ੍ਹਾਂ ਤੋਂ ਬਿਨਾਂ ਸੰਸਾਰ ਉਸ ਦੇ ਕਿਸੇ ਕੰਮ ਨਹੀਂ। ਇਹ ਸੁਣ ਕੇ ਗੁਰੂ ਜੀ ਨੇ ਉਸ ਨੂੰ ਕਿਹਾ ਕਿ ਜੇਕਰ ਸੁਲਤਾਨਪੁਰ ਜਾ ਕੇ ਉਨ੍ਹਾਂ ਦੇ ਰੁਜ਼ਗਾਰ ਦੀ ਕੋਈ ਗੱਲ ਬਣੀ, ਤਾਂ ਉਹ ਉਸ ਨੂੰ ਵੀ ਬੁਲਾ ਲੈਣਗੇ।
ਪ੍ਰਸ਼ਨ 4. ਗੁਰੂ ਨਾਨਕ ਦੇਵ ਜੀ, ਜੈਰਾਮ ਅਤੇ ਨਵਾਬ ਦਉਲਤ ਖ਼ਾਨ (ਦੌਲਤ ਖ਼ਾਨ) ਦੀ ਵਾਰਤਾਲਾਪ ਨੂੰ ਲਿਖੋ।
ਉੱਤਰ : ਜੈਰਾਮ ਨੇ ਨਵਾਬ ਦੌਲਤ ਖ਼ਾਨ ਕੋਲ ਜਾ ਕੇ ਬੇਨਤੀ ਕੀਤੀ ਕਿ ਉਸ ਦਾ ਸਾਲਾ ਉਸ ਨੂੰ ਮਿਲਣਾ ਚਾਹੁੰਦਾ ਹੈ। ਖ਼ਾਨ ਦੀ ਆਗਿਆ ਨਾਲ ਜੈਰਾਮ ਗੁਰੂ ਨਾਨਕ ਨੂੰ ਉਸ ਕੋਲ ਲੈ ਗਿਆ। ਗੁਰੂ ਜੀ ਉਸ ਨੂੰ ਕੁੱਝ ਨਜ਼ਰਾਨਾ ਲੈ ਕੇ ਮਿਲੇ। ਜੈਰਾਮ ਤੋਂ ਉਨ੍ਹਾਂ ਦਾ ਨਾਂ ਪੁੱਛਣ ਮਗਰੋਂ ਖ਼ਾਨ ਨੇ ਕਿਹਾ ਕਿ ਉਹ ਉਸ ਨੂੰ ਦਿਆਨਤਦਾਰ ਨਜ਼ਰ ਆਉਂਦਾ ਹੈ, ਇਸ ਕਰਕੇ ਉਹ ਉਸ ਨੂੰ ਕੰਮ ਸੌਂਪ ਦੇਵੇ। ਇਹ ਸੁਣ ਕੇ ਗੁਰੂ ਨਾਨਕ ਖ਼ੁਸ਼ ਹੋਏ ਤੇ ਖ਼ਾਨ ਨੇ ਸਿਰੋਪਾ ਦਿੱਤਾ।
ਪ੍ਰਸ਼ਨ 5. ਸੁਲਤਾਨਪੁਰ ਰਹਿੰਦਿਆਂ ਗੁਰੂ ਨਾਨਕ ਦਾ ਨਿੱਤ-ਕਰਮ ਕੀ ਸੀ?
ਉੱਤਰ : ਸੁਲਤਾਨਪੁਰ ਰਹਿੰਦਿਆਂ ਗੁਰੂ ਜੀ ਰਾਤ ਨੂੰ ਹਰ ਰੋਜ਼ ਸੰਗਤ ਨਾਲ ਪ੍ਰਸਾਦ ਛਕਦੇ ਸਨ ਤੇ ਸਭ ਨਾਲ ਮਿਲ ਕੇ ਕੀਰਤਨ ਕਰਦੇ ਸਨ। ਪਹਿਰ ਰਾਤ ਰਹਿੰਦੀ ਨੂੰ ਗੁਰੂ ਜੀ ਦਰਿਆ ਉੱਤੇ ਜਾ ਕੇ ਇਸ਼ਨਾਨ ਕਰਦੇ ਸਨ। ਜਦੋਂ ਸਵੇਰ ਹੁੰਦੀ ਸੀ, ਤਾਂ ਉਹ ਕੱਪੜੇ ਪਾ ਕੇ ਤੇ ਤਿਲਕ ਲਾ ਕੇ ਦਫ਼ਤਰ ਵਿੱਚ ਮੋਦੀਖਾਨੇ ਦਾ ਹਿਸਾਬ ਲਿਖਣ ਬੈਠ ਜਾਂਦੇ ਸਨ।
ਪ੍ਰਸ਼ਨ 6. ਹੇਠ ਲਿਖੀਆਂ ਸਤਰਾਂ ਨੂੰ ਸਰਲ ਪੰਜਾਬੀ ਵਿੱਚ ਲਿਖੋ।
(ੳ) ਤਬਿ ਓਨਿ ਫਿਰਿ ਬੇਨਤੀ ਕੀਤੀਆਸੁ, ਜੋ ਜੀ ਤੁਸੀਂ ਘਰਿ ਬੈਠੇ ਹੋਏ ਆਹੇ ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੋਂਦੀ ਆਹੀ, ਜੀ ਏਹੁ ਸੰਸਾਰੁ ਮੇਰੇ ਕਿਤੇ ਕਾਮਿ ਨਾਹੀ।
(ਅ) ਤਬਿ ਜੈ ਰਾਮ ਆਇ ਕਰਿ ਗੁਰੂ ਨਾਨਕ ਜੋਗੁ ਘਿਨਿ ਲੈ ਗਇਆ। ਕਿਛੁ ਪੇਸ਼ਕਸੀ ਆਗੈ ਰਖਿ ਕਰਿ ਮਿਲਿਆ। ਖ਼ਾਨੁ ਬਹੁਤ ਖੁਸ਼ੀ ਹੋਇਆ।
(ੲ) ਤਬਿ ਖ਼ਾਨਿ ਕਹਿਆ ਏਹ ਭਲਾ ਦਿਆਨਤਦਾਰ ਨਦਰਿ ਆਵਦਾ ਹੈ, ਮੇਰਾ ਕੰਮ ਇਸਕੈ ਹਵਾਲੇ ਕਰਹੁ।
ਉੱਤਰ : (ੳ) ਤਦ ਉਸ ਨੇ ਫਿਰ ਬੇਨਤੀ ਕੀਤੀ, ”ਜਦੋਂ ਤੁਸੀਂ ਘਰ ਬੈਠੇ ਹੋਏ ਸੀ, ਤਾਂ ਮੇਰੇ ਭਾਣੇ ਸਾਰੇ ਜਹਾਨ ਦੀ ਪਾਤਸ਼ਾਹੀ ਹੁੰਦੀ ਸੀ। ਜੀ, ਏਹ ਸੰਸਾਰ ਮੇਰੇ ਕਿਸੇ ਕੰਮ ਨਹੀਂ।”
(ਅ) ਤਦ ਜੈ ਰਾਮ ਆ ਕੇ ਗੁਰੂ ਨਾਨਕ ਨੂੰ ਲੈ ਗਿਆ। ਕੁੱਝ ਨਜ਼ਰਾਨਾ ਅੱਗੇ ਰੱਖ ਕੇ ਮਿਲਿਆ। ਖਾਨ ਬਹੁਤ ਖ਼ੁਸ਼ ਹੋਇਆ।
(ੲ) ਤਦ ਖ਼ਾਨ ਨੇ ਕਿਹਾ, “ਇਹ ਬੜਾ ਦਿਆਨਤਦਾਰ ਨਜ਼ਰ ਆਉਂਦਾ ਹੈ। ਮੇਰਾ ਕੰਮ ਇਸ ਦੇ ਹਵਾਲੇ ਕਰ ਦੇਵੋ।”