Punjab School Education Board(PSEB)

ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ : ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਸੰਖੇਪ ਉੱਤਰਾਂ ਵਾਲੇ ਪ੍ਰਸ਼ਨ


ਪ੍ਰਸ਼ਨ 1. ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫ਼ਤ ਕਿਵੇਂ ਕੀਤੀ ਗਈ ਹੈ?

ਉੱਤਰ : ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿੱਚ ਸਜੀ ਹੋਈ ਘੋੜੀ ‘ਤੇ ਚੜ੍ਹੇ ਵਿਆਂਹਦੜ ਮੁੰਡੇ ਦੀ ਸਿਫ਼ਤ ਹੈ। ਉਸ ਦਾ ਸਰਦਾਰਾਂ ਵਿੱਚ ਬੈਠਣਾ-ਉੱਠਣਾ ਹੈ ਅਤੇ ਉਸ ਦੀ ਚਾਲ ਅਮੀਰਾਂ ਵਾਲੀ ਹੈ। ਉਸ ਦਾ ਚੀਰਾ (ਪੱਗ) ਕਲਗ਼ੀਆਂ ਨਾਲ ਸਜਿਆ ਹੈ। ਉਸ ਦੇ ਗਲ ਵਿੱਚ ਜੁਗਨੀਆਂ ਦੇ ਨਾਲ ਕੈਂਠਾ ਸੋਹਣਾ ਲੱਗਦਾ ਹੈ। ਉਸ ਨੇ ਤਣੀਆਂ ਵਾਲਾ ਸੁੰਦਰ ਕੁੜਤਾ/ਲਿਬਾਸ ਪਾਇਆ ਹੋਇਆ ਹੈ। ਉਹਨਾਂ ਨੇ ਨਵਾਬਾਂ ਦੇ ਘਰ ਢੁਕਣਾ ਹੈ ਅਤੇ ਸਰਦਾਰਾਂ ਦੀ ਧੀ ਵਿਆਹ ਲਿਆਉਣੀ ਹੈ। ਇਸ ਤਰ੍ਹਾਂ ਇਸ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੀ ਸਿਫ਼ਤ ਕੀਤੀ ਗਈ ਹੈ।

ਪ੍ਰਸ਼ਨ 2. ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿੱਚ ਵਿਆਹੇ ਜਾਣ ਵਾਲੇ ਮੁੰਡੇ ਦੇ ਪਹਿਰਾਵੇ ਬਾਰੇ ਕੀ ਕੁਝ ਕਿਹਾ ਗਿਆ ਹੈ?

ਉੱਤਰ : ਮੁੰਡੇ ਦੇ ਸਿਰ ‘ਤੇ ਕਲਗੀਆਂ ਦੇ ਨਾਲ ਸਜਾਇਆ ਸੁੰਦਰ ਚੀਰਾ ਹੈ। ਉਸ ਨੇ ਡੇਢ ਹਜ਼ਾਰ ਤਣੀਆਂ ਨਾਲ ਸਜਾਇਆ ਸੁੰਦਰ ਕੁੜਤਾ/ ਲਿਬਾਸ ਪਾਇਆ ਹੋਇਆ ਹੈ । ਉਸ ਦੇ ਗਲ ਕੈਂਠਾ ਹੈ ਜੋ ਜੁਗਨੀਆਂ ਨਾਲ ਸੋਹਣਾ ਲੱਗਦਾ ਹੈ।

ਪ੍ਰਸ਼ਨ 3. ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿੱਚ ਕਿਸ ਸ਼ਾਨ ਨਾਲ ਜੰਞ ਚੜ੍ਹਣ ਲਈ ਕਿਹਾ ਗਿਆ ਹੈ?

ਉੱਤਰ : ‘ਮੈਂ ਬਲਿਹਾਰੀ ਵੇ ਮਾਂ ਦਿਆ ਸੁਰਜਣਾ’ ਘੋੜੀ ਵਿੱਚ ਅਮੀਰਾਂ/ਸਰਦਾਰਾਂ ਦੀ ਜੰਞ ਦੇ ਪੂਰੀ ਸ਼ਾਨ ਨਾਲ ਚੜ੍ਹਨ ਲਈ ਕਿਹਾ ਗਿਆ ਹੈ। ਉਹਨਾਂ ਨੇ ਅੱਗੇ ਢੁਕਣਾਂ ਵੀ ਨਵਾਬਾਂ ਦੇ ਹੈ। ਇਸ ਲਈ ਜੰਞ ਪੂਰੀ ਸ਼ਾਨ ਨਾਲ ਚੜ੍ਹਦੀ ਹੈ।