ਮੇਲਿਆਂ ਦਾ ਬਦਲਦਾ ਰੂਪ – ਪੈਰਾ ਰਚਨਾ

ਪੰਜਾਬ ਮੇਲਿਆਂ ਤੇ ਤਿਉਹਾਰਾਂ ਦਾ ਦੇਸ਼ ਹੈ। ਇਨ੍ਹਾਂ ਦਾ ਸੰਬੰਧ ਸਾਡੇ ਸੱਭਿਆਚਾਰਕ, ਇਤਿਹਾਸਕ ਤੇ ਧਾਰਮਿਕ ਵਿਰਸੇ ਨਾਲ ਹੈ। ਇਨ੍ਹਾਂ ਵਿੱਚੋਂ ਕੁੱਝ ਮੇਲੇ ਤੇ ਤਿਉਹਾਰ ਕੌਮੀ ਪੱਧਰ ਦੇ ਹਨ, ਜਿਹੜੇ ਕਿ ਪੰਜਾਬ ਵਿਚ ਬੜੀ ਧੂਮਧਾਮ ਨਾਲ ਮਨਾਏ ਜਾਂਦੇ ਹਨ। ਵਿਸਾਖੀ, ਬਸੰਤ, ਦੁਸਹਿਰਾ, ਜਨਮ ਅਸ਼ਟਮੀ ਤੇ ਰਾਮ ਨੌਮੀ ਦੇ ਮੌਕਿਆਂ ‘ਤੇ ਲੱਗਣ ਵਾਲੇ ਮੇਲੇ ਕੌਮੀ ਪੱਧਰ ਦੇ ਹਨ। ਇਨ੍ਹਾਂ ਤੋਂ ਬਿਨਾਂ ਪੰਜਾਬ ਵਿਚ ਭਿੰਨ – ਭਿੰਨ ਥਾਵਾਂ ਤੇ ਬਹੁਤ ਸਾਰੇ ਸਥਾਨਕ ਮੇਲੇ ਵੀ ਲਗਦੇ ਹਨ। ਇਨ੍ਹਾਂ ਵਿੱਚੋਂ ਬਹੁਤੇ ਮੇਲੇ ਧਾਰਮਿਕ ਹਨ, ਜਿਹੜੇ ਕਿ ਪੀਰਾਂ, ਫਕੀਰਾਂ ਦੀਆਂ ਮਜ਼ਾਰਾਂ, ਦੇਵੀ – ਦੇਵਤਿਆਂ ਦੇ ਇਤਿਹਾਸਕ ਤੇ ਮਿਥਿਹਾਸਕ ਸਥਾਨਾਂ ਅਤੇ ਗੁਰਧਾਮਾਂ ‘ਤੇ ਲਗਦੇ ਹਨ। ਪੁਰਾਣੇ ਸਮੇਂ ਵਿਚ ਇਨ੍ਹਾਂ ਮੇਲਿਆਂ ਵਿਚ ਬੜੀਆਂ ਰੌਣਕਾਂ ਹੁੰਦੀਆਂ ਸਨ, ਪਰੰਤੂ ਹੁਣ ਲੋਕਾਂ ਕੋਲ ਵਿਹਲ ਦੀ ਕਮੀ ਆ ਜਾਣ ‘ਤੇ ਇਨ੍ਹਾਂ ਵਿਚ ਰੌਣਕ ਘੱਟ ਗਈ ਹੈ। ਅੱਜ ਦੇ ਮਨੁੱਖ ਦੇ ਲਈ ਦੋ – ਦੋ ਦਿਨ ਜਾਂ ਇਕ ਪੂਰਾ ਦਿਨ।ਮੇਲੇ ਵਿਚ ਗੁਜ਼ਾਰਨਾ ਔਖਾ ਹੈ। ਮੇਲਾ ਪੁਰਾਣੇ ਲੋਕਾਂ ਦੇ ਮਨੋਰੰਜਨ ਦਾ ਸਾਧਨ ਵੀ ਸੀ, ਪਰੰਤੂ ਵਰਤਮਾਨ ਸਮੇਂ ਵਿਚ ਵਿਗਿਆਨ ਨੇ ਮਨੁੱਖ ਨੂੰ ਰੇਡੀਓ, ਟੈਲੀਵਿਜ਼ਨ, ਵੀਡੀਓ ਤੇ ਫ਼ਿਲਮਾਂ ਆਦਿ ਮਨੋਰੰਜਨ ਦੇ ਸਾਧਨ ਦਿੱਤੇ ਹਨ, ਜੋ ਕਿ ਥੋੜ੍ਹੇ ਸਮੇਂ ਵਿਚ ਹੀ ਘਰ ਬੈਠਿਆਂ ਉਨ੍ਹਾਂ ਦਾ ਰੱਜਵਾਂ ਮਨੋਰੰਜਨ ਕਰ ਦਿੰਦੇ ਹਨ। ਰੇਡੀਓ ਤੇ ਟੈਲੀਵਿਜ਼ਨ ਤਾਂ ਘਰ – ਘਰ ਹਨ, ਇਸ ਕਰਕੇ ਮਨੋਰੰਜਨ ਦੀ ਖ਼ਾਤਰ ਲੋਕਾਂ ਦੀ ਮੇਲਿਆਂ ਵਿਚ ਰੁਚੀ ਘੱਟ ਗਈ ਹੈ। ਅੱਜ ਦੇ ਲੋਕ ਕੁੱਝ ਸਫ਼ਾਈ ਪਸੰਦ ਹੋਣ ਕਰਕੇ ਮੇਲਿਆਂ ਵਿਚਲੀਆਂ ਮਿੱਟੀ – ਘੱਟੇ ਭਰਪੂਰ ਤੇ ਮੱਖੀਆਂ ਨਾਲ ਭਰੀਆਂ ਮਠਿਆਈਆਂ ਖਾਣੀਆਂ ਵੀ ਪਸੰਦ ਨਹੀਂ ਕਰਦੇ। ਮੇਲਿਆਂ ਵਿਚ ਰੌਣਕਾਂ ਲਾਉਣ ਵਾਲੇ ਨਾ ਹੁਣ ਕੁੱਕੜਬਾਜ਼ ਰਹੇ ਹਨ ਤੇ ਨਾ ਹੀ ਬਟੇਰਬਾਜ਼ ਰਹੇ ਹਨ ਤੇ ਨਾ ਹੀ ਕਬੱਡੀ ਦੇ ਘੋਲ। ਅੱਜ – ਕੱਲ੍ਹ ਸਿਆਸੀ ਪਾਰਟੀਆਂ ਦੇ ਅਖਾੜੇ ਮੇਲਿਆਂ ਵਿਚ ਜ਼ਰੂਰ ਕੁੱਝ ਰੌਣਕ ਲਾਉਂਦੇ ਹਨ। ਅਜਿਹੇ ਕੁੱਝ ਕਾਰਨਾਂ ਕਰਕੇ ਮੇਲਿਆਂ ਵਿਚ ਲੋਕਾਂ ਦੀ ਦਿਲਚਸਪੀ ਘਟ ਗਈ ਹੈ, ਜਿਸ ਕਰਕੇ ਉੱਥੇ ਮਠਿਆਈਆਂ, ਪਕੌੜਿਆਂ, ਖਿਡੌਣਿਆਂ ਤੇ ਹੋਰ ਖੇਡ – ਤਮਾਸ਼ਿਆਂ ਦੀਆਂ ਦੁਕਾਨਾਂ ਵੀ ਘੱਟ ਗਈਆਂ ਹਨ ਕਿਉਂਕਿ ਇਨ੍ਹਾਂ ਚੀਜ਼ਾਂ ਦੇ ਵਪਾਰੀਆਂ ਨੂੰ ਗਾਹਕ ਘਟ ਲੱਭਦੇ ਹਨ। ਅੱਜ – ਕੱਲ੍ਹ ਰਵਾਇਤੀ ਮੇਲਿਆਂ ਨਾਲੋਂ ਕਿਤੇ – ਕਿਤੇ ਸਕੂਲਾਂ, ਕਾਲਜਾਂ, ਕਲੱਬਾਂ, ਯੂਨੀਵਰਸਿਟੀਆਂ ਤੇ ਸਰਕਾਰ ਦੇ ਵੱਖ – ਵੱਖ ਮਹਿਕਮਿਆਂ ਵੱਲੋਂ ਵੀ ਮੇਲਿਆਂ ਦਾ ਪ੍ਰਬੰਧ ਕੀਤਾ ਜਾਂਦਾ ਹੈ, ਪਰ ਇਹ ਮੇਲਿਆਂ ਨਾਲੋਂ ਵਧੇਰੇ ਸਮਾਗਮ ਜਾਂ ਪ੍ਰਦਰਸ਼ਨੀਆਂ ਹੁੰਦੇ ਹਨ। ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਰਵਾਇਤੀ ਮੇਲਿਆਂ ਵਿਚ ਆਮ ਲੋਕਾਂ ਦੀ ਰੁਚੀ ਘਟ ਗਈ ਹੈ ਤੇ ਉਨ੍ਹਾਂ ਨੇ ਦਿਲ – ਪਰਚਾਵੇ ਲਈ ਹੋਰਨਾਂ ਸਾਧਨਾਂ ਨੂੰ ਅਪਣਾਉਣਾ ਸ਼ੁਰੂ ਕਰ ਦਿੱਤਾ ਹੈ।