CBSEEducationNCERT class 10thPunjab School Education Board(PSEB)

ਮੇਰੇ ਵੱਡੇ-ਵਡੇਰੇ : ਪ੍ਰਸ਼ਨ ਉੱਤਰ


ਪ੍ਰਸ਼ਨ 1. ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਕਿਉਂ ਤੋੜ ਲਿਆ?

ਉੱਤਰ : ਲੇਖਕ ਦੇ ਵਡੇਰਿਆਂ ਦਾ ਨੇੜੇ ਦੇ ਪਿੰਡ ‘ਛਾਪੇ’ ਵਿਖੇ ਖ਼ੂਨ ਦਾ ਰਿਸ਼ਤਾ ਹੋਣ ਕਾਰਨ ਵਰਤ-ਵਰਤਾਰਾ ਸੀ। ਉਹਨਾਂ ਇੱਕ ਵਿਆਹ ‘ਤੇ ਲੇਖਕ ਦੇ ਦਾਦਿਆਂ ਨੂੰ ਰੋਟੀ ‘ਤੇ ਸੱਦਿਆ। ਵਿਆਹ ਵਾਲਿਆਂ ਨੇ ਮੇਲ-ਗੇਲ ਲਈ ਗੁੜ ਦੇ ਪ੍ਰਸ਼ਾਦ ਦਾ ਇੱਕ ਕੜਾਹਾ ਕੱਢਿਆ ਸੀ। ਉਹ ਪਹਿਲਾਂ ਸ਼ਰੀਕੇ ਨੂੰ ਖੁਆਉਣਾ ਚਾਹੁੰਦੇ ਸਨ ਪਰ ਲੇਖਕ ਦੇ ਬਾਬੇ ਕੜਾਹ ਖਾਣ ਲਈ ਪਹਿਲਾਂ ਹੀ ਬੈਠ ਗਏ। ਚਾਰਾਂ ਭਰਾਵਾਂ ਨੇ ਕੜਾਹ ਪ੍ਰਸ਼ਾਦ ਦਾ ਸਾਰਾ ਕੜਾਹਾ ਸਮੇਟ/ਮੁਕਾ ਛੱਡਿਆ। ਛਾਪੇ ਪਿੰਡ ਵਾਲਿਆਂ ਨੇ ਬਾਬਿਆਂ ਦੀ ਇਹ ਕਰਾਮਾਤ ਦੇਖ ਕੇ ਫ਼ੈਸਲਾ ਕਰ ਲਿਆ ਕਿ ਅੱਗੇ ਤੋਂ ਨਾ ਕਦੇ ਇਹਨਾਂ ਦੇ ਵਿਆਹ-ਸ਼ਾਦੀ ‘ਤੇ ਜਾਣਾ ਹੈ ਅਤੇ ਨਾ ਹੀ ਇਹਨਾਂ ਨੂੰ ਮੁੜ ਕੇ ਸੱਦਣਾ ਹੈ। ਇਸ ਤਰ੍ਹਾਂ ਛਾਪੇ ਪਿੰਡ ਵਾਲਿਆਂ ਨੇ ਲੇਖਕ ਦੇ ਵਡੇਰਿਆਂ ਤੋਂ ਨਾਤਾ ਤੋੜ ਲਿਆ।

ਪ੍ਰਸ਼ਨ 2. ਪੁਰਾਣੇ ਸਮੇਂ ਵਿੱਚ ਭਲਵਾਨ ਕਿਵੇਂ ਪਿੰਡਾਂ ਉੱਤੇ ਫ਼ਤਿਹ ਪ੍ਰਾਪਤ ਕਰਦੇ ਸਨ?

ਉੱਤਰ : ਪੁਰਾਣੇ ਸਮੇਂ ਵਿੱਚ ਪਹਿਲਵਾਨ/ਭਲਵਾਨ ਢੋਲੀ (ਢੋਲ ਵਾਲੇ) ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜ ਕੇ ਰਵਾਨਾ ਹੁੰਦੇ ਅਥਵਾ ਅੱਗੇ ਵਧਦੇ ਸਨ। ਇੱਕ ਪਿੰਡ ਨੂੰ ਜਿੱਤ ਕੇ ਉਹ ਦੂਜੇ ਪਿੰਡ ‘ਤੇ ਚੜ੍ਹਾਈ (ਹੱਲਾ) ਕਰ ਦਿੰਦੇ ਸਨ। ਉਹਨਾਂ ਦੇ ਨਾਲ ਮਸਤੇ ਹੋਏ ਮੁੰਡਿਆਂ ਦਾ ਟੋਲਾ ਅਤੇ ਉਹਨਾਂ (ਪਹਿਲਵਾਨਾਂ) ਦੇ ਕਈ ਚਾਂਭਲੇ ਹੋਏ ਸ਼ਗਿਰਦ ਹੁੰਦੇ ਸਨ। ਉਹ ਜਿਸ ਪਿੰਡ ਪਹੁੰਚਦੇ, ਉਸ ਪਿੰਡ ਦੇ ਲੋਕਾਂ ਲਈ ਪਹਿਲਵਾਨਾਂ ਦਾ ਸੁਆਗਤ ਕਰਨਾ ਜ਼ਰੂਰੀ ਹੁੰਦਾ ਸੀ। ਸੁਆਗਤ ਤੋਂ ਬਾਅਦ ਪਹਿਲਵਾਨ ਸਭਾ ਵਿੱਚ ਝੰਡਾ ਗੱਡ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਇੱਥੇ ਕੋਈ ਤਾਕਤ/ਜ਼ੋਰ ਵਾਲਾ ਬੰਦਾ ਹੈ ਤਾਂ ਉਹਨਾਂ ਨਾਲ ਘੁਲ ਲਵੇ। ਜਿਸ ਪਿੰਡ ਵਿੱਚ ਮੁਕਾਬਲਾ ਕਰਨ ਵਾਲਾ ਕੋਈ ਪਹਿਲਵਾਨ ਨਾ ਹੁੰਦਾ ਉਸ ਪਿੰਡ ਤੋਂ ਉਹ ਪੱਕੀ ਰਸਦ ਲੈ ਕੇ ਭਾਵ ਉਸ ਨੂੰ ਜਿੱਤਿਆ ਸਮਝ ਕੇ ਅਗਲੇ ਪਿੰਡ ‘ਤੇ ਚੜ੍ਹਾਈ ਕਰਦੇ।

ਪ੍ਰਸ਼ਨ 3. ਲੋਕ ਭਲਵਾਨਾਂ ਦਾ ਕਿਵੇਂ ਸਤਿਕਾਰ ਕਰਦੇ ਸਨ?

ਉੱਤਰ : ਪੁਰਾਣੇ ਜ਼ਮਾਨੇ ਵਿੱਚ ਭਲਵਾਨ/ਪਹਿਲਵਾਨ ਢੋਲੀ ਨੂੰ ਨਾਲ ਲੈ ਕੇ ਜਿੱਤ ਦਾ ਝੰਡਾ ਫੜੀ ਰਵਾਨਾ ਹੁੰਦੇ ਸਨ। ਉਹ ਜਿਸ ਵੀ ਪਿੰਡ ਵਿੱਚ ਪੁੱਜਦੇ ਉੱਥੋਂ ਦੇ ਲੋਕਾਂ ਲਈ ਉਹਨਾਂ ਦਾ ਸੁਆਗਤ ਕਰਨਾ ਜ਼ਰੂਰੀ ਹੁੰਦਾ ਸੀ। ਪਿੰਡ ਦੇ ਲੋਕ ਭਲਵਾਨਾਂ/ਪਹਿਲਵਾਨਾਂ ਦੀ ਚੰਗੀ ਆਉ-ਭਗਤ ਅਥਵਾ ਸਤਿਕਾਰ ਕਰਦੇ ਸਨ। ਪੁਰਾਣੇ ਜ਼ਮਾਨੇ ਵਿੱਚ ਲੋਕ ਪਹਿਲਵਾਨਾਂ ਨੂੰ ਘਿਓ ਇਕੱਠਾ ਕਰ ਕੇ ਦਿੰਦੇ ਸਨ। ਉਹ ਗੁੜ ਤੇ ਕੱਪੜੇ ਦੇ ਥਾਨਾਂ ਦੀਆਂ ਪੰਡਾਂ ਬੰਨ੍ਹ ਦਿੰਦੇ ਸਨ। ਪੀਰਾਂ-ਫ਼ਕੀਰਾਂ ਵਾਂਗ ਪਹਿਲਵਾਨਾਂ ਨੂੰ ਨਕਦੀ (ਰੁਪਏ-ਪੈਸੇ) ਵੀ ਚੜ੍ਹਾਈ ਜਾਂਦੀ ਸੀ। ਇਸ ਤਰ੍ਹਾਂ ਲੋਕ ਪਹਿਲਵਾਨਾਂ ਦਾ ਬਹੁਤ ਸਤਿਕਾਰ ਕਰਦੇ ਸਨ।

ਪ੍ਰਸ਼ਨ 4. ਬਾਬੇ ਪੁਨੂੰ ਤੇ ਭਲਵਾਨ ਵਿਚਕਾਰ ਹੋਈ ਕੁਸ਼ਤੀ ਦਾ ਵਰਨਣ ਕਰੋ।

ਉੱਤਰ : ਪਹਿਲਵਾਨ ਦਾ ਤਕੜਾ ਸਰੀਰ ਦੇਖ ਕੇ ਸਭ ਹੈਰਾਨ ਸਨ ਕਿ ਉਸ ਨਾਲ ਕੌਣ ਘੁਲ਼ੇਗਾ! ਬਾਬੇ ਪੁਨੂੰ ਨੂੰ ਦੇਖ ਕੇ ਪਹਿਲਵਾਨ ਨੇ ਕਿਹਾ ਕਿ ਜੇਕਰ ਮੁਕਾਬਲਾ ਕਰਨਾ ਹੈ ਤਾਂ ਪਹਿਲਵਾਨ ਨੂੰ ਕੱਢੋ। ਬਾਬਾ ਪੁਨੂੰ ਨੇ ਪਹਿਲਵਾਨ ਨੂੰ ਹੌਸਲੇ ਨਾਲ ਕਿਹਾ ਕਿ ਉਹ ਪਹਿਲਾਂ ਉਸ ਅੱਖੜ ਜਿਹੇ ਬੰਦੇ ਨਾਲ ਹੀ ਦੋ ਹੱਥ ਕਰ ਲਵੇ। ਇੱਕ ਦੋ ਸ਼ੁਰੂਆਤੀ ਹੱਥ ਕਰਨ ਪਿੱਛੋਂ ਬਾਬੇ ਪੁਨੂੰ ਨੇ ਪਹਿਲਵਾਨ ਦੀ ਠੋਡੀ ਹੇਠ ਕੂਹਣੀ ਦੀ ਰੋਕ ਦੇ ਕੇ ਮਗਰੋਂ ਗਰਦਨ ਵੱਲੋਂ ਵਲੇਵੇਂ ਨਾਲ ਉਤਾਂਹ ਨੂੰ ਚੁੱਕ ਕੇ ਪਹਿਲਵਾਨ ਨੂੰ ਬਾਹਾਂ ‘ਤੇ ਜ਼ਮੀਨ ਤੋਂ ਉੱਪਰ ਇਸ ਤਰ੍ਹਾਂ ਚੁੱਕਿਆ ਕਿ ਉਸ ਦੇ ਪੈਰ ਜ਼ਮੀਨ ‘ਤੇ ਨਾ ਲੱਗਣ। ਉਸ ਦਾ ਸਾਰਾ ਭਾਰ ਮੂੰਹ ਦੀ ਠੋਡੀ ਅਤੇ ਗਰਦਨ ‘ਤੇ ਆਣ ਪਿਆ। ਥੋੜ੍ਹੀ ਦੇਰ ਬਾਅਦ ਜਦ ਉਸ ਦੀਆਂ ਅੱਖਾਂ ਦੇ ਆਨੇ ਬਾਹਰ ਆਉਣ ਲੱਗੇ, ਸਿਰ ਚਕਰਾਇਆ ਤਾਂ ਉਸ ਦਾ ਘੋਰੜੂ ਵੱਜਣ ਲੱਗਾ। ਪਹਿਲਵਾਨ ਨੇ ਮਸਾਂ ਇਸ਼ਾਰਿਆਂ ਨਾਲ ਜਾਨ ਬਖ਼ਸ਼ਾਉਣ ਦੇ ਵਾਸਤੇ ਪਾ ਕੇ ਪਿੱਛਾ ਛੁਡਾਇਆ। ਲੋਕ ਪਹਿਲਵਾਨ ਨੂੰ ਘੇਰ ਕੇ ਅਖਾੜੇ ਵੱਲ ਖਿੱਚਦੇ ਸਨ ਅਤੇ ਉਹ ਉੱਥੋਂ ਦੌੜਨ ਦੇ ਰਾਹ ਲੱਭਦਾ ਸੀ। ਅੰਤ ਦਿਨ ਛਿਪਣ ਤੋਂ ਪਹਿਲਾਂ ਉਹ ਆਪਣਾ ਇਕੱਠਾ ਕੀਤਾ ਸਮਾਨ ਛੱਡ ਕੇ ਦੌੜ ਗਿਆ। ਲੋਕਾਂ ਦੇ ਦਿਲਾਂ ਵਿੱਚ ਬਾਬੇ ਪੁਨੂੰ ਦੀ ਜਿੱਤ ਦੀ ਧੁਨੀ ਕਈ ਸਾਲਾਂ ਤੱਕ ਗੂੰਜਦੀ ਰਹੀ।

ਪ੍ਰਸ਼ਨ 5. ‘ਕਿਧਰੇ ਸਾਡੇ ਬਾਬੇ ਵੀ ਕੋਈ ਦਿਓ-ਦਾਨੋਂ ਤਾਂ ਨਹੀਂ ਸਨ? ’ ‘ਮੇਰੇ ਵੱਡੇ-ਵਡੇਰੇ’ ਲੇਖ ਦੇ ਪ੍ਰਸੰਗ ਵਿੱਚ ਇਸ ਕਥਨ ਦੀ ਪੁਸ਼ਟੀ ਕਰੋ।

ਉੱਤਰ : ਲੇਖਕ ਕਹਿੰਦਾ ਹੈ ਕਿ ਜਦ ਉਹ ਛੋਟਾ ਹੁੰਦਾ ਸੀ ਤਾਂ ਉਸ ਨੂੰ ਦਿਓਆਂ ਅਥਵਾ ਜਿੰਨ-ਭੂਤਾਂ ਦੀਆਂ ਕਹਾਣੀਆਂ ਸੁਣ ਕੇ ਜਿੰਨਾ ਡਰ ਲੱਗਦਾ ਸੀ ਓਨਾ ਹੀ ਡਰ ਆਪਣੇ ਵੱਡੇ-ਵਡੇਰਿਆਂ/ਬਜ਼ੁਰਗਾਂ ਦੀਆਂ ਗੱਲਾਂ ਸੁਣ ਕੇ ਲੱਗਦਾ ਸੀ। ਅਜਿਹਾ ਇਸ ਲਈ ਸੀ ਕਿਉਂਕਿ ਲੇਖਕ ਦੇ ਵੱਡੇ-ਵਡੇਰਿਆਂ ਦੇ ਜੀਵਨ ਦੀਆਂ ਘਟਨਾਵਾਂ ਅਥਵਾ ਉਹਨਾਂ ਦੀਆਂ ਗੱਲਾਂ ਅਸਾਧਾਰਨ ਸਨ। ਉਹਨਾਂ ਦੇ ਅਸਾਧਾਰਨ ਕਾਰਨਾਮੇ ਸਨ। ਇਹਨਾਂ ਨੂੰ ਸੁਣ ਕੇ ਲੱਗਦਾ ਹੈ ਕਿ ਇਹ ਬਜ਼ੁਰਗ ਕਰਾਮਾਤੀ ਸਨ। ਇਸੇ ਪ੍ਰਸੰਗ ਵਿੱਚ ਲੇਖਕ ਕਹਿੰਦਾ ਹੈ ਕਿ ਕਈ ਵਾਰ ਖ਼ਿਆਲ ਆਉਂਦਾ ਹੈ ਕਿ ਕਿਤੇ ਉਹਨਾਂ ਦੇ ਬਾਬੇ ਵੀ ਕੋਈ ਦਿਓ-ਦਾਨਵ ਤਾਂ ਨਹੀਂ ਸਨ! ਅਸਲੀਅਤ ਇਹ ਹੈ ਕਿ ਉਹ ਸਧਾਰਨ ਮਨੁੱਖ ਸਨ। ਪਰ ਉਹਨਾਂ ਦੇ ਸਰੀਰ ਅਸਾਧਾਰਨ ਰੂਪ ਵਿੱਚ ਨਰੋਏ ਸਨ।

ਪ੍ਰਸ਼ਨ 6. ਇਸ ਪਾਠ (ਮੇਰੇ ਵੱਡੇ-ਵਡੇਰੇ) ਵਿੱਚ ਬਾਬਿਆਂ ਦੀਆਂ ਭੈਣਾਂ ਦੇ ਕਾਰਨਾਮਿਆਂ ਦਾ ਜੋ ਜ਼ਿਕਰ ਆਇਆ ਹੈ, ਉਸ ਨੂੰ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ‘ਮੇਰੇ ਵੱਡੇ-ਵਡੇਰੇ’ ਲੇਖ ਵਿੱਚ ਲੇਖਕ ਦੇ ਬਾਬਿਆਂ ਦੇ ਕਾਰਨਾਮਿਆਂ ਦਾ ਹੀ ਵਰਨਣ ਨਹੀਂ ਮਿਲਦਾ ਸਗੋਂ ਉਹਨਾਂ ਦੀਆਂ ਭੈਣਾਂ ਦੇ ਕਾਰਨਾਮਿਆਂ ਦੀ ਜਾਣਕਾਰੀ ਵੀ ਮਿਲਦੀ ਹੈ। ਲੇਖਕ ਦੱਸਦਾ ਹੈ ਕਿ ਬਾਬਿਆਂ ਦੀਆਂ ਭੈਣਾਂ ਵੀ ਬਹੁਤ ਤਾਕਤਵਰ ਸਨ। ਇੱਕ ਵਾਰ ਉਹਨਾਂ ਦੇ ਪਰਿਵਾਰ ਦੇ ਸਾਰੇ ਜੀਅ ਬਾਹਰ ਜੁਆਰ/ਜਵਾਰ ਦੇ ਸਿੱਟੇ ਡੁੰਗਦੇ (ਤੋੜਦੇ) ਸਨ। ਉਹਨਾਂ ਦੀ ਛੋਟੀ ਭੈਣ ਰੋਟੀ ਦੇ ਕੇ ਮੁੜਨ ਵੇਲੇ ਡੂੰਗੇ (ਤੋੜੇ) ਹੋਏ ਸਿੱਟਿਆਂ ਦੀ ਪੰਡ ਬੰਨ੍ਹ ਲਿਆਈ ਜਿਸ ਵਿੱਚੋਂ ਪੰਜ ਮਣ ਕੱਚੀ ਜੁਆਰ ਨਿਕਲ਼ੀ ਤੇ ਬਾਕੀ ਨਿਕ-ਸੁਕ ਬਿਨਾਂ ਤੋਲਣ ਦੇ ਸੁੱਟ ਦਿੱਤਾ ਗਿਆ ਸੀ। ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਹੋਈ ਭੈਣ ਨੇ ਪਹਿਲਵਾਨ ਦੇ ਮੁਗਦਰ ਨੂੰ ਪਹਿਲੀ ਵਾਰ ਨਾਲ ਦੇ ਖੋਲੇ਼ ਵਿੱਚ ਵਗਾਹ ਮਾਰਿਆ ਤੇ ਦੂਜੀ ਵਾਰ ਏਨੇ ਜ਼ੋਰ ਦੀ ਵਗਾਹਿਆ ਕਿ ਅਗਲੇ ਖੋਲ਼ੇ ਦੀ ਕੰਧ ਢਹਿ ਗਈ। ਇਸ ਮੁਗਦਰ ਨੂੰ ਇਸ ਪਹਿਲਵਾਨ ਤੋਂ ਬਿਨਾਂ ਨੇੜੇ ਦੇ ਪਿੰਡ ਵਿੱਚ ਵੀ ਕੋਈ ਨਹੀਂ ਸੀ ਚੁੱਕ ਸਕਦਾ। ਪਹਿਲਵਾਨ ਏਨਾ ਘਬਰਾਇਆ ਕਿ ਉਸ ਨੇ ਬਾਬਿਆਂ ਦੀ ਭੈਣ ਦੀ ਤਾਕਤ ਨੂੰ ਮੰਨ ਕੇ ਪਹਿਲਵਾਨੀ ਛੱਡ ਦਿੱਤੀ।

ਪ੍ਰਸ਼ਨ 7. ਹੇਠ ਲਿਖੇ ਮੁਹਾਵਰਿਆਂ ਅਤੇ ਮੁਹਾਵਰੇਦਾਰ ਵਾਕੰਸ਼ਾਂ ਦੇ ਵਾਕ ਬਣਾ ਕੇ ਅਰਥ ਸਪਸ਼ਟ ਕਰੋ :

ਨੱਬਿਆਂ ਦੇ ਲੇਖੇ ਵਿੱਚ ਪੈਣਾ, ਕਾਗ਼ਜ਼ੀ ਭਲਵਾਨ, ਕੁਲ ਨੂੰ ਲੀਕ ਲਾਉਣਾ, ਚੰਨ-ਚਿਰਾਗ, ਡੌਰ-ਭੌਰ ਹੋਣਾ, ਪੱਤਰਾ ਵਾਚਣਾ, ਦਾਅ ਲੱਗਣਾ, ਮਾਰ-ਧਾੜ।

ਉੱਤਰ : ਨੱਬਿਆਂ ਦੇ ਲੇਖੇ ਵਿੱਚ ਪੈਣਾ : ਜਦੋਂ ਦਾ ਉਹ ਕਲਰਕੀ ਕਰਨ ਲੱਗ ਪਿਆ ਹੈ ਉਹ ਨੱਬਿਆਂ ਦੇ ਲੇਖੇ ਵਿੱਚ ਪਿਆ ਰਹਿੰਦਾ ਹੈ।

ਕਾਗ਼ਜ਼ੀ ਭਲਵਾਨ : ਲੇਖਕ ਦੇ ਇਕਹਿਰੇ ਸਰੀਰ ਨੂੰ ਵੇਖ ਕੇ ਪਿੰਡ ਦੇ ਲੋਕ ਉਸ ਨੂੰ ਕਾਗ਼ਜ਼ੀ ਭਲਵਾਨ ਆਖ ਕੇ ਮਜ਼ਾਕ ਕਰਦੇ ਸਨ।

ਕੁਲ ਨੂੰ ਲੀਕ ਲਾਉਣਾ : ਲੇਖਕ ਦੀ ਸਿਹਤ ਆਪਣੇ ਦਾਦਿਆਂ-ਬਾਬਿਆਂ ਵਰਗੀ ਨਹੀਂ ਸੀ। ਇਸ ਲਈ ਸਾਰੇ ਕਹਿੰਦੇ ਸਨ ਕਿ ਉਸ ਨੇ ਆਪਣੀ ਕੁਲ ਨੂੰ ਲੀਕ ਲਾ ਦਿੱਤੀ ਹੈ।

ਚੰਨ-ਚਿਰਾਗ : ਲੇਖਕ ਆਪਣੀ ਕੁਲ ਦਾ ਚੰਨ-ਚਿਰਾਗ ਸੀ।

ਡੌਰ-ਭੌਰ ਹੋਣਾ : ਦਾਦੇ ਪੁਨੂੰ ਦੀ ਤਾਕਤ ਦੇਖ ਕੇ ਪਹਿਲਵਾਨ ਡੌਰ-ਭੌਰ ਹੋ ਗਿਆ।

ਪੱਤਰਾ ਵਾਚਣਾ : ਬਾਬੇ ਪੁਨੂੰ ਤੋਂ ਡਰਦਿਆਂ ਹੀ ਪਹਿਲਵਾਨ ਪੱਤਰਾ ਵਾਚ ਗਿਆ।

ਦਾਅ ਲੱਗਣਾ : ਚੋਰ ਇਸ ਉਡੀਕ ਵਿੱਚ ਸੀ ਕਿ ਜਦੋਂ ਵੀ ਉਸ ਦਾ ਦਾਅ ਲੱਗਾ ਉਹ ਭੱਜ ਜਾਵੇਗਾ।

ਮਾਰ-ਧਾੜ : ਪੁਰਾਣੇ ਸਮੇਂ ਵਿੱਚ ਜੰਗਲ ਦੇ ਇਲਾਕੇ ਵਿੱਚ ਲੱਕੜ ਦੀ ਮਾਰ-ਧਾੜ ਹੁੰਦੀ ਰਹਿੰਦੀ ਸੀ।

ਪ੍ਰਸ਼ਨ 8. ਆਪਣੇ ਵੱਡੇ-ਵਡੇਰਿਆਂ ਬਾਰੇ ਲੇਖਕ (ਗਿਆਨੀ ਗੁਰਦਿੱਤ ਸਿੰਘ) ਨੇ ਕੀ ਜਾਣਕਾਰੀ ਦਿੱਤੀ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਲੇਖਕ (ਗਿਆਨੀ ਗੁਰਦਿੱਤ ਸਿੰਘ) ਦੱਸਦਾ ਹੈ ਕਿ ਉਸ ਦੇ ਦਾਦੇ-ਪੜਦਾਦੇ/ਵੱਡੇ-ਵਡੇਰੇ ਆਪਣੇ ਜ਼ਮਾਨੇ ਦੇ ਮਨੁੱਖ ਸਨ। ਉਹ ਪੁਰਾਣੇ ਪੰਜਾਬ ਦੇ ਨਮੂਨੇ ਦੇ ਪੁਰਖੇ ਸਨ। ਲੇਖਕ ਨੇ ਆਪਣੇ ਦਾਦੇ-ਬਾਬੇ ਆਪਣੀਆਂ ਅੱਖਾਂ ਨਾਲ ਨਹੀਂ ਸਨ ਦੇਖੇ। ਉਹ ਰੱਜ ਕੇ ਖਾਣ ਅਤੇ ਦੱਬ ਕੇ ਵਾਹੁਣ ਵਾਲੇ ਸਨ। ਨੇੜੇ-ਤੇੜੇ ਦੇ ਪਿੰਡਾਂ ਲਈ ਉਹ ਹਊਆ ਬਣੇ ਹੋਏ ਸਨ। ਲੇਖਕ ਦੇ ਬਾਬੇ (ਚਾਰੇ ਭਰਾ) ਜਿਸ ਖੇਤ ਵਿੱਚੋਂ ਲੰਘ ਜਾਂਦੇ ਸਨ ਉਸ ਵਿੱਚ ਡੰਡੀ ਪੈ ਜਾਂਦੀ ਸੀ। ਜ਼ੋਰਾਵਰੀ ਦੇ ਪੱਖੋਂ ਵੀ ਉਹ ਬਹੁਤ ਮਸ਼ਹੂਰ ਸਨ। ਦਾਦੇ ਪੁਨੂੰ ਨੇ ਪਹਿਲਵਾਨ ਦਾ ਅਜਿਹਾ ਹਾਲ ਕੀਤਾ ਸੀ ਕਿ ਉਸ ਨੂੰ ਜਾਨ ਬਚਾ ਕੇ ਭੱਜਣਾ ਪਿਆ ਸੀ।

ਪ੍ਰਸ਼ਨ 9. ਲੇਖਕ (ਗਿਆਨੀ ਗੁਰਦਿੱਤ ਸਿੰਘ) ਦੇ ਦਾਦਿਆਂ-ਬਾਬਿਆਂ ਦੇ ਤਾਕਤਵਰ ਹੋਣ ਦੀਆਂ ਕਿਹੜੀਆਂ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਹਨ?

ਉੱਤਰ : ਲੇਖਕ ਦੇ ਦਾਦੇ-ਬਾਬੇ ਰੱਜ ਕੇ ਖਾਣ ਵਾਲ਼ੇ ਹੀ ਨਹੀਂ ਸਨ ਸਗੋਂ ਉਹ ਸਰੀਰਿਕ ਤੌਰ ‘ਤੇ ਵੀ ਬਹੁਤ ਤਾਕਤਵਰ ਸਨ। ਬਾਬੇ ਪੁਨੂੰ ਨੇ ਨਾਮੀ ਪਹਿਲਵਾਨ ਦਾ ਅਜਿਹਾ ਹਾਲ ਕੀਤਾ ਸੀ ਕਿ ਉਸ ਨੂੰ ਜਾਨ ਬਚਾ ਕੇ ਭੱਜਣਾ ਪਿਆ। ਦਾਦਾ/ਬਾਬਾ ਦਾਸ ਇਕੱਲਾ ਹੀ ਕਿੱਕਰ ਦੀ ਉਹ ਗੇਲੀ ਚੁੱਕ ਲਿਆਇਆ ਸੀ ਜਿਸ ਦੀ ਲਟੈਣ (ਵੱਡਾ ਸ਼ਤੀਰ) ਚੜ੍ਹਾਉਣ ਵੇਲੇ ਪਿੰਡ ਦੇ ਚੋਣਵੇਂ ਅੱਠ-ਦਸ ਗੱਭਰੂ ਇਕੱਠੇ ਕਰਨੇ ਪਏ ਸਨ।

ਪ੍ਰਸ਼ਨ 10. ਲੇਖਕ ਦੇ ਪਿੰਡ ਆਏ ਪਹਿਲਵਾਨ ਦਾ ਪ੍ਰਸੰਗ ਬਿਆਨ ਕਰੋ।

ਉੱਤਰ : ਜੰਗਲ ਵੱਲ ਦਾ ਇੱਕ ਭੂਤਰਿਆ/ਮੱਛਰਿਆ ਹੋਇਆ ਪਹਿਲਵਾਨ ਜਿੱਤ ਦਾ ਝੰਡਾ ਲਹਿਰਾਉਂਦਾ ਲੇਖਕ ਦੇ ਪਿੰਡ ਆ ਗੱਜਿਆ। ਪਿੰਡ ਦੇ ਚੌਧਰੀ ਚੜ੍ਹਤ ਸਿੰਘ ਨੇ ਉਸ ਦਾ ਸੁਆਗਤ ਕੀਤਾ। ਲੇਖਕ ਦੇ ਛੋਟੇ ਜਿਹੇ ਪਿੰਡ ਨੂੰ ਦੇਖ ਕੇ ਪਹਿਲਵਾਨ ਹੰਕਾਰ ਵਿੱਚ ਆ ਗਿਆ। ਉਹ ਘੜੀ-ਮੁੜੀ ਕਹਿੰਦਾ ਸੀ ਕਿ ਇੱਥੋਂ ਦਾ ਤਾਂ ਕਦੇ ਕੋਈ ਪਹਿਲਵਾਨ ਸੁਣਿਆ ਹੀ ਨਹੀਂ। ਉਹ ਪੱਕੀ ਰਸਦ ਲੈ ਕੇ ਅਗਲੇ ਪਿੰਡ ਜਾਣਾ ਚਾਹੁੰਦਾ ਸੀ। ਪਰ ਦਾਦੇ/ਬਾਬੇ ਪੁਨੂੰ ਨੇ ਉਸ ਦਾ ਅਜਿਹਾ ਮੁਕਾਬਲਾ ਕੀਤਾ ਕਿ ਉਹ ਪਹਿਲਵਾਨ ਆਪਣੀ ਜਾਨ ਬਚਾ ਕੇ ਭੱਜ ਗਿਆ।

ਪ੍ਰਸ਼ਨ 11. ਚੌਧਰੀ ਚੜ੍ਹਤ ਸਿੰਘ ਦੇ ਬਾਬੇ ਪੁਨੂੰ ਕੋਲ ਜਾਣ ਦਾ ਕਾਰਨ ਦੱਸੋ।

ਉੱਤਰ : ਪਹਿਲਵਾਨਾਂ ਦੇ ਜਥੇ ਨੂੰ ਰਾਤ ਦੀ ਰਸਦ ਦੇ ਕੇ ਚੌਧਰੀ ਚੜ੍ਹਤ ਸਿੰਘ ਬਾਬੇ ਪੁਨੂੰ ਕੋਲ ਆਇਆ। ਬਾਬੇ ਨੇ ਉਸ ਨੂੰ ਕੁਵੇਲ਼ੇ ਆਉਣ ਦਾ ਕਾਰਨ ਪੁੱਛਿਆ ਤਾਂ ਚੌਧਰੀ ਨੇ ਬਾਬੇ ਪੁਨੂੰ ਨੂੰ ਸਾਰੀ ਗੱਲ ਸੁਣਾਈ। ਉਸ ਨੇ ਪਿੰਡ ਦੀ ਇੱਜ਼ਤ ਦਾ ਵਾਸਤਾ ਪਾ ਕੇ ਬਾਬੇ ਨੂੰ ਕਿਹਾ ਕਿ ਉਹ ਹੀ ਪਿੰਡ ਦੀ ਇੱਜ਼ਤ ਰੱਖ ਸਕਦਾ ਹੈ। ਇਸ ਲਈ ਚੌਧਰੀ ਨੇ ਬਾਬੇ ਨੂੰ ਇੱਕ ਵਾਰ ਹਾਂ ਕਰ ਦੇਣ ਲਈ ਕਿਹਾ। ਚੌਧਰੀ ਬਾਬੇ ਦੀ ਤਾਕਤ ਨੂੰ ਜਾਣਦਾ ਸੀ ਕਿ ਉਹ ਕਈ ਪਹਿਲਵਾਨਾਂ ਨਾਲੋਂ ਵੱਧ ਤਾਕਤਵਰ ਹੈ। ਇਸ ਲਈ ਉਸ ਨੇ ਬਾਬੇ ਤੋਂ ਹਾਂ ਦੀ ਮੰਗ ਕੀਤੀ।

ਪ੍ਰਸ਼ਨ 12. ਚੌਧਰੀ ਨੇ ਜਦ ਬਾਬੇ ਪੁਨੂੰ ਨੂੰ ਪਹਿਲਵਾਨ ਦਾ ਮੁਕਾਬਲਾ ਕਰਨ ਲਈ ਕਿਹਾ ਤਾਂ ਉਸ ਨੇ ਕੀ ਜਵਾਬ ਦਿੱਤਾ?

ਉੱਤਰ : ਬਾਬੇ ਪੁਨੂੰ ਨੇ ਸੋਚ-ਸੋਚ ਕੇ ਕਿਹਾ ਕਿ ਚੌਧਰੀ ਦਾ ਕਹਿਣਾ ਮੋੜਨਾ ਵੀ ਔਖਾ ਹੈ ਕਿਉਂਕਿ ਉਹ ਮਾਣ ਨਾਲ ਆਇਆ ਹੈ। ਪਰ ਲਵੇਰੀਆਂ ਦੇ ਦੁੱਧ ਸੁੱਕ ਗਏ ਹਨ ਤੇ ਖਾਣ-ਪੀਣ ਨੂੰ ਚੱਜ-ਹਾਲ ਦੀ ਰੋਟੀ ਵੀ ਨਹੀਂ ਜੁੜਦੀ। ਇਸ ਲਈ ਚੌਧਰੀ ਕਿਤੇ ਸੁੱਕੇ ਹੱਡੀਂ ਹੀ ਨਾ ਮਰਵਾ ਦੇਵੇ। ਬਾਬੇ ਨੇ ਅੱਧੀ ਸਹਿਮਤੀ ਪ੍ਰਗਟਾਉਂਦਿਆਂ ਨਿਹੋਰੇ ਨਾਲ ਕਿਹਾ।

ਚੌਧਰੀ ਨੇ ਬਾਬੇ ਨੂੰ ਹੌਸਲਾ ਦਿੰਦਿਆਂ ਕਿਹਾ ਕਿ ਉਹ ਇੱਕ-ਦੋ ਦਿਨ ਉਸ ਨੂੰ ਤਿਓੜ ਕਰ ਕੇ ਮੋਠ-ਬਾਜਰੇ ਦੀ ਰੱਜਵੀਂ ਖਿਚੜੀ ਭੇਜਦਾ ਰਹੇਗਾ। ਇਸ ਤਰ੍ਹਾਂ ਚੌਧਰੀ ਨੇ ਬਾਬੇ ਪੁਨੂੰ ਨੂੰ ਪਹਿਲਵਾਨ ਨਾਲ ਘੁਲਣ ਲਈ ਤਿਆਰ/ਰਾਜ਼ੀ ਕੀਤਾ।

ਪ੍ਰਸ਼ਨ 13. ਪਹਿਲਵਾਨ ਵੱਲੋਂ ਪੱਕੀ ਰਸਦ ਲੈ ਕੇ ਅਗਲੇ ਪਿੰਡ ਜਾਣ ਬਾਰੇ ਕਹਿਣ ‘ਤੇ ਚੌਧਰੀ ਚੜ੍ਹਤ ਸਿੰਘ ਨੇ ਕੀ ਕਿਹਾ?

ਉੱਤਰ : ਪਹਿਲਵਾਨ ਲੇਖਕ ਦਾ ਛੋਟਾ ਜਿਹਾ ਪਿੰਡ ਦੇਖ ਕੇ ਹੰਕਾਰ ਵਿੱਚ ਆ ਕੇ ਕਹਿਣ ਲੱਗਾ ਕਿ ਇੱਥੋਂ ਦਾ ਤਾਂ ਕੋਈ ਪਹਿਲਵਾਨ ਸੁਣਿਆ ਹੀ ਨਹੀਂ। ਇਸ ਲਈ ਉਹ ਪੱਕੀ ਰਸਦ ਦੇ ਦੇਣ ਤਾਂ ਜੋ ਉਹ ਅਗਲੇ ਪਿੰਡ ਜਾਵੇ। ਪਿੰਡ ਦਾ ਚੌਧਰੀ ਚੜ੍ਹਤ ਸਿੰਘ ਸਿਆਣਾ ਸੀ। ਉਸ ਨੇ ਪਹਿਲਵਾਨ ਨੂੰ ਕਿਹਾ ਕਿ ਰਸਦ ਨੂੰ ਕਿਹੜਾ ਉਹਨਾਂ ਕੋਈ ਨਾਂਹ-ਨੁੱਕਰ ਕਰਨੀ ਹੈ। ਉਹ ਕਿਸੇ ਚੀਜ਼ ਤੋਂ ਇਨਕਾਰੀ ਨਹੀਂ। ਚੰਗੇ ਭਾਗੀਂ ਤਾਂ ਉਹਨਾਂ ਦੇ ਪਿੰਡ ਮਸਾਂ ਪਹਿਲਵਾਨ ਦੇ ਚਰਨ ਪਏ ਹਨ। ਉਸ ਨੇ ਕਿਹਾ ਕਿ ਉਹ ਰਾਤ ਲਈ ਖਾਣ-ਪੀਣ ਜੋਗੀ ਰਸਦ ਭੇਜ ਦਿੰਦੇ ਹਨ। ਬਾਕੀ ਸਾਰੀ ਗੱਲ ਉਹ ਦਿਨ ਚੜ੍ਹਦੇ ਨੂੰ ਨਜਿੱਠ ਲੈਣਗੇ।

ਪ੍ਰਸ਼ਨ 14. ਚੌਧਰੀ ਚੜ੍ਹਤ ਸਿੰਘ ਵੱਲੋਂ ਪਹਿਲਵਾਨ ਨੂੰ ਪੱਕੀ ਰਸਦ ਦੇਣ ਦੀ ਥਾਂ ਮੁਕਾਬਲਾ ਕਰਨ ਦੇ ਪ੍ਰਸੰਗ ਵਿੱਚ ਕੀ ਕਿਹਾ ਗਿਆ?

ਉੱਤਰ : ਚੌਧਰੀ ਚੜ੍ਹਤ ਸਿੰਘ ਨੇ ਪਹਿਲਵਾਨ ਨੂੰ ਕਹਿ ਦਿੱਤਾ ਕਿ ਉਹ ਪੱਕੀ ਰਸਦ ਦੇਣ ਦੀ ਥਾਂ ਦੋ ਹੱਥ ਕਰ ਕੇ ਹੀ ਦੇਖਣਗੇ ਕਿਉਂਕਿ ਲੋਕ ਕਹਿੰਦੇ ਹਨ ਕਿ ਉਹਨਾਂ ਤੋਂ ਪਿੰਡ ਦੀ ਬੇਇੱਜਤੀ/ਹੱਤਕ ਨਹੀਂ ਸਹਾਰੀ ਜਾਂਦੀ। ਇਸ ਲਈ ਮੁਕਾਬਲੇ ਦਾ ਦਿਨ ਮਿੱਥਿਆ ਗਿਆ। ਪਿੰਡਾਂ ਦੇ ਪਿੰਡ ਤਮਾਸ਼ਾ ਦੇਖਣ ਲਈ ਟੁੱਟ ਪਏ। ਉਹਨਾਂ ਨੂੰ ਬਹੁਤੀ ਹੈਰਾਨੀ ਇਸ ਗੱਲ ਦੀ ਸੀ ਕਿ ਟਿੱਡੇ-ਜਿੱਡੇ ਪਿੰਡ ਵਿੱਚ ਕਿਹੜਾ ਨਾਮੀ ਪਹਿਲਵਾਨ ਨਾਲ ਲੋਹਾ ਲੈਣ ਲਈ ਜੰਮ ਪਿਆ ਹੈ।

ਪ੍ਰਸ਼ਨ 15. ਲੇਖਕ (ਗਿਆਨੀ ਗੁਰਦਿੱਤ ਸਿੰਘ) ਨੇ ਪਹਿਲਵਾਨ ਅਤੇ ਉਸ ਦਾ ਮੁਕਾਬਲਾ ਕਰਨ ਵਾਲੇ ਬਾਬੇ ਪੁਨੂੰ ਬਾਰੇ ਜੋ ਜਾਣਕਾਰੀ ਦਿੱਤੀ ਹੈ ਉਸ ਨੂੰ 50-60 ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਢੋਲ ਵੱਜਣ ‘ਤੇ ਛਿੰਝ ਮਘ ਗਈ। ਲੋਕ ਪਹਿਲਵਾਨ ਦੇ ਕਰਤਬੀ ਸਰੀਰ ਨੂੰ ਦੇਖ ਕੇ ਹੈਰਾਨ ਸਨ ਕਿ ਉਸ ਦਾ ਮੁਕਾਬਲਾ ਕੌਣ ਕਰੇਗਾ! ਦੂਸਰੇ ਪਾਸੇ ਬਾਬਾ ਪੁਨੂੰ ਅਖਾੜੇ ਦੇ ਇੱਕ ਪਾਸੇ ਖੇਸ ਦੀ ਬੁੱਕਲ ਮਾਰੀ ਬੈਠਾ ਸੀ। ਜਦੋਂ ਅਖਾੜਾ ਜੰਮ ਗਿਆ ਤਾਂ ਚੌਧਰੀ ਚੜ੍ਹਤ ਸਿੰਘ ਬਾਬੇ ਪੁਨੂੰ ਕੋਲ ਗਿਆ। ਉਸ ਨੂੰ ਮੱਥਾ ਟੇਕ ਕੇ ਚੌਧਰੀ ਨੇ ਉਸ ਨੂੰ ਪਿੰਡ ਦੀ ਇੱਜ਼ਤ ਰੱਖਣ ਲਈ ਕਿਹਾ। ਪਹਿਲਵਾਨ ਦਾ ਜਿਸਮ ਨਾਗ ਵਾਂਗ ਲਿਸ਼ਕਦਾ ਸੀ ਜਦ ਕਿ ਬਾਬੇ ਪੁਨੂੰ ਦੇ ਖੁਰਦਰੇ ਪਿੰਡੇ ਨੂੰ ਤੇਲ ਦੀ ਤਿੱਪ ਵੀ ਨਹੀਂ ਸੀ ਲੱਗੀ ਹੋਈ।

ਪ੍ਰਸ਼ਨ 16. ਇੱਕ ਬੁੱਢੇ ਬਾਬੇ ਵੱਲੋਂ ਸ਼ਹਿਤੂਤ ਦੇ ਡਿੱਗੇ ਦਰਖ਼ਤ ਨੂੰ ਖਿੱਚ ਕੇ ਲੈ ਜਾਣ ਦੀ ਘਟਨਾ ਨੂੰ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਇੱਕ ਪੁਰਾਣੇ ਸ਼ਹਿਤੂਤ/ਸ਼ਤੂਤ ਦਾ ਦਰਖ਼ਤ/ਰੁੱਖ ਹਨੇਰੀ ਨਾਲ ਜੜ੍ਹਾਂ ਤੋਂ ਪੁੱਟਿਆ ਗਿਆ। ਕੋਲ ਖੜ੍ਹੇ ਇੱਕ ਦੋ ਵਿਅਕਤੀਆਂ ਨੇ ਉਧਰੋਂ ਲੰਘ ਰਹੇ ਇੱਕ ਬੁੱਢੇ ਬਾਬੇ ਨੂੰ ਪੁੱਛਿਆ ਕਿ ਇਸ ਰੁੱਖ ਦੀ ਛਾਂਗ-ਛੰਗਾਈ (ਕੱਟ-ਕਟਾਈ) ਕਿਵੇਂ ਕਰੀਏ? ਬਾਬੇ ਨੇ ਕਿਹਾ ਕਿ ਰੁੱਖ ਨੂੰ ਖਿੱਚ ਕੇ ਘਰ ਲੈ ਜਾਵੋ। ਛਾਂਗ-ਛੰਗਾਈ ਆਪੇ ਹੁੰਦੀ ਰਹੇਗੀ। ਉਹਨਾਂ ਵਿਅਕਤੀਆਂ ਨੇ ਬਾਬੇ ਨੂੰ ਕਿਹਾ ਕਿ ਜੇਕਰ ਉਹ ਰੁੱਖ ਖਿੱਚ ਕੇ ਲੈ ਜਾਵੇ ਤਾਂ ਸ਼ਤੂਤ ਉਸ ਦਾ ਹੋਇਆ। ਬਾਬੇ ਨੇ ਬੜਾਂਗ ਵਾਲ਼ੇ ਪਾਸੇ ਤੋਂ ਸ਼ਤੂਤ ਨੂੰ ਉਲਟ-ਪੁਲਟ ਕੇ ਜੜ੍ਹਾਂ ਉਖਾੜ ਦਿੱਤੀਆਂ ਤੇ ਫਿਰ ਜੜ੍ਹਾਂ ਵੱਲੋਂ ਖਿੱਚ ਕੇ ਅੰਦਰ ਵਾੜ ਕੇ ਹੀ ਦਮ ਲਿਆ।

ਪ੍ਰਸ਼ਨ 17. ਬਾਬਾ ਦਾਸ ਵੱਲੋਂ ਕਿੱਕਰ ਦੀ ਗੇਲੀ ਚੁੱਕ ਕੇ ਲੈ ਆਉਣ ਦੀ ਕਥਾ ਆਪਣੇ ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਲੇਖਕ ਦਾ ਵੱਡਾ ਬਾਬਾ ਦਾਸ ਪਸ਼ੂਆਂ ਨੂੰ ਵੱਗ ਨਾਲ ਰਲਾਉਣ ਲਈ ਗਿਆ। ਉਸ ਦੀ ਨਿਗ੍ਹਾ ਕਿੱਕਰ ਦੀ ਇੱਕ ਗੇਲੀ ਉੱਤੇ ਪਈ। ਬਾਬੇ ਨੇ ਚੌਧਰੀ ਨੂੰ ਕਿਹਾ ਕਿ ਇਹ ਟੰਬਾ (ਅਨਘੜ ਡੰਡਾ) ਜਿਹਾ ਕਿਸ ਦਾ ਹੈ? ਉਸ ਨੇ ਜਵਾਬ ਦਿੱਤਾ ਕਿ ਇਹ ਉਸ ਦਾ ਹੈ ਜਿਹੜਾ ਲੈ ਜਾਵੇ। ਚੌਧਰੀ ਨੇ ਅਜਿਹਾ ਵਿਅੰਗ ਵੱਜੋਂ ਕਿਹਾ ਕਿ ਬਾਬਾ ਏਡੀ ਵੱਡੀ ਲੱਕੜ ਨੂੰ ਡੰਡਾ ਹੀ ਦੱਸਦਾ ਹੈ। ਬਾਬੇ ਨੇ ਚੌਧਰੀ ਨੂੰ ਕਿਹਾ ਕਿ ਜੇਕਰ ਉਹ ਲੈ ਗਿਆ ਤਾਂ ਫਿਰ ਉਹ ਬੁਰਾ ਨਾ ਮਨਾਏ। ਬਾਬੇ ਨੇ ਝੱਟ ਮੋਢਾ ਹੇਠਾਂ ਡਾਹ ਕੇ ਕਿੱਕਰ ਦੀ ਗੋਲੀ ਘਰ ਲਿਆ ਸੁੱਟੀ।

ਪ੍ਰਸ਼ਨ 18. ਪਹਿਲਵਾਨ ਨੇ ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਭੈਣ ਦੀ ਤਾਕਤ ਕਿਵੇਂ/ਕਿਉਂ ਮੰਨੀ?

ਉੱਤਰ : ਬਾਬਿਆਂ ਦੀ ਪਿੰਡ ਚੜਿੱਕ ਵਿਆਹੀ ਹੋਈ ਭੈਣ ਨੇ ਪਹਿਲਵਾਨ ਦੇ ਮੁਗਦਰ ਨੂੰ ਪਹਿਲੀ ਵਾਰ ਨਾਲ ਦੇ ਖੋਲੇ ਵਿੱਚ ਵਗਾਹ ਮਾਰਿਆ ਤੇ ਦੂਜੀ ਵਾਰ ਏਨੇ ਜ਼ੋਰ ਦੀ ਵਗਾਹਿਆ ਕਿ ਅਗਲੇ ਖੋਲ਼ੇ ਦੀ ਕੰਧ ਢਹਿ ਗਈ। ਪਹਿਲਵਾਨ ਏਨਾ ਘਬਰਾਇਆ ਕਿ ਉਹ ਦੂਜੇ ਦਿਨ ਥਾਲੀ ਵਿੱਚ ਇੱਕ ਸੌ ਇੱਕ ਰੁਪਈਆ ਅਤੇ ਇੱਕ ਸੁੱਚਾ ਤਿਓਰ ਲੈ ਕੇ ਆਇਆ ਅਤੇ ਬਾਬਿਆਂ ਦੀ ਭੈਣ ਨੂੰ ਭੇਟਾ ਪੇਸ਼ ਕਰ ਕੇ ਕਿਹਾ, “ਚਾਚੀ, ਤੂੰ ਮੇਰੀ ਧਰਮ ਦੀ ਭੈਣ ਹੋਈ। ਧੰਨ ਤੂੰ, ਧੰਨ ਤੇਰੇ ਜਣਦੇ”।

ਪ੍ਰਸ਼ਨ 19. ਚੜਿੱਕ ਵਿਆਹੀ ਬਾਬਿਆਂ ਦੀ ਭੈਣ ਵੱਲੋਂ ਮੁਗਦਰ ਨੂੰ ਖੋਲੇ ਵਿੱਚ ਵਗਾਹ ਸੁੱਟਣ ਦਾ ਵਰਨਣ ਕਰੋ।

ਉੱਤਰ : ਬਾਬਿਆਂ ਦੀ ਚੜਿੱਕ ਵਿਆਹੀ ਭੈਣ ਨੇ ਸ਼ਾਮ ਨੂੰ ਬਾਹਰ ਜਾਣ ਵੇਲ਼ੇ ਰਾਹ ਵਿੱਚ ਇੱਕ ਪਹਿਲਵਾਨ ਨੂੰ ਮੁਗਦਰ ਚੁੱਕਦੇ ਦੇਖਿਆ। ਉਸ ਦੀ ਸੱਸ ਨੇ ਉਸ ਨੂੰ ਦੱਸਿਆ ਕਿ ਪਿੰਡ ਦੇ ਪਹਿਲਵਾਨ ਤੋਂ ਬਿਨਾਂ ਹੋਰ ਕੋਈ ਮੁਗਦਰ ਨਹੀਂ ਚੁੱਕ ਸਕਦਾ। ਸਾਮ੍ਹਣੇ ਪਏ ਮੁਗਦਰ ਨੂੰ ਦੇਖ ਕੇ ਬਾਬਿਆਂ ਦੀ ਭੈਣ ਨੇ ਆਪਣੀ ਸੱਸ ਤੋਂ ਪੁੱਛਿਆ ਕਿ ਇਸ ਨੂੰ ਹੀ ਮੁਗਦਰ ਕਹਿੰਦੇ ਹਨ? ਇਹ ਕਹਿੰਦਿਆਂ ਉਸ ਨੇ ਮੁਗਦਰ ਨੂੰ ਨਾਲ ਲੱਗਦੇ ਇੱਕ ਖੋਲ਼ੇ ਵਿੱਚ ਵਗਾਹ ਸੁੱਟਿਆ। ਅਗਲੇ ਦਿਨ ਚਾਰ-ਪੰਜ ਜਣੇ ਮੁਗਦਰ ਨੂੰ ਰੇੜ੍ਹ ਕੇ ਲਿਆਏ।

ਪ੍ਰਸ਼ਨ 20. ਮੰਗਲ ਸਿੰਘ ਬਾਰੇ ਜਾਣਕਾਰੀ ਦਿਓ।

ਉੱਤਰ : ਚੜਿੱਕ ਵਿਆਹੀ ਬਾਬਿਆਂ ਦੀ ਭੈਣ ਦੇ ਦੋ ਪੁੱਤਰ ਸਨ। ਇਹਨਾਂ ਵਿੱਚੋਂ ਵੱਡਾ ਮੰਗਲ ਸਿੰਘ ਨਾਮੀ ਪਹਿਲਵਾਨ ਸੀ। ਉਹ ਆਪਣੇ ਮਾਮਿਆਂ ਨੂੰ ਮਿਲਨ ਲਈ ਲੇਖਕ ਦੇ ਪਿੰਡ ਗਿਆ। ਲੋਕਾਂ ਨੇ ਉਸ ਨੂੰ ਘੁਲਨ-ਖੇਡਣ ਲਈ ਇੱਕ ਮਹੀਨੇ ਲਈ ਉੱਥੇ ਰੱਖ ਲਿਆ। ਉਸ ਨੂੰ ਮੂੰਗਲੀਆਂ ਫੇਰਦੇ ਨੂੰ ਸਾਰਾ ਪਿੰਡ ਅਤੇ ਬਾਹਰਲੇ ਲੋਕ ਵੀ ਦੇਖਣ ਲਈ ਆਉਂਦੇ। ਇੱਕ ਦਿਨ ਜਦ ਉਸ ਦਾ ਮਾਮਾ ਦੇਖਣ ਗਿਆ ਤਾਂ ਉਹ ਉਸ ਦੇ ਕਰਤਬ ਦੇਖ ਕੇ ਬਹੁਤ ਖ਼ੁਸ਼ ਹੋਇਆ ਤੇ ਉਸ ਨੂੰ ਚਾਂਦੀ ਦਾ ਡਬਲ ਰੁਪਈਆ ਤੇ ਧੜੀ ਘਿਓ ਦਿੱਤਾ।

ਪ੍ਰਸ਼ਨ 21. ‘ਮੇਰੇ ਵੱਡੇ-ਵਡੇਰੇ’ ਲੇਖ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਮੇਰੇ ਵੱਡੇ-ਵਡੇਰੇ’ ਲੇਖ ਦਾ ਵਿਸ਼ਾ ਲੇਖਕ ਦੇ ਵੱਡੇ-ਵਡੇਰਿਆਂ ਬਾਰੇ ਬਹੁਤ ਦਿਲਚਸਪ ਜਾਣਕਾਰੀ ਨਾਲ ਸੰਬੰਧਿਤ ਹੈ। ਉਹ ਆਪਣੇ ਸਮੇਂ ਦੇ ਸਧਾਰਨ ਪੁਰਸ਼ ਸਨ, ਪਰ ਉਹਨਾਂ ਦੇ ਕਾਰਨਾਮੇ ਅਸਾਧਾਰਨ ਸਨ। ਲੇਖਕ ਉਹਨਾਂ ਨੂੰ ਪੁਰਾਣੇ ਪੰਜਾਬ ਦੇ ਨਮੂਨੇ ਦੇ ਪੁਰਖੇ ਆਖਦਾ ਹੈ। ਉਹ ਸਰੀਰ ਦੇ ਨਰੋਏ, ਰੱਜ ਕੇ ਖਾਣ ਵਾਲ਼ੇ ਅਤੇ ਦੱਬ ਕੇ ਵਾਹੁਣ ਵਾਲੇ ਸਨ। ਇੱਕ ਵਿਆਹ ‘ਤੇ ਕੜਾਹ ਦਾ ਕੜਾਹਾ ਖਾ ਜਾਣਾ, ਡਿੱਗੇ ਹੋਏ ਸ਼ਤੂਤ/ਸ਼ਹਿਤੂਤ ਦੇ ਰੁੱਖ ਨੂੰ ਇਕੱਲਿਆਂ ਖਿੱਚ ਕੇ ਘਰ ਲੈ ਆਉਣਾ ਅਤੇ ਕਿੱਕਰ ਦੀ ਗੋਲੀ ਚੁੱਕ ਲਿਆਉਣ ਦੀਆਂ ਘਟਨਾਵਾਂ ਉਹਨਾਂ ਦੀ ਸਰੀਰਿਕ ਤਾਕਤ ਨੂੰ ਪ੍ਰਗਟਾਉਂਦੀਆਂ ਹਨ। ਬਾਬਿਆਂ ਦੀਆਂ ਭੈਣਾਂ ਵੀ ਤਾਕਤਵਰ ਸਨ। ਉਹਨਾਂ ਦੀ ਛੋਟੀ ਭੈਣ ਸਿੱਟਿਆਂ ਦੀ ਜਿਹੜੀ ਪੰਡ ਚੁੱਕ ਲਿਆਈ ਸੀ ਉਸ ਵਿੱਚੋਂ ਪੰਜ ਮਣ ਕੱਚੀ ਜਵਾਰ ਨਿਕਲੀ ਸੀ। ਚੜਿੱਕ ਪਿੰਡ ਵਿਆਹੀ ਬਾਬਿਆਂ ਦੀ ਭੈਣ ਨੇ ਦੋ ਵਾਰ ਪਹਿਲਵਾਨ ਦਾ ਮੁਗਦਰ ਵਗਾਹ ਮਾਰਿਆ ਸੀ। ਪਹਿਲਵਾਨ ਨੇ ਬਾਬਿਆਂ ਦੀ ਭੈਣ ਦਾ ਲੋਹਾ ਮੰਨ ਕੇ ਪਹਿਲਵਾਨੀ ਛੱਡ ਦਿੱਤੀ ਸੀ।

ਪ੍ਰਸ਼ਨ 22. ‘ਮੇਰੇ ਵੱਡੇ-ਵਡੇਰੇ’ ਲੇਖ ਦੇ ਆਧਾਰ ‘ਤੇ ਗਿਆਨੀ ਗੁਰਦਿੱਤ ਸਿੰਘ ਦੀ ਵਾਰਤਕ ਦੀਆਂ ਵਿਸ਼ੇਸ਼ਤਾਵਾਂ ਬਿਆਨ ਕਰੋ।

ਉੱਤਰ : ‘ਮੇਰੇ ਵੱਡੇ ਵਡੇਰੇ’ ਲੇਖ ਵਿੱਚ ਗਿਆਨੀ ਗੁਰਦਿੱਤ ਸਿੰਘ ਨੇ ਆਪਣੇ ਵੱਡੇ-ਵਡੇਰਿਆਂ ਦੇ ਕਾਰਨਾਮਿਆਂ ਨੂੰ ਬਹੁਤ ਦਿਲਚਸਪ ਢੰਗ ਨਾਲ ਬਿਆਨ ਕੀਤਾ ਹੈ। ਉਸ ਨੇ ਛੋਟੇ-ਛੋਟੇ ਪ੍ਰਸੰਗਾਂ ਨੂੰ ਕਥਾਵਾਂ ਦੇ ਰੂਪ ਵਿੱਚ ਬੜੀ ਸਰਲਤਾ ਨਾਲ ਪ੍ਰਗਟਾਇਆ ਹੈ। ਲੇਖਕ ਦੀ ਭਾਸ਼ਾ ਸਪਸ਼ਟ, ਮੁਹਾਵਰੇਦਾਰ ਅਤੇ ਪ੍ਰਭਾਵਸ਼ਾਲੀ ਹੈ। ਉਸ ਨੇ ਲੋਕ-ਅਖਾਣਾਂ ਅਤੇ ਠੇਠ ਸ਼ਬਦਾਵਲੀ ਦੀ ਸਫਲ ਵਰਤੋਂ ਕੀਤੀ ਹੈ। ਉਹ ਪਾਠਕ ਦੀ ਦਿਲਚਸਪੀ ਨੂੰ ਕਾਇਮ ਰੱਖਣ ਵਿੱਚ ਸਫਲ ਰਿਹਾ ਹੈ। ਲੇਖ ਨੂੰ ਪੜ੍ਹ ਕੇ ਪੁਰਾਣੇ ਸਮੇਂ ਦੇ ਪੰਜਾਬ ਦੇ ਦਰਸ਼ਨ ਹੁੰਦੇ ਹਨ।

ਪ੍ਰਸ਼ਨ 23. ‘ਮੇਰੇ ਵੱਡੇ-ਵਡੇਰੇ’ ਲੇਖ/ਨਿਬੰਧ ਦੇ ਲੇਖਕ ਬਾਰੇ ਤੁਸੀਂ ਕੀ ਜਾਣਦੇ ਹੋ?

ਉੱਤਰ : ਮੇਰੇ ਵੱਡੇ-ਵਡੇਰੇ’ ਲੇਖ/ਨਿਬੰਧ ਦੇ ਲੇਖਕ ਗਿਆਨੀ ਗੁਰਦਿੱਤ ਸਿੰਘ ਦਾ ਆਧੁਨਿਕ ਪੰਜਾਬੀ ਵਾਰਤਕ ਦੇ ਖੇਤਰ ਵਿੱਚ ਵਿਸ਼ੇਸ਼ ਸਥਾਨ ਹੈ। ਉਸ ਦਾ ਜਨਮ 1923 ਈ. ਵਿੱਚ ਪਿੰਡ ਮਿੱਠੇਵਾਲ ਰਿਆਸਤ ਮਾਲੇਰਕੋਟਲਾ ਵਿਖੇ ਸ. ਹੀਰਾ ਸਿੰਘ ਦੇ ਘਰ ਹੋਇਆ। 1945 ਈ. ਵਿੱਚ ਆਪ ਨੇ ਗਿਆਨੀ ਦੀ ਪਰੀਖਿਆ ਪਾਸ ਕੀਤੀ। 1948 ਈ. ਵਿੱਚ ਆਪ ਨੇ ਮਾਸਿਕ ਪੱਤਰ ‘ਜੀਵਨ ਸੰਦੇਸ਼’ ਅਤੇ 1950 ਈ. ਵਿੱਚ ਦੈਨਿਕ ਪੱਤਰ ‘ਪ੍ਰਕਾਸ਼’ ਸ਼ੁਰੂ ਕੀਤਾ। ਆਪ ਵਿਧਾਨ ਪਰਿਸ਼ਦ ਦੇ ਮੈਂਬਰ ਵੀ ਰਹੇ। ਆਪ ਦੀ ਵਾਰਤਕ ਸਿੱਧੀ-ਸਾਦੀ ਅਤੇ ਆਮ ਬੋਲ-ਚਾਲ ‘ਤੇ ਆਧਾਰਿਤ ਹੈ। ਇਹ ਵਾਰਤਕ ਮੁਹਾਵਰੇਦਾਰ ਹੈ ਅਤੇ ਇਸ ਵਿੱਚ ਲੋਕ-ਅਖਾਣਾਂ ਦੀ ਭਰਪੂਰ ਵਰਤੋਂ ਹੋਈ ਹੈ। ‘ਮੇਰਾ ਪਿੰਡ’ ਆਪ ਦੀ ਪ੍ਰਸਿੱਧ ਪੁਸਤਕ ਹੈ ਜਿਸ ਵਿੱਚ ਪੰਜਾਬ ਦੇ ਸੱਭਿਆਚਾਰ ਦਾ ਪ੍ਰਗਟਾਵਾ ਹੋਇਆ ਹੈ। 2007 ਈ. ਵਿੱਚ ਆਪ ਦਾ ਦਿਹਾਂਤ ਹੋ ਗਿਆ।

ਪ੍ਰਸ਼ਨ 24. ਲੇਖਕ ਦੇ ਜੁੱਸੇ/ਸਰੀਰ ਬਾਰੇ ਜੋ ਜਾਣਕਾਰੀ ‘ਮੇਰੇ ਵੱਡੇ-ਵਡੇਰੇ’ ਲੇਖ ਵਿੱਚ ਮਿਲਦੀ ਹੈ ਉਸ ਨੂੰ 50-60 ਸ਼ਬਦਾਂ ਵਿੱਚ ਬਿਆਨ ਕਰੋ।

ਉੱਤਰ : ਲੇਖਕ ਦੱਸਦਾ ਹੈ ਕਿ ਜਦ ਉਹ ਪਿੰਡ ਰਹਿੰਦਾ ਸੀ ਤਾਂ ਉਸ ਦੀਆਂ ਪਾਈਆ ਕੁ ਦੀਆਂ ਹੱਡੀਆਂ ਤੇ ਇਕਹਿਰੇ ਕਰੰਗੇ (ਪਿੰਜਰ) ਵਾਲੇ ਜੁੱਸੇ ਨੂੰ ਦੇਖ ਕੇ ਪਿੰਡ ਦੇ ਪੁਰਾਣ ਲੋਕ ਉਸ ਨੂੰ ‘ਕਾਗ਼ਜ਼ੀ ਭਲਵਾਨ’ ਕਹਿੰਦੇ ਸਨ ਜੋ ਕੁਲ ਨੂੰ ਲੀਕ ਲਾਉਣ ਵਾਲਾ ਪੈਦਾ ਹੋ ਗਿਆ। ਉਹ ਕਹਿੰਦੇ ਸਨ ਕਿ ਜੇਕਰ ਅੱਜ ਲੇਖਕ ਦੇ ਦਾਦੇ/ਬਾਬੇ ਆ ਕੇ ਦੇਖਣ ਕਿ ਉਹਨਾਂ ਦੀ ਉਲਾਦ ਵਿੱਚ ਇਹ ਵੀ ਇੱਕ ਚੰਨ-ਚਰਾਗ ਹੈ ਤਾਂ ਉਹ ਦੋਹਾਂ ਹੱਥਾਂ ਨਾਲ ਪਿੱਟਣ। ਉਹਨਾਂ ਅਨੁਸਾਰ ਕਿੱਥੇ ਉਹ (ਲੇਖਕ ਦੇ ਵੱਡੇ-ਵਡੇਰੇ) ਦਿਉਆਂ ਜਿੱਡੇ ਵੱਡੇ ਕੱਦ-ਕਾਠ ਵਾਲ਼ੇ ਵਿਅਕਤੀ ਅਤੇ ਕਿੱਥੇ ਇਹ (ਲੇਖਕ) ਬਲੂੰਗੜਾ ਪਹਿਲਵਾਨ।