ਮੇਰਾ ਮਨ ਭਾਉਂਦਾ ਲੇਖਕ – ਪੈਰਾ ਰਚਨਾ

ਗੁਰਬਖ਼ਸ਼ ਸਿੰਘ ਪ੍ਰੀਤਲੜੀ ਮੇਰਾ ਮਨ – ਭਾਉਂਦਾ ਲੇਖਕ ਹੈ। ਉਸ ਨੇ ਪੰਜਾਬੀ ਵਾਰਤਕ ਦੇ ਖੇਤਰ ਵਿਚ ਇਕ ਸੰਸਥਾ ਵਾਲਾ ਕੰਮ ਕੀਤਾ। ਵਾਰਤਕ ਦੀ ਜਿਸ ਪਰੰਪਰਾ ਨੂੰ ਭਾਈ ਵੀਰ ਸਿੰਘ ਨੇ ਤੋਰਿਆ ਸੀ, ਗੁਰਬਖ਼ਸ਼ ਸਿੰਘ ਨੇ ਉਸ ਨੂੰ ਸ਼ਿਖਰਾਂ ਤੇ ਪਹੁੰਚਾਇਆ। ਉਸ ਦੀ ਪੰਜਾਬੀ ਨੂੰ ਦੇਣ ਬਹੁਪੱਖੀ ਹੈ। ਉਹ ਇਕ ਸਰਬਾਂਗੀ ਲੇਖਕ ਹੈ।

ਵਾਰਤਕ ਦੇ ਹਰ ਰੂਪ ਵਿੱਚ ਲਗਪਗ ਹਰ  ਰੂਪ ਵਿੱਚ ਗੁਰਬਖ਼ਸ਼ ਸਿੰਘ ਨੇ ਰਚਨਾ ਕੀਤੀ ਤੇ ਨਾਮਣਾ ਖੱਟਿਆ। ਭਾਵੇਂ ਉਸ ਨੇ ਨਾਵਲ, ਨਾਟਕ, ਕਹਾਣੀ, ਨਿਬੰਧ, ਸ੍ਵੈ – ਜੀਵਨੀ ਆਦਿ ਰੂਪਾਂ ਵਿਚ ਰਚਨਾ ਕੀਤੀ ਹੈ, ਪਰ ਉਸ ਦੀ ਵਧੇਰੇ ਪ੍ਰਸਿੱਧੀ ਇਕ ਨਿਬੰਧਕਾਰ ਦੇ ਤੌਰ ਤੇ ਹੋਈ। ਪੰਜਾਬੀ ਨਿਬੰਧ ਸਾਹਿਤ ਨੂੰ ਉਸ ਨੇ ਕਲਾਤਮਕ ਉਚਾਈਆਂ ਪ੍ਰਦਾਨ ਕੀਤੀਆਂ।

ਉਸ ਦੇ ਨਿਬੰਧਾਂ ਦੀ ਬੋਲੀ ਸਰਲ, ਸਪੱਸ਼ਟ ਤੇ  ਭਾਵਪੂਰਤ ਹੈ। ਉਸ ਨੂੰ ‘ਸ਼ਬਦਾਂ ਦਾ ਜਾਦੂਗਰ’ ਕਿਹਾ ਜਾਂਦਾ ਹੈ। ਉਹ ਆਮ ਬੋਲਚਾਲ ਦੇ ਸ਼ਬਦਾਂ ਰਾਹੀਂ ਪਾਠਕ ਦੇ ਮਨ ਉੱਤੇ ਲੋੜੀਂਦਾ ਪ੍ਰਭਾਵ ਪਾਉਣ ਦੀ ਸਮਰੱਥਾ ਰੱਖਦਾ ਹੈ। ਉਸ ਦੇ ਨਿਬੰਧਾਂ ਦਾ ਮੂਲ ਵਿਸ਼ਾ ਮਨੁੱਖ ਹੈ।

ਉਹ ਚਾਹੁੰਦਾ ਹੈ ਕਿ ਮਨੁੱਖ ਅਸਲੀ ਅਰਥਾਂ ਵਿੱਚ ਮਨੁੱਖ ਬਣੇ। ਇਸੇ ਕਰਕੇ ਉਸ ਦੇ ਵਧੇਰੇ ਨਿਬੰਧ ਮਨੁੱਖੀ ਸ਼ਖ਼ਸੀਅਤ ਦੇ ਭਿੰਨ – ਭਿੰਨ ਪੱਖਾਂ ਉੱਤੇ ਰੌਸ਼ਨੀ ਪਾਉਂਦੇ ਹਨ।

‘ਸਾਵੀਂ ਪੱਧਰੀ ਜ਼ਿੰਦਗੀ’, ‘ਜ਼ਿੰਦਗੀ ਦੀ ਰਾਸ’, ‘ਸ੍ਵੈ – ਪੂਰਨਤਾ ਦੀ ਲਗਨ’, ‘ਪਰਮ ਮਨੁੱਖ’ ਉਸ ਦੇ ਪ੍ਰਸਿੱਧ ਨਿਬੰਧ ਸੰਗ੍ਰਹਿ ਹਨ। ਇਸ ਤੋਂ ਬਿਨਾਂ ਉਸ ਨੇ ਪੰਜਾਬੀ ਕਹਾਣੀ ਨੂੰ ਵੀ ਆਧੁਨਿਕ ਲੀਹਾਂ ਉੱਤੇ ਤੋਰਿਆ। ਉਹ ਪਹਿਲਾ ਪੰਜਾਬੀ ਕਹਾਣੀ ਲੇਖਕ ਹੈ, ਜਿਸ ਨੇ ਪਿਆਰ ਬਾਰੇ ਗੱਲ ਕਰਨ ਲੱਗਿਆਂ ਨਿਝੱਕਤਾਂ ਤੋਂ ਕੰਮ ਲਿਆ ਹੈ।

ਸਮਾਜਿਕ ਬੁਰਾਈਆਂ ਦਾ ਉਲੇਖ ਵੀ ਉਸ ਦੀਆਂ ਕਹਾਣੀਆਂ ਵਿਚ ਖ਼ੂਬ ਹੋਇਆ ਹੈ। ਉਸ ਨੇ ਪੂਰੇ ਨਾਟਕਾਂ ਅਤੇ ਇਕਾਂਗੀਆਂ ਦੀ ਰਚਨਾ ਵੀ ਕੀਤੀ ਹੈ। ‘ਰਾਜਕੁਮਾਰੀ ਲਤਿਕਾ’, ‘ਪ੍ਰੀਤ ਮੁਕਟ’, ‘ਪੂਰਬ’, ‘ਕੋਧਰੇ ਦੀ ਰੋਟੀ’ ਆਦਿ ਉਸ ਦੇ ਵਰਨਣਯੋਗ ਨਾਟਕ ਤੇ ਇਕਾਂਗੀ ਹਨ।

ਉਸ ਦੀ ਨਾਟਕ ਦੇ ਖੇਤਰ ਵਿਚ ਇਸ ਪੱਖੋਂ ਵਿਸ਼ੇਸ਼ ਦੇਣ ਹੈ ਕਿ ਉਸ ਨੇ ਹੋਰ ਬੋਲੀਆਂ ਦੇ ਕਈ ਨਾਟਕ ਪੰਜਾਬੀ ਵਿਚ ਅਨੁਵਾਦ ਕੀਤੇ। ਇਸ ਤੋਂ ਇਲਾਵਾ ਉਸ ਨੇ ‘ਅਣਵਿਆਹੀ ਮਾਂ’ ਇਕ ਨਾਵਲ, ਆਪਣੀ ਸ੍ਵੈ – ਜੀਵਨੀ ਤੇ ਸਫ਼ਰਨਾਮਿਆਂ ਦੀ ਰਚਨਾ ਵੀ ਕੀਤੀ। ਇਸ ਤਰ੍ਹਾਂ ਇਕ ਬਹੁਅੰਗੀ ਤੇ ਸਭ ਤੋਂ ਵੱਧ ਪੜ੍ਹਿਆ ਜਾਣ ਵਾਲਾ ਹੋਣ ਕਰਕੇ ਗੁਰਬਖ਼ਸ਼ ਸਿੰਘ ਮੇਰਾ ਮਨ-ਭਾਉਂਦਾ ਲੇਖਕ ਹੈ।