CBSEClass 12 PunjabiClass 12 Punjabi (ਪੰਜਾਬੀ)EducationPunjab School Education Board(PSEB)

ਮੇਰਾ ਬਚਪਨ : ਪ੍ਰਸ਼ਨ-ਉੱਤਰ


20-25 ਸ਼ਬਦਾਂ ਦੇ ਉੱਤਰ ਵਾਲੇ ਪ੍ਰਸ਼ਨ


ਪ੍ਰਸ਼ਨ 1. ਡਾ. ਹਰਿਭਜਨ ਸਿੰਘ ਅਤੇ ਉਸ ਦੀ ਰਚਨਾ ਬਾਰੇ ਸੰਖੇਪ ਜਾਣਕਾਰੀ ਦਿਓ।

ਉੱਤਰ : ਡਾ. ਹਰਿਭਜਨ ਸਿੰਘ ਇੱਕ ਪ੍ਰਸਿੱਧ ਕਵੀ, ਆਲੋਚਕ ਅਤੇ ਅਧਿਆਪਕ ਸਨ। ਆਧੁਨਿਕ ਪੰਜਾਬੀ ਕਵਿਤਾ, ਪੰਜਾਬੀ ਬ ਆਲੋਚਨਾ ਅਤੇ ਅਧਿਆਪਨ ਦੇ ਖੇਤਰ ਵਿੱਚ ਆਪ ਦੀ ਬਹੁਤ ਵੱਡੀ ਦੇਣ ਹੈ। ਲਾਸਾਂ, ਤਾਰ-ਰੂਪਕਾ, ਅਧਰੈਣੀ, ਨਾ ਧੁੱਪੇ ਨਾਚ ਸਪਨ ਕਵਿਤਾ ਵਿੱਚ ਛਾਂਵੇਂ, ਸੜਕ ਦੇ ਸਫ਼ੇ ਉੱਤੇ, ਮੈਂ ਜੋ ਬੀਤ ਗਿਆ, ਮੱਥਾ ਦੀਵੇ ਵਾਲਾ, ਅਲਵਿਦਾ ਤੋਂ ਪਹਿਲਾਂ ਆਪ ਦੀਆਂ ਪ੍ਰਮੁੱਖ ਰਚਨਾਵਾਂ ਹਨ।

ਪ੍ਰਸ਼ਨ 2. ‘ਮੇਰਾ ਬਚਪਨ’ ਕਵਿਤਾ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ।

ਉੱਤਰ : ‘ਮੇਰਾ ਬਚਪਨ’ ਕਵਿਤਾ ਵਿੱਚ ‘ਬਾਪ ਤੋਂ ਬਿਨਾਂ ਬਚਪਨ ਦੀ ਹਕੀਕਤ’ ਦਾ ਵਰਨਣ ਹੈ। ਕਵੀ ਉਸ ਵਿਅਕਤੀ ਦੇ ਮਨ ਦੀ ਹਾਲਤ ਬਿਆਨ ਕਰਦਾ ਹੈ ਜਿਸ ਨੂੰ ਬਚਪਨ ਵਿੱਚ ਹੀ ਬਾਪ ਦਾ ਸਦੀਵੀ ਵਿਛੋੜਾ ਸਹਾਰਨਾ ਪੈਂਦਾ ਹੈ ਅਤੇ ਉਹ ਬਚਪਨ ਦੀਆਂ ਖ਼ੁਸ਼ੀਆਂ ਤੋਂ ਵਾਂਝਾ ਰਹਿ ਜਾਂਦਾ ਹੈ।

ਪ੍ਰਸ਼ਨ 3. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਦਾ ਬਚਪਨ ਨਹੀਂ ਆਇਆ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿੱਚ ਉਸ ਵਿਅਕਤੀ ਦਾ ਦੁੱਖ ਬਿਆਨ ਕੀਤਾ ਗਿਆ ਹੈ ਜਿਸ ਨੂੰ ਬਚਪਨ ਵਿੱਚ ਹੀ ਆਪਣੇ ਪਿਤਾ ਦੇ ਸਦੀਵੀ ਵਿਛੋੜੇ ਦਾ ਦੁੱਖ ਸਹਿਣਾ ਪਿਆ। ਕਵਿਤਾ ਵਿਚਲਾ ਮੈਂ-ਪਾਤਰ ਸੋਚਦਾ ਹੈ ਕਿ ਜਿਵੇਂ ਉਸ ਦਾ ਬਚਪਨ ਆਇਆ ਹੀ ਨਹੀਂ ਕਿਉਂਕਿ ਉਸ ਨੂੰ ਪਿਤਾ ਦੇ ਵਿਛੋੜੇ ਕਾਰਨ ਬਚਪਨ ਦੀਆਂ ਖ਼ੁਸ਼ੀਆਂ ਤੋਂ ਵਾਂਝਾ ਰਹਿਣਾ ਪਿਆ।

ਪ੍ਰਸ਼ਨ 4. ‘ਮੇਰਾ ਬਚਪਨ’ ਕਵਿਤਾ ਵਿੱਚ ਕਿਸ ਦੀਆਂ ਬਚਪਨ ਦੀਆਂ ਖ਼ੁਸ਼ੀਆਂ ਖੋਹੀਆਂ ਗਈਆਂ ਸਨ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿੱਚ ਇਸ ਕਵਿਤਾ ਵਿਚਲੇ ਮੈਂ-ਪਾਤਰ ਦੀਆਂ ਬਚਪਨ ਦੀਆਂ ਖ਼ੁਸ਼ੀਆਂ ਖੋਹੀਆਂ ਗਈਆਂ ਸਨ। ਇਹ ਮੈਂ-ਪਾਤਰ ਅਜੇ ਬਚਪਨ ਦੀ ਉਮਰ ਵਿੱਚ ਹੀ ਸੀ ਜਦ ਉਸ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ।

ਪ੍ਰਸ਼ਨ 5. ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਨੂੰ ਕਿਸ ਗੱਲ ਦਾ ਦੁੱਖ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਨੂੰ ਇਸ ਗੱਲ ਦਾ ਦੁੱਖ ਹੈ ਕਿ ਉਸ ਨੂੰ ਤਾਂ ਪਿਤਾ ਦੇ ਦਿਹਾਂਤ ਕਾਰਨ ਬਚਪਨ ਦੀਆਂ ਖ਼ੁਸ਼ੀਆਂ ਪ੍ਰਾਪਤ ਹੀ ਨਹੀਂ ਸਨ ਹੋ ਸਕੀਆਂ। ਇਸ ਤਰ੍ਹਾਂ ਉਸ ਦਾ ਬਚਪਨ ਤਾਂ ਆਇਆ ਹੀ ਨਹੀਂ ਸੀ।

ਪ੍ਰਸ਼ਨ 6. ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਦੀ ਉਮਰ ਕਿੰਨੀ ਕੁ ਸੀ ਜਦ ਉਸ ਦੇ ਪਿਤਾ ਦਾ ਦਿਹਾਂਤ ਹੋਇਆ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਨੂੰ ਚੰਗੀ ਤਰ੍ਹਾਂ ਯਾਦ ਨਹੀਂ ਜਦ ਉਸ ਦੇ ਪਿਤਾ ਦਾ ਦਿਹਾਂਤ ਹੋਇਆ। ਇਸੇ ਲਈ ਉਹ ਕਹਿੰਦਾ ਹੈ ਕਿ ਇਸ ਸਮੇਂ ਉਸ ਦੀ ਉਮਰ ਦੋ, ਤਿੰਨ, ਚਾਰ ਜਾਂ ਪੰਜ ਸਾਲਾਂ ਦੀ ਸੀ।

ਪ੍ਰਸ਼ਨ 7. ਕਵੀ ਆਪਣੀ ਮਾਂ ਬਾਰੇ ਕੀ ਭਾਵ ਪ੍ਰਗਟ ਕਰਦਾ ਹੈ?

ਉੱਤਰ : ‘ਮੇਰਾ ਬਚਪਨ’ ਨਾਂ ਦੀ ਕਵਿਤਾ ਵਿਚਲੇ ਮੈਂ-ਪਾਤਰ ਦੇ ਬਚਪਨ ਵਿੱਚ ਹੀ ਉਸ ਦੇ ਪਿਤਾ ਦੇ ਦਿਹਾਂਤ ਕਾਰਨ ਉਸ ਦੀ ਮਾਂ ਦੇ ਬੁੱਲ੍ਹਾਂ ਤੋਂ ਵੀ ਖ਼ੁਸ਼ੀ ਜਾਂਦੀ ਰਹੀ ਸੀ। ਜਿਸ ਤਰ੍ਹਾਂ ਬਰਾਨ ਧਰਤੀ/ਭੂਮੀ ਵਿੱਚ ਕੋਈ ਕਰੂੰਬਲ ਨਹੀਂ ਉੱਗਦੀ ਉਸੇ ਤਰ੍ਹਾਂ ਉਸ ਦੀ ਮਾਂ ਦੇ ਬੁੱਲ੍ਹਾਂ ‘ਤੇ ਵੀ ਕਦੇ ਖ਼ੁਸ਼ੀ ਦੀ ਕਰੂੰਬਲ ਨਹੀਂ ਸੀ ਉੱਗੀ।

ਪ੍ਰਸ਼ਨ 8. ‘ਨੈਣ ਉਸ ਦੇ ਭਰੇ ਭਰੇ ਸਨ, ਦਿਨ ਜਿਉਂ ਬੁਝੇ-ਬੁਝੇ ਪਰਛਾਂਵੇਂ”। ਇਸ ਤੁਕ ਵਿੱਚ ਕਿਸ ਦੇ ਨੈਣਾਂ ਅਤੇ ਦਿਨਾਂ ਦੀ ਗੱਲ ਕੀਤੀ ਗਈਂ ਹੈ?

ਉੱਤਰ : ਇਸ ਤੁਕ ਵਿੱਚ ਮੈਂ-ਪਾਤਰ ਦੀ ਮਾਂ ਦੇ ਨੈਣਾਂ ਅਤੇ ਦਿਨਾਂ ਦੀ ਗੱਲ ਕੀਤੀ ਗਈ ਹੈ। ਦੁੱਖ ਅਤੇ ਉਦਾਸੀ ਕਾਰਨ ਉਸ ਦੀਆਂ ਅੱਖਾਂ ਭਰੀਆਂ ਹੋਈਆਂ ਸਨ। ਉਸ ਨੂੰ ਇਹ ਦਿਨ ਭਾਵ ਸਮਾਂ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਬੁਝੇ-ਬੁਝੇ ਪਰਛਾਂਵੇਂ ਹੋਣ।

ਪ੍ਰਸ਼ਨ 9. ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਕਿਸ ਨੂੰ ਮਿਹਨਤ-ਮੁਸ਼ਕੱਤ ਕਰਨੀ ਪੈਂਦੀ ਸੀ ਅਤੇ ਉਹ ਨਜ਼ਰ ਨੀਵੀਂ ਰੱਖਦੀ ਸੀ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਦੀ ਮਾਂ ਨੂੰ ਆਪਣੇ ਪਤੀ ਦੇ ਸਦੀਵੀ ਵਿਯੋਗ ਕਾਰਨ ਮਿਹਨਤ-ਮੁਸ਼ਕੱਤ ਕਰਨੀ ਪੈਂਦੀ ਸੀ। ਮਿਹਨਤ ਕਰਦੀ ਉਹ ਹਮੇਸ਼ਾਂ ਸ਼ਰਮਾਉਂਦੀ ਸੀ ਅਤੇ ਨਜ਼ਰ ਨੀਵੀਂ ਪਾਈ ਰੱਖਦੀ ਸੀ।

ਪ੍ਰਸ਼ਨ 10. ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਠੰਢੀ ਰਾਤ ਦੇ ਹਨੇਰੇ ਵਿੱਚ ਕੌਣ-ਕੌਣ ਸੁੱਤਾ ਪਿਆ ਸੀ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲਾ ਮੈਂ-ਪਾਤਰ ਅਤੇ ਉਸ ਦੀ ਵਿਧਵਾ ਮਾਂ ਠੰਢੀ ਰਾਤ ਦੇ ਹਨੇਰੇ ਵਿੱਚ ਜਿਵੇਂ ਹਨੇਰੇ ਦੀ ਝੁੰਬ ਮਾਰ ਕੇ ਸੁੱਤੇ ਪਏ ਸਨ।

ਪ੍ਰਸ਼ਨ 11. ‘ਮੇਰਾ ਬਚਪਨ’ ਕਵਿਤਾ ਵਿੱਚ ਕਿਨ੍ਹਾਂ ਨੂੰ ਦੋ ਕੁਮਲਾਏ ਬੂਟੇ ਕਿਹਾ ਗਿਆ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿੱਚਲੇ ਮੈਂ-ਪਾਤਰ ਨੂੰ ਬਚਪਨ ਵਿੱਚ ਹੀ ਆਪਣੇ ਪਿਤਾ ਦੇ ਸਦੀਵੀ ਵਿਛੋੜੇ ਦਾ ਦੁੱਖ ਸਹਿਣਾ ਪਿਆ। ਉਸ ਦੀ ਵਿਧਵਾ ਮਾਂ ਵੀ ਇਸੇ ਦੁੱਖ ਤੋਂ ਪਰੇਸ਼ਾਨ ਸੀ। ਇਸੇ ਲਈ ਇਸ ਕਵਿਤਾ ਵਿੱਚ ਇਹਨਾਂ ਦੋਹਾਂ ਨੂੰ ਦੋ ਕੁਮਲਾਏ ਬੂਟੇ ਕਿਹਾ ਗਿਆ ਹੈ।

ਪ੍ਰਸ਼ਨ 12. ‘ਸਾਡੇ ਵਿਹੜੇ ਮਰੀ ਕਹਾਣੀ, ਇੱਕ ਸੀ ਰਾਜਾ, ਇੱਕ ਸੀ ਰਾਣੀ’। ਇਸ ਵਿਹੜੇ ਵਿੱਚ ਕਹਾਣੀ ਕਿਉਂ ਮਰ ਗਈ ਸੀ?

ਉੱਤਰ : ਖ਼ੁਸ਼ੀ ਦੇ ਵਾਤਾਵਰਨ/ਮਾਹੌਲ ਵਿੱਚ ਹੀ ਬੱਚਿਆਂ ਨੂੰ ਰਾਜੇ-ਰਾਣੀ ਦੀ ਕਹਾਣੀ ਸੁਣਾਈ ਜਾਂਦੀ ਹੈ। ਪਰ ‘ਮੇਰਾ ਬਚਪਨ’ ਕਵਿਤਾ ਵਿਚਲਾ ਮੈਂ-ਪਾਤਰ ਅਤੇ ਉਸ ਦੀ ਵਿਧਵਾ ਮਾਂ ਤਾਂ ਪਰੇਸ਼ਾਨੀ ਦਾ ਜੀਵਨ ਬਤੀਤ ਕਰ ਰਹੇ ਸਨ। ਇਸ ਲਈ ਇਸ ਵਿਹੜੇ ਵਿੱਚ ਤਾਂ ਕਹਾਣੀ ਜਿਵੇਂ ਮਰ ਗਈ ਸੀ।

ਪ੍ਰਸ਼ਨ 13. ‘ਮੇਰਾ ਬਚਪਨ’ ਕਵਿਤਾ ਵਿੱਚ ਮਾਂ ਆਪਣੇ ਪੁੱਤਰ ਨੂੰ ਆਪਣੇ ਦੁੱਖ-ਦਰਦ ਦਾ ਹਾਣੀ ਕਿਉਂ ਕਹਿੰਦੀ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲੇ ਮੈਂ-ਪਾਤਰ ਨੂੰ ਆਪਣੇ ਪਿਤਾ ਦੇ ਸਦੀਵੀ ਵਿਛੋੜੇ ਕਾਰਨ ਆਪਣਾ ਬਚਪਨ ਆਇਆ ਹੀ ਪ੍ਰਤੀਤ ਨਹੀਂ ਹੁੰਦਾ। ਉਸ ਦੀ ਵਿਧਵਾ ਮਾਂ ਵੀ ਇਸੇ ਦੁੱਖ ਵਿੱਚ ਪਰੇਸ਼ਾਨ ਸੀ। ਉਹ ਆਪਣੇ ਪੁੱਤਰ ਨੂੰ ਆਪਣੇ ਦੁੱਖ-ਦਰਦ ਦਾ ਹਾਣੀ ਇਸ ਨ ਹੈ ਕਿਉਂਕਿ ਉਹ ਦੋਵੇਂ ਹੀ ਇੱਕੋ ਦੁੱਖ ਤੋਂ ਇੱਕੋ ਜਿਹੇ ਪਰੇਸ਼ਾਨ ਹਨ।

ਪ੍ਰਸ਼ਨ 14. ‘ਮੇਰੇ ਬੂਟੇ, ਗੱਭਰੂ ਹੋ ਜਾ, ਤੇਰੀ ਛਾਂਵੇਂ ਮੈਂ ਸੌ ਜਾਵਾਂ’। ਇਸ ਤੁਕ ਦੀ ਵਿਆਖਿਆ ਕਰੋ।

ਉੱਤਰ : ਵਿਧਵਾ ਮਾਂ ਆਪਣੇ ਪੁੱਤਰ ਨੂੰ ਬੂਟੇ ਦੇ ਰੂਪ ਵਿੱਚ ਕਲਪਦੀ ਹੈ। ਉਹ ਉਸ ਨੂੰ ਛੇਤੀ ਗੱਭਰੂ ਹੋਣ ਲਈ ਕਹਿੰਦੀ ਹੈ ਤਾਂ ਜੋ ਉਹ ਉਸ ਦੀ ਛਾਂ ਵਿੱਚ ਸੌਂ ਸਕੇ। ਇਸ ਤਰ੍ਹਾਂ ਇਹ ਵਿਧਵਾ ਮਾਂ ਚਾਹੁੰਦੀ ਹੈ ਕਿ ਉਸ ਦਾ ਪੁੱਤਰ ਗੱਭਰੂ/ਜਵਾਨ ਹੋ ਜਾਵੇ ਤਾਂ ਜੋ ਉਹ ਆਪਣੀ ਮਾਂ ਦੀਆਂ ਲੋੜਾਂ ਦੀ ਪੂਰਤੀ ਕਰ ਸਕੇ।

ਪ੍ਰਸ਼ਨ 15. ‘ਕਦੇ ਕਦੇ ਬਾਲਾਂ ਦੇ ਕੁੱਛੜ, ਸੌਣ ਨਿਚਿੰਤ, ਨਿਕਰਮਣ ਮਾਂਵਾਂ’। ਇਸ ਤੁਕ ਦਾ ਕੀ ਭਾਵ ਹੈ?

ਉੱਤਰ : ਇਸ ਤੁਕ ਦਾ ਭਾਵ ਇਹ ਹੈ ਕਿ ਕਦੇ-ਕਦੇ ਨਿਕਰਮਣ ਅਥਵਾ ਅਭਾਗੀਆਂ ਮਾਂਵਾਂ ਆਪਣੇ ਬੱਚਿਆਂ ਦੇ ਕੁੱਛੜ ਭਾਵ ਉਹਨਾਂ ਦੇ ਆਸਰੇ ਬੇਫ਼ਿਕਰ ਹੋ ਕੇ ਸੌਂਦੀਆਂ ਹਨ। ਬੱਚੇ ਅਥਵਾ ਪੁੱਤਰ ਇਹਨਾਂ ਅਭਾਗੀਆਂ/ਵਿਧਵਾ ਮਾਂਵਾਂ ਦਾ ਆਸਰਾ ਬਣਦੇ ਹਨ ਤਾਂ ਇਸ ਸਥਿਤੀ ਵਿੱਚ ਮਾਂਵਾਂ ਬੇਫ਼ਿਕਰ ਹੋ ਜਾਂਦੀਆਂ ਹਨ।

ਪ੍ਰਸ਼ਨ 16. ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਪੁੱਤਰ ਆਪਣੀ ਮਾਂ ਦਾ ਉਹਲਾ ਕਿਵੇਂ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲਾ ਮੈਂ-ਪਾਤਰ ਆਪਣੇ ਪਿਤਾ ਦੀ ਮੌਤ ਤੋਂ ਬਾਅਦ ਆਪਣੀ ਵਿਧਵਾ ਮਾਂ ਦਾ ਉਹਲਾ ਅਥਵਾ ਆਸਰਾ ਦੌਟ ਬਣਦਾ ਹੈ। ਇਸੇ ਉਹਲੇ/ਆਸਰੇ ਵਿੱਚ ਹੀ ਇਹ ਵਿਧਵਾ ਮਾਂ ਆਪਣਾ ਜੀਵਨ ਗੁਜ਼ਾਰਦੀ ਹੈ। ਇਸੇ ਪ੍ਰਸੰਗ ਵਿੱਚ ਹੀ ਪੁੱਤਰ ਨੂੰ ਮਾਂ ਦਾ ਉਹਲਾ ਕਿਹਾ ਗਿਆ ਹੈ।

ਪ੍ਰਸ਼ਨ 17. ‘ਮੇਰਾ ਬਚਪਨ’ ਕਵਿਤਾ ਦੇ ਆਧਾਰ ‘ਤੇ ਦੱਸੋ ਕਿ ਵਿਧਵਾ ਮਾਂ ਕਿਸ ਬੁਰੀ ਭਾਵਨਾ ਦਾ ਸ਼ਿਕਾਰ ਹੁੰਦੀ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਵਿਚਲਾ ਮੈਂ-ਪਾਤਰ ਦੱਸਦਾ ਹੈ ਕਿ ਉਸ ਦੀ ਮਾਂ ਦੀ ਸੁੰਦਰਤਾ ਨੂੰ ਦੇਖ ਕੇ ਹਰ ਕਿਸੇ ਦੀ ਅੱਖ ਬੁਰੀ ਭਾਵਨਾ ਨਾਲ ਦੁਪਹਿਰ ਵਾਂਗ ਸੁਲਗਦੀ ਹੈ।

ਪ੍ਰਸ਼ਨ 18. ‘ਬਚਪਨ ਆਉਂਦਾ ਤਾਂ ਕਿਸ ਰਾਹੋਂ, ਹਰ ਰਾਹ ਸੂਝ-ਸਮਝ ਨੇ ਘੇਰੀ’। ਇਸ ਸਤਰ/ਤੁਕ ਦਾ ਕੀ ਭਾਵ ਹੈ?

ਉੱਤਰ : ‘ਮੇਰਾ ਬਚਪਨ’ ਕਵਿਤਾ ਦੇ ਮੈਂ-ਪਾਤਰ ਦੇ ਬਚਪਨ ਦੇ ਹਰ ਰਾਹ ਨੂੰ ਤਾਂ ਸੂਝ-ਸਮਝ ਨੇ ਘੇਰਿਆ ਹੋਇਆ ਸੀ। ਇਸ ਲਈ ਉਸ ਦਾ ਬਚਪਨ ਕਿਸ ਰਾਹ ਤੋਂ ਆਉਂਦਾ। ਪਿਤਾ ਦੀ ਮੌਤ ਕਾਰਨ ਉਹ ਤਾਂ ਉਮਰ ਤੋਂ ਪਹਿਲਾਂ ਹੀ ਸਿਆਣਾ ਹੋ ਗਿਆ ਸੀ। ਪਰ ਬਚਪਨ ਸੂਝ-ਸਮਝ ਜਾਂ ਸਿਆਣਪ ਦਾ ਨਹੀਂ ਸਗੋਂ ਮਾਸੂਮੀਅਤ ਤੇ ਬੇਫ਼ਿਕਰੀ ਦਾ ਨਾਂ ਹੈ।

ਪ੍ਰਸ਼ਨ 19. ‘ਮੇਰਾ ਬਚਪਨ’ ਕਵਿਤਾ ਵਿੱਚ ਕਵੀ ਦੀ ਮਾਂ ਕੀ ਕੁਰਲਾਉਂਦੀ ਹੈ?

ਜਾਂ

ਪ੍ਰਸ਼ਨ. ‘ਮੇਰਾ ਬਚਪਨ’ ਕਵਿਤਾ ਵਿੱਚ ਇੱਕ ਦਿਨ ਮਾਂ ਨੇ ਆਪਣੇ ਪੁੱਤਰ ਨੂੰ ਕਿਹੜੀ ਬਾਤ ਸੁਣਾਈ?

ਉੱਤਰ : ਮਾਂ ਨੇ ਪੁੱਤਰ ਨੂੰ ਇੱਕ ਦਿਨ ਇਹ ਬਾਤ ਸੁਣਾਈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਪੁੱਤਰ ਦੇ ਪਿਤਾ ਅਥਵਾ ਆਪਣੇ ਪਤੀ ਦੀ ਚਿਤਾ ਆਪਣੇ ਹੱਥਾਂ ਨਾਲ ਜਲਾਈ ਸੀ। ਉਹ ਕੁਰਲਾਉਂਦੀ ਹੋਈ ਕਹਿੰਦੀ ਹੈ ਕਿ ਉਸ ਨੇ ਤਾਂ ਆਪਣੇ ਹੱਥਾਂ ਨਾਲ ਆਪਣੇ ਪੁੱਤਰ ਦਾ ਬਚਪਨ ਹੀ ਜਲਾ ਦਿੱਤਾ ਸੀ।

ਪ੍ਰਸ਼ਨ 20. ਹਰਿਭਜਨ ਸਿੰਘ ਦੀ ਕਵਿਤਾ ‘ਮੇਰਾ ਬਚਪਨ’ ਦਾ ਕੇਂਦਰੀ ਭਾਵ ਆਪਣੇ ਸ਼ਬਦਾਂ ਵਿੱਚ ਲਿਖੋ।

ਉੱਤਰ : ਬਚਪਨ ਦੀ ਉਮਰ ਵਿੱਚ ਹੀ ਪਿਤਾ ਦੇ ਸਦੀਵੀ ਵਿਛੋੜੇ ਕਾਰਨ ਬੱਚੇ ਨੂੰ ਬਚਪਨ ਦੀਆਂ ਖ਼ੁਸ਼ੀਆਂ ਨਸੀਬ ਨਹੀਂ ਹੁੰਦੀਆਂ। ਵਿਧਵਾ ਮਾਂ ਦੀਆਂ ਖ਼ੁਸ਼ੀਆਂ ਵੀ ਜਾਂਦੀਆਂ ਰਹਿੰਦੀਆਂ ਹਨ। ਮਿਹਨਤ-ਮੁਸ਼ੱਕਤ ਕਰਦਿਆਂ ਵੀ ਉਸ ਨੂੰ ਨਜ਼ਰਾਂ ਨੀਵੀਆਂ ਰੱਖਣੀਆਂ ਪੈਂਦੀਆਂ ਹਨ ਅਤੇ ਲੋਕਾਂ ਦੀਆਂ ਮੈਲੀਆਂ ਨਜ਼ਰਾਂ ਤੋਂ ਬਚਣਾ ਪੈਂਦਾ ਹੈ।