CBSEEducationNCERT class 10thPunjab School Education Board(PSEB)

ਮੁੜ ਵੇਖਿਆ ਪਿੰਡ : ਪ੍ਰਸ਼ਨ – ਉੱਤਰ


ਪ੍ਰਸ਼ਨ 1. ਲੇਖਕ ਆਪਣੇ ਪਿੰਡ ਭੇਰੇ ਕਦੋਂ ਅਤੇ ਕਿਉਂ ਗਿਆ?

ਉੱਤਰ : ਲੇਖਕ ਆਪਣੇ ਪਿੰਡ ਭੇਰੇ ਅਜ਼ਾਦੀ ਤੋਂ ਲਗਪਗ ਦੋ ਦਹਾਕਿਆਂ ਪਿੱਛੋਂ 16 ਅਕਤੂਬਰ 1962 ਈ. ਨੂੰ ਬੱਸ ਫੜ ਕੇ ਆਪਣੇ ਸਾਥੀਆਂ ਸਮੇਤ ਗਿਆ। ਲੇਖਕ ਨੇ ਆਪਣੀ ਜਨਮ-ਭੂਮੀ ਦੇ ਮੋਹ-ਵੱਸ ਆਪਣੇ ਪਿੰਡ ਦੀ ਯਾਤਰਾ ਕੀਤੀ। ਲੇਖਕ ਆਪਣੇ ਪਿੰਡ ਜਾ ਕੇ ਆਪਣੇ ਪੁਸ਼ਤੈਣੀ ਘਰ, ਆਪਣੇ ਪਿੰਡ ਅਤੇ ਆਪਣੇ ਬਚਪਨ ਦੀਆਂ ਯਾਦਾਂ ਨੂੰ ਤਾਜ਼ਾ ਕਰਨਾ ਚਾਹੁੰਦਾ ਸੀ।

ਪ੍ਰਸ਼ਨ 2. ਪਿਛਲੀ ਵਾਰ ਲੇਖਕ ਨੇ ਪਿੰਡ ਕਦੋਂ ਵੇਖਿਆ ਸੀ ਅਤੇ ਉਸ ਵੇਲੇ ਪਿੰਡ ਕਿਹੋ ਜਿਹਾ ਹੁੰਦਾ ਸੀ?

ਉੱਤਰ : ਪਿਛਲੀ ਵਾਰ ਲੇਖਕ ਨੇ ਭੇਰਾ ਚਾਲੀ ਸਾਲ ਪਹਿਲਾਂ ਵੇਖਿਆ ਸੀ। ਉਸ ਵੇਲੇ ਲੇਖਕ ਦੀ ਉਮਰ ਅੱਠ-ਨੌਂ ਵਰ੍ਹਿਆਂ ਦੀ ਸੀ। ਲੇਖਕ ਦਾ ਪਿੰਡ ਛੋਟਾ ਜਿਹਾ ਹੁੰਦਾ ਸੀ। ਉਸ ਵੇਲੇ ਪਿੰਡ ਵਿੱਚ ਹਰ ਬਰਾਦਰੀ ਦਾ ਆਪਣਾ ਮੁਹੱਲਾ ਹੁੰਦਾ ਸੀ ਜਿਵੇਂ ਕੋਹਲੀਆਂ ਦਾ ਮੁਹੱਲਾ, ਅਨੰਦਾਂ ਦਾ ਮੁਹੱਲਾ, ਸਾਹਨੀਆਂ ਦਾ ਮੁਹੱਲਾ ਆਦਿ। ਹਰ ਮੁਹੱਲੇ ਦਾ ਆਪਣਾ ਦਰਵਾਜ਼ਾ ਹੁੰਦਾ ਸੀ।

ਪ੍ਰਸ਼ਨ 3. ਲੇਖਕ ਬਚਪਨ ਵਿੱਚ ਆਪਣੀ ਤਾਈ ਨਾਲ ਸਵੇਰੇ ਮੂੰਹ-ਹਨੇਰੇ ਕਿੱਥੇ ਜਾਂਦਾ ਸੀ? ਰਸਤੇ ਵਿੱਚ ਕਿਹੜੇ- ਕਿਹੜੇ ਪੜਾਅ ਆਉਂਦੇ ਸਨ? ‘ਮੁੜ ਵੇਖਿਆ ਪਿੰਡ’ ਦੇ ਆਧਾਰ ‘ਤੇ ਦੱਸੋ।

ਉੱਤਰ : ਲੇਖਕ ਬਚਪਨ ਵਿੱਚ ਸਵੇਰੇ ਮੂੰਹ-ਹਨੇਰੇ ਆਪਣੀ ਤਾਈ ਨਾਲ ਜੇਹਲਮ ਦਰਿਆ ਵਿੱਚ ਇਸ਼ਨਾਨ
ਕਰਨ ਜਾਂਦਾ ਸੀ। ਰਸਤੇ ਵਿੱਚ ਤਿੰਨ ਪੜਾਅ ਆਉਂਦੇ ਸਨ। ਪਹਿਲਾ ਪੜਾਅ ਚਿੜੀ-ਚੋਗ, ਦੂਜਾ ਘੜੀ-ਭੰਨ ਅਤੇ ਤੀਜਾ ਔਖਾ-ਪੈਂਡਾ ਦਰਿਆ ਤੱਕ ਦਾ ਸੀ।

ਪ੍ਰਸ਼ਨ 4. ਬੱਸ ਵਿੱਚ ਸਫ਼ਰ ਕਰਦੇ ਹੋਏ ਲੇਖਕ ਦੇ ਮਾਨਸ-ਪਟਲ ‘ਤੇ ਕਿਹੜੀਆਂ ਯਾਦਾਂ ਘੁੰਮ ਰਹੀਆਂ ਸਨ?

ਉੱਤਰ : ਲੇਖਕ ਦੇ ਦਿਮਾਗ਼ ਦੇ ਪਟਲ ‘ਤੇ ਕਿੰਨੀਆਂ ਹੀ ਯਾਦਾਂ ਘੁੰਮ ਰਹੀਆਂ ਸਨ। ਲੇਖਕ ਨੂੰ ਯਾਦ ਆਉਂਦਾ ਹੈ ਕਿ ਉਹ ਕਣਕ ਦੇ ਹਰੇ-ਭਰੇ ਖੇਤਾਂ ਵਿੱਚ ਲੁਕਣਮੀਟੀ ਖੇਡਦੇ ਹੁੰਦੇ ਸੀ। ਖੇਤਾਂ ਵਿੱਚੋਂ ਬੂਟੇ ਤੋੜ ਕੇ ਉਹਨਾਂ ਦੀਆਂ ਪੀਪਣੀਆਂ ਬਣਾਉਂਦੇ ਹੁੰਦੇ ਸਨ। ਕਣਕ ਦੇ ਸਿੱਟੇ ਤੋੜ ਕੇ ਸ਼ਰਾਰਤ ਵਜੋਂ ਕੋਲੋਂ ਲੰਘਦਿਆਂ ਦੇ ਕੱਪੜਿਆਂ ਨਾਲ ਚਿਪਕਾ ਦਿੰਦੇ ਸਨ। ਖੇਤਾਂ ਵਿੱਚੋਂ ਪੁੱਟ ਕੇ ਤਾਜ਼ੀਆਂ ਮੂਲੀਆਂ ਅਤੇ ਗਾਜਰਾਂ ਖਾਂਦੇ ਸਨ। ਲੇਖਕ ਨੇ ਉਸ ਤੋਂ ਬਾਅਦ ਪੇਂਡੂ ਜੀਵਨ ਦਾ ਅਨੰਦ ਨਹੀਂ ਮਾਣਿਆ।

ਪ੍ਰਸ਼ਨ 5. ਆਪਣੇ ਮੁਹੱਲੇ ਵਿੱਚ ਪਹੁੰਚ ਕੇ ਲੇਖਕ ਦੀ ਹਿੰਮਤ ਕਿਉਂ ਟੁੱਟ ਗਈ?

ਉੱਤਰ : ਲੇਖਕ ਬੜੇ ਚਾਅ ਨਾਲ ਆਪਣੇ ਮੁਹੱਲੇ ਵਿੱਚ ਜਾ ਪੁੱਜਿਆ। ਮੁਹੱਲੇ ਵਿੱਚ ਪੁੱਜ ਕੇ ਲੇਖਕ ਨੇ ਵੇਖਿਆ ਕਿ ਮੁਹੱਲੇ ਦਾ ਹੁਲੀਆ ਹੀ ਬਦਲ ਚੁੱਕਾ ਸੀ। ਹਰ ਪਾਸੇ ਇਮਾਰਤਾਂ ਦਾ ਮਲਬਾ ਖਿੱਲਰਿਆ ਹੋਇਆ ਸੀ। ਇੰਜ ਜਾਪਦਾ ਸੀ ਕਿ ਹੁਣੇ-ਹੁਣੇ ਕੋਈ ਹਵਾਈ ਹਮਲਾ ਹੋਇਆ ਹੋਵੇ ਅਤੇ ਹਰ ਪਾਸੇ ਮਲਬੇ ਦਾ ਢੇਰ ਸੀ। ਇੱਕ ਅੱਧੀ ਇਮਾਰਤ ਹੀ ਸਾਬਤ ਖੜ੍ਹੀ ਸੀ।

ਪ੍ਰਸ਼ਨ 6. ਚੌਧਰੀ ਗੁਲਾਮ ਮੁਹੰਮਦ ਕੌਣ ਸੀ? ਲੇਖਕ ਦੇ ਪਿਤਾ ਜੀ ਦਾ ਨਾਂ ਸੁਣਦਿਆਂ ਹੀ ਉਹ ਕੀ ਕਰਨ ਲੱਗ ਪਿਆ?

ਉੱਤਰ : ਚੌਧਰੀ ਗ਼ੁਲਾਮ ਮੁਹੰਮਦ ਅਤੇ ਲੇਖਕ ਦਾਦੇ-ਪੋਤਰੇ ਭਰਾ ਸਨ। ਵੰਡ ਤੋਂ ਬਾਅਦ ਚੌਧਰੀ ਗ਼ੁਲਾਮ ਮੁਹੰਮਦ ਮੁਸਲਮਾਨ ਹੋ ਗਿਆ ਸੀ ਅਤੇ ਪਾਕਿਸਤਾਨ ਵਿੱਚ ਹੀ ਰਹਿ ਗਿਆ ਸੀ। ਲੇਖਕ ਦੇ ਪਿਤਾ ਜੀ ਦਾ ਨਾਂ ਸੁਣਦਿਆਂ ਹੀ ਉਹ ਲੇਖਕ ਦੇ ਗਲੇ ਲੱਗ ਕੇ ਰੋਣ ਲੱਗ ਪਿਆ।

ਪ੍ਰਸ਼ਨ 7. ਚੌਧਰੀ ਤੋਂ ਆਪਣੇ ਮਕਾਨ ਬਾਰੇ ਪੁੱਛਣ ‘ਤੇ ਲੇਖਕ ਨੂੰ ਕਿਸ ਗੱਲ ਦਾ ਸ਼ੱਕ ਪੈ ਰਿਹਾ ਸੀ ਅਤੇ ਕਿਸ ਗੱਲ ਦੀ ਤਸੱਲੀ ਹੋ ਰਹੀ ਸੀ?

ਉੱਤਰ : ਲੇਖਕ ਦੇ ਆਪਣੇ ਮਕਾਨ ਬਾਰੇ ਪੁੱਛਣ ‘ਤੇ ਚੌਧਰੀ ਨੇ ਗੋਲ-ਮੋਲ ਜਿਹਾ ਜਵਾਬ ਦਿੱਤਾ। ਲੇਖਕ ਨੂੰ ਸ਼ੱਕ ਪੈ ਰਿਹਾ ਸੀ ਕਿ ਕਿਤੇ ਚੌਧਰੀ ਨੇ ਉਹਨਾਂ ਦਾ ਮਕਾਨ ਢੁਆ ਕੇ ਆਪਣੇ ਮਕਾਨ ਵਿੱਚ ਤਾਂ ਨਹੀਂ ਮਿਲਾ ਲਿਆ। ਘਰ ਦੇ ਸਾਹਮਣੇ ਟਿੱਬੇ ਨੂੰ ਵੇਖ ਕੇ ਲੇਖਕ ਦਾ ਸ਼ੱਕ ਹੋਰ ਵੀ ਪੱਕਾ ਹੋ ਰਿਹਾ ਸੀ ਪਰ ਇਸ ਦੇ ਨਾਲ ਲੇਖਕ ਨੂੰ ਇਹ ਵੀ ਤਸੱਲੀ ਹੋ ਰਹੀ ਸੀ ਕਿ ਉਸ ਦੀ ਖਾਨਦਾਨੀ ਚੀਜ਼ ਉਸ ਦੇ ਕਿਸੇ ਭਰਾ ਦੇ ਕੰਮ ਆ ਗਈ।

ਪ੍ਰਸ਼ਨ 8. ਗਲੀ ਵਿੱਚ ਚੱਕਰ ਮਾਰਦਿਆਂ ਹੋਇਆਂ ਲੇਖਕ ਨੇ ਕੀ ਵੇਖਿਆ?

ਉੱਤਰ : ਗ਼ੁਲਾਮ ਮੁਹੰਮਦ ਦੇ ਘਰੋਂ ਨਿਕਲ ਕੇ ਲੇਖਕ ਗਲੀ ਵਿੱਚ ਆ ਗਿਆ। ਇੱਕ ਘਰ ਦੇ ਸਾਹਮਣਿਓਂ ਲੰਘਦਿਆਂ ਹੋਇਆਂ ਲੇਖਕ ਦੀ ਨਜ਼ਰ ਘਰ ਦੇ ਵਿਹੜੇ ‘ਤੇ ਪੈਂਦੀ ਹੈ। ਲੇਖਕ ਨੂੰ ਲੱਗਿਆ ਕਿ ਇਹ ਘਰ ਉਸ ਦੇ ਦੋਸਤ ਦਾ ਹੁੰਦਾ ਸੀ ਜਿੱਥੇ ਉਹ ਬਚਪਨ ਵਿੱਚ ਖੇਡਿਆ ਕਰਦਾ ਸੀ। ਲੇਖਕ ਨੂੰ ਯਾਦ ਸੀ ਕਿ ਉਸ ਘਰ ਦੇ ਕੋਠੇ ਉੱਤੇ ਚੜ੍ਹ ਕੇ ਵੀ ਉਹ ਖੇਡਦਾ ਹੁੰਦਾ ਸੀ।

ਪ੍ਰਸ਼ਨ 9. ਗਲੀ ਵਿੱਚ ਘਰ ਦੇ ਕੋਠੇ ‘ਤੇ ਚੜ੍ਹ ਕੇ ਲੇਖਕ ਨੂੰ ਕੀ ਦਿਖਾਈ ਦਿੰਦਾ ਹੈ?

ਉੱਤਰ : ਗਲੀ ਵਿੱਚ ਇੱਕ ਘਰ ਲੇਖਕ ਨੂੰ ਆਪਣੇ ਦੋਸਤ ਦਾ ਲੱਗਦਾ ਹੈ। ਜਦ ਲੇਖਕ ਉਸ ਘਰ ਦੇ ਕੋਠੇ ‘ਤੇ ਚੜ੍ਹਦਾ ਹੈ ਤਾਂ ਲੇਖਕ ਨੂੰ ਛੱਤ ‘ਤੋਂ ਆਪਣੇ ਘਰ ਦੀ ਡਿਓੜੀ ਵਿਖਾਈ ਦਿੰਦੀ ਹੈ। ਉਸ ਦੇ ਸੱਜੇ ਪਾਸੇ ਵਾਲੀ ਰਸੋਈ ਵੇਖਦਿਆਂ ਹੀ ਲੇਖਕ ਚੀਕਾਂ ਮਾਰਨ ਲੱਗ ਪੈਂਦਾ ਹੈ ਕਿ ਉਹ ਵੇਖੋ ਸਾਡਾ ਘਰ, ਸਾਡੀ ਰਸੋਈ, ਉਸ ਕਮਰੇ ਵਿੱਚ ਮੇਰੀ ਭੈਣ ਦੀ ਕੁੜਮਾਈ ਹੋਈ ਸੀ।

ਪ੍ਰਸ਼ਨ 10. ਆਪਣਾ ਘਰ ਦੇਖ ਕੇ ਲੇਖਕ ਦਾ ਕੀ ਹਾਲ ਹੋਇਆ?

ਉੱਤਰ : ਆਪਣੇ ਘਰ ਦੀ ਰਸੋਈ ਅਤੇ ਡਿਓੜ੍ਹੀ ਦੇਖ ਕੇ ਲੇਖਕ ਬੁਰੀ ਤਰ੍ਹਾਂ ਰੋਣ ਲੱਗ ਪੈਂਦਾ ਹੈ। ਰੋਂਦਿਆਂ- ਰੋਂਦਿਆਂ ਲੇਖਕ ਫਰਸ਼ ‘ਤੇ ਮਿੱਟੀ ਵਿੱਚ ਹੀ ਡਿੱਗ ਕੇ ਰੋਣ ਲੱਗ ਪੈਂਦਾ ਹੈ। ਲੇਖਕ ਦੇ ਸਾਥੀ ਉਸ ਨੂੰ ਦਿਲਾਸਾ ਦੇਣ ਲੱਗ ਪਏ, ਪਰ ਲੇਖਕ ਕਹਿੰਦਾ ਹੈ ਕਿ ਉਸ ਨੂੰ ਘਰ ਵੇਖ ਕੇ ਰੋਣਾ ਨਹੀਂ ਆ ਰਿਹਾ ਸਗੋਂ ਉਸ ਨੂੰ ਆਪਣੀ ਮਰੀ ਹੋਈ ਭੈਣ ਦੀ ਯਾਦ ਆ ਰਹੀ ਹੈ। ਲੇਖਕ ਰੋਂਦਾ-ਰੋਂਦਾ ਕਹਿੰਦਾ ਹੈ ਕਿ ਰੱਬਾ ਮੇਰੀ ਭੈਣ ਮੋੜ ਦੇ। ਲੇਖਕ ਨੂੰ ਇਸ ਤਰ੍ਹਾਂ ਓਪਰੇ ਬੰਦਿਆਂ ਅਤੇ ਓਪਰੇ ਦੇਸ਼ ਵਿੱਚ ਇੰਜ ਰੋਣ ‘ਤੇ ਸ਼ਰਮ ਵੀ ਆ ਰਹੀ ਸੀ ਪਰ ਉਸ ਦਾ ਆਪਣੇ ਆਪ ਉੱਤੇ ਕੋਈ ਕਾਬੂ ਨਹੀਂ ਸੀ ਰਿਹਾ।