ਮੁੜ ਵੇਖਿਆ ਪਿੰਡ – ਪਾਠ ਨਾਲ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਵਾਰਤਕ – ਭਾਗ (ਜਮਾਤ ਨੌਂਵੀਂ)
ਮੁੜ ਵੇਖਿਆ ਪਿੰਡ – ਬਲਰਾਜ ਸਾਹਨੀ
ਪ੍ਰਸ਼ਨ 1 . ਲੇਖਕ ਭੇਰੇ ਜਾਣ ਲਈ ਕਿਉਂ ਉਤਾਵਲਾ ਹੈ?
ਉੱਤਰ – ਭੇਰੇ, ਲੇਖਕ ਦਾ ਜਨਮ ਸਥਾਨ ਸੀ। ਉਸ ਦੇ ਬਚਪਨ ਦੀਆਂ ਮਿੱਠੀਆਂ ਯਾਦਾਂ ਚਾਲ਼ੀ ਸਾਲਾਂ ਤੋਂ ਉਸ ਦੇ ਹਿਰਦੇ ਅੰਦਰ ਸਮੋਈਆਂ ਹੋਈਆਂ ਸਨ।
ਉਨ੍ਹਾਂ ਯਾਦਾਂ ਦੀ ਭਿੰਨੀ ਖੁਸ਼ਬੂ ਉਸ ਨੂੰ ਭੇਰੇ ਜਾਣ ਲਈ ਉਤਸਾਹਿਤ ਕਰ ਰਹੀ ਸੀ।
ਪ੍ਰਸ਼ਨ 2 . ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ਼ ਕਿਵੇਂ ਪੇਸ਼ ਆਏ ?
ਉੱਤਰ – ਬੱਸ ਅੱਡੇ ਦਾ ਪ੍ਰਬੰਧਕ ਅਤੇ ਥਾਣੇ ਦਾ ਇੰਸਪੈਕਟਰ ਲੇਖਕ ਨਾਲ਼ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਆਏ। ਉਨ੍ਹਾਂ ਨੇ ਲੇਖਕ ਨੂੰ ਆਪਣੇ ਵੱਲੋਂ ਦਿੱਤੀ ਜਾ ਸਕਣ ਵਾਲੀ ਹਰ ਸੰਭਵ ਮੱਦਦ ਕੀਤੀ।
ਬੱਸ ਅੱਡੇ ਦੇ ਪ੍ਰਬੰਧਕ ਨੇ ਵੀ ਉਸ ਦੀ ਆਪਣੀ ਮਿੱਟੀ ਲਈ ਪਿਆਰ ਅਤੇ ਮੋਹ ਦੀ ਕਦਰ ਕਰਦਿਆਂ ਉਸ ਦੇ ਨਿਸ਼ਚਿਤ ਸਮੇਂ ਨੂੰ ਫਜ਼ੂਲ ਨਾ ਗਵਾਉਂਦਿਆਂ ਉਸ ਦੇ ਜਜ਼ਬਾਤਾਂ ਦੀ ਕਦਰ ਕੀਤੀ ਅਤੇ ਬੱਸ ਨੂੰ ਪੰਦਰਾਂ ਮਿੰਟਾਂ ਵਿੱਚ ਹੀ ਚਲਾ ਦਿੱਤਾ ਜੋ ਪਹਿਲਾਂ ਅੱਧਾ – ਪੌਣਾ ਘੰਟਾ ਰੁਕਣੀ ਸੀ।
ਪ੍ਰਸ਼ਨ 3 . ਭੇਰਾ ਸ਼ਹਿਰ ਵਿੱਚ ਖੁਖ਼ਰਾਨ ਬਰਾਦਰੀ ਵਾਲਿਆਂ ਦੇ ਕਿਹੜੇ – ਕਿਹੜੇ ਮੁਹੱਲੇ ਸਨ ?
ਉੱਤਰ – ਭੇਰਾ ਸ਼ਹਿਰ ਵਿੱਚ ਖੁਖ਼ਰਾਨ ਬਰਾਦਰੀ ਵਾਲਿਆਂ ਦੇ ਸਾਹਨੀਆਂ, ਅਨੰਦਾਂ, ਕੋਹਲੀਆਂ ਆਦਿ ਦੇ ਮੁਹੱਲੇ ਸਨ ਅਤੇ ਹਰ ਮੁਹੱਲੇ ਦਾ ਵੱਖਰਾ ਗੇਟ ਸੀ।
ਪ੍ਰਸ਼ਨ 4 . ‘ਕੀ ਕਰਾਂ ਜੀ ਮਿੱਟੀ ਖਿੱਚ ਲਿਆਈ ਏ।’ ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ ?
ਉੱਤਰ – ਇਹ ਸ਼ਬਦ ਲੇਖਕ ਨੇ ਬੱਸ ਅੱਡੇ ਦੇ (ਮੁੰਤਜ਼ਿਮ) ਪ੍ਰਬੰਧਕ ਨੂੰ ਉਸ ਵਕਤ ਕਹੇ ਜਦੋਂ ਚਾਲੀਆਂ ਸਾਲਾਂ ਬਾਅਦ ਉਹ ਕੇਵਲ ਤਿੰਨ ਘੰਟਿਆਂ ਲਈ ਆਪਣਾ ਵਤਨ ਦੇਖਣ ਦੇ ਕਾਬਿਲ ਹੋਇਆ ਸੀ।
ਉਸ ਨੂੰ ਬੱਸ ਅੱਡੇ ‘ਤੇ ਪੌਣਾ ਘੰਟਾ ਗੁਜ਼ਾਰਨਾ ਮੁਸ਼ਕਿਲ ਹੋ ਰਿਹਾ ਸੀ।
ਪ੍ਰਸ਼ਨ 5 . ਲੇਖਕ ਨੂੰ ਆਪਣੀ ਗਲ਼ੀ ਦਾ ਦ੍ਰਿਸ਼ ਦੇਖ ਕੇ ਕਿਵੇਂ ਮਹਿਸੂਸ ਹੋਇਆ ?
ਉੱਤਰ – ਲੇਖਕ ਨੂੰ ਆਪਣੇ ਘਰ ਦੀ ਗਲ਼ੀ ਬਿਲਕੁਲ ਓਪਰੀ ਜਾਪਦੀ ਸੀ। ਉਸ ਨੂੰ ਯਕੀਨ ਹੀ ਨਹੀਂ ਸੀ ਆ ਰਿਹਾ ਕਿ ਉਹ ਇਸ ਗਲ਼ੀ ਵਿੱਚ ਖੇਡਦਾ ਹੁੰਦਾ ਸੀ।
ਉਹ ਗਲ਼ੀ ਲੰਮੀ ਖੁੱਲ੍ਹੀ ਅਤੇ ਸੋਹਣੀ ਹੁੰਦੀ ਸੀ ਪਰ ਇਹ ਗਲ਼ੀ ਤਾਂ ਛੋਟੀ, ਭੀੜੀ ਅਤੇ ਭੈੜੀ ਜਿਹੀ ਸੀ।
ਪ੍ਰਸ਼ਨ 6 . ਚੌਧਰੀ ਗੁਲਾਮ ਮੁਹਮੰਦ ਦਾ ਲੇਖਕ ਨਾਲ਼ ਕੀ ਰਿਸ਼ਤਾ ਸੀ ?
ਉੱਤਰ – ਚੌਧਰੀ ਗੁਲਾਮ ਮੁਹਮੰਦ ਅਤੇ ਲੇਖਕ ਦੋਵੇਂ ਦਾਦੇ – ਪੋਤਰੇ ਭਰਾ ਸਨ। ਬਚਪਨ ਦੇ ਵਿੱਚ ਉਹ ਦੋਵੇਂ ਇਕੱਠੇ ਖੇਡੇ ਸਨ। ਵੰਡ ਤੋਂ ਬਾਅਦ ਉਹ ਮੁਸਲਮਾਨ ਹੋ ਗਏ ਅਤੇ ਲੇਖਕ ਹਿੰਦੂ ਰਹਿ ਗਿਆ ਸੀ।
ਪ੍ਰਸ਼ਨ 7 . ਲੇਖਕ ਆਪਣੇ ਘਰ ਨੂੰ ਵੇਖਣ ਸਮੇਂ ਕਿਉਂ ਆਪਾ ਖੋਹ ਬੈਠਿਆ ?
ਉੱਤਰ – ਲੇਖਕ ਨੇ ਜਦੋਂ ਆਪਣਾ ਘਰ ਦੇਖਿਆ ਤਾਂ ਘਰ ਦੀ ਰਸੋਈ ਤੋਂ ਇਲਾਵਾ ਉਸ ਨੇ ਉਹ ਕਮਰਾ ਵੀ ਦੇਖਿਆ ਜਿੱਥੇ ਉਸ ਦੀ ਭੈਣ ਦੀ ਕੁੜਮਾਈ ਹੋਈ ਸੀ।
ਉਸ ਨੂੰ ਆਪਣੀ ਮਰ ਚੁੱਕੀ ਭੈਣ ਦੀ ਯਾਦ ਆਈ, ਜਿਸ ਕਰਕੇ ਉਹ ਆਪਾ ਖੋਹ ਬੈਠਿਆ ਅਤੇ ਰੋਣ ਲੱਗ ਪਿਆ।