ਮੁਹਾਵਰੇ
ੳ, ਅ, ੲ, ਸ, ਹ
1. ਉਂਗਲਾਂ ‘ਤੇ ਨਚਾਉਣਾ (ਕਿਸੇ ਨੂੰ ਵੱਸ ਵਿੱਚ ਕਰ ਕੇ ਉਸ ਕੋਲੋਂ ਮਨਮਰਜ਼ੀ ਅਨੁਸਾਰ ਕੰਮ ਕਰਵਾਉਣਾ) : ਸ਼ੀਲਾ ਦਾ ਆਪਣੀ ਨੂੰਹ ਉੱਤੇ ਏਨਾ ਰੋਹਬ ਹੈ ਕਿ ਉਹ ਹਰ ਵੇਲੇ ਉਸ ਨੂੰ ਉਂਗਲਾਂ ‘ਤੇ ਨਚਾਉਂਦੀ ਰਹਿੰਦੀ ਹੈ।
2. ਉੱਘ-ਸੁੱਘ ਮਿਲਣੀ (ਪਤਾ ਲੱਗਣਾ) : ਪੁਲਿਸ ਦੇ ਅਣਥੱਕ ਯਤਨਾਂ ਸਦਕਾ ਦੋ ਦਿਨਾਂ ਦੇ ਅੰਦਰ-ਅੰਦਰ ਹੀ ਦੀਪਕ ਦੀ ਚੋਰੀ ਹੋਈ ਕਾਰ ਦੀ ਉੱਘ-ਸੁੱਘ ਮਿਲ ਗਈ।
3. ਉੱਚਾ ਸਾਹ ਨਾ ਕੱਢਣਾ (ਸਹਿਮ ਜਾਣਾ) : ਪ੍ਰਿੰਸੀਪਲ ਦੇ ਸਖ਼ਤ ਸੁਭਾਅ ਕਾਰਨ ਬੱਚੇ ਉੱਚਾ ਸਾਹ ਨਹੀਂ ਕੱਢਦੇ।
4. ਉੱਧੜ-ਧੁੰਮੀ ਮਚਾਉਣਾ (ਰੌਲਾ ਪਾਉਣਾ) : ਨਾਨਕੇ ਆਏ ਬੱਚਿਆਂ ਨੇ ਐਸੀ ਉੱਧੜ-ਧੁੰਮੀ ਮਚਾਈ ਕਿ ਉਨ੍ਹਾਂ ਦੀ ਬਿਮਾਰ ਨਾਨੀ ਪਰੇਸ਼ਾਨ ਹੋ ਗਈ।
5. ਊਠ ਦੇ ਮੂੰਹ ਜੀਰਾ ਦੇਣਾ (ਬਹੁਤਾ ਖਾਣ ਵਾਲੇ ਨੂੰ ਜ਼ਰਾ ਜਿੰਨੀ ਚੀਜ਼ ਦੇਣੀ) : ਦਰਜਨ ਕੇਲੇ ਖਾਣ ਵਾਲੇ ਪਹਿਲਵਾਨ ਨੂੰ ਦੋ ਕੇਲੇ ਦੇਣਾ ਊਠ ਦੇ ਮੂੰਹ ਜੀਰਾ ਦੇਣ ਵਾਲੀ ਗੱਲ ਹੈ।
6. ਅਸਮਾਨ ਨੂੰ ਟਾਕੀਆਂ ਲਾਉਣੀਆਂ (ਫੜ੍ਹਾਂ ਮਾਰਨੀਆਂ) : ਵਿਹਲੇ ਬੰਦੇ ਅਸਮਾਨ ਨੂੰ ਟਾਕੀਆਂ ਲਾਉਣ ਤੋਂ ਸਿਵਾਏ ਕੁਝ ਵੀ ਨਹੀਂ ਕਰਦੇ।
7. ਅੱਕੀਂ ਪਲਾਹੀਂ ਹੱਥ ਮਾਰਨੇ (ਆਸਰਾ ਭਾਲਣਾ) : ਆਪਣੇ ਨਿਰਦੋਸ਼ ਪਤੀ ਦੀ ਰਿਹਾਈ ਲਈ ਮੀਤੋ ਨੇ ਅੱਕੀਂ ਪਲਾਹੀਂ ਹੱਥ ਮਾਰੇ, ਪਰ ਵਿਚਾਰੀ ਅਸਫ਼ਲ ਹੀ ਰਹੀ।
8. ਅੱਖਾਂ ਅੱਗੇ ਖੋਪੇ ਚਾੜ੍ਹ ਦੇਣੇ (ਮੂਰਖ ਬਣਾ ਦੇਣਾ) : ਰਘਬੀਰ ਦੇ ਵਿਹਲੜ ਯਾਰਾਂ ਨੇ ਤਾਂ ਇਸ ਦੀਆਂ ਅੱਖਾਂ ਤੇ ਖੋਪੇ ਚਾੜ੍ਹ ਰੱਖੇ ਹਨ, ਜਿਹੜਾ ਆਪਣੇ ਮਾਪਿਆਂ ਦੀ ਗੱਲ ਹੀ ਨਹੀਂ ਸੁਣਦਾ।
9. ਅੱਖਾਂ ਉੱਤੇ ਬਿਠਾਉਣਾ (ਖ਼ੂਬ ਆਦਰ-ਸਤਿਕਾਰ ਕਰਨਾ): ਪੰਜਾਬੀ ਘਰ ਆਏ ਪਰਾਹੁਣਿਆਂ ਨੂੰ ਅੱਖਾਂ ਉੱਤੇ ਬਿਠਾਉਂਦੇ ਹਨ।
10. ਅੱਲ੍ਹੇ ਫੱਟਾਂ ‘ਤੇ ਲੂਣ ਛਿੜਕਣਾ (ਦੁਖੀ ਹੋਏ ਨੂੰ ਹੋਰ ਦੁਖੀ ਕਰਨਾ) : ਵਿਧਵਾ ਇਸਤਰੀ ਤੋਂ ਮਕਾਨ ਖ਼ਾਲੀ ਕਰਵਾ ਕੇ ਮਕਾਨ ਮਾਲਕ ਨੇ ਉਸ ਦੇ ਅੱਲੇ ਫੱਟਾਂ ‘ਤੇ ਲੂਣ ਛਿੜਕਿਆ ਹੈ।
11. ਆਪਣੇ ਅੱਗੇ ਕੰਡੇ ਬੀਜਣਾ (ਅਜਿਹੇ ਕੰਮ ਕਰਨੇ ਜਿਨ੍ਹਾਂ ਦਾ ਸਿੱਟਾ ਮਾੜਾ ਹੋਵੇ) : ਅਮਰੀਕਾ ਜਾਣ ਦੇ ਲਾਲਚ ਵਿੱਚ ਦੀਪਕ ਨੇ ਸਰਕਾਰੀ ਨੌਕਰੀ ਛੱਡ ਕੇ ਆਪਣੇ ਅੱਗੇ ਕੰਡੇ ਬੀਜੇ ਹਨ।
12. ਆਪਣੇ ਤਰਕਸ਼ ਵਿੱਚ ਤੀਰ ਹੋਣਾ (ਆਪਣੇ ਕੋਲ ਸਮਰੱਥਾ ਹੋਣੀ, ਹਿੰਮਤ ਹੋਣੀ) : ਬਹਾਦਰ ਤੇ ਨਿਡਰ ਯੋਧੇ ਰਣ- ਭੂਮੀ ਵਿੱਚ ਕਿਸੇ ਦੂਸਰੇ ਦਾ ਆਸਰਾ ਨਹੀਂ ਭਾਲਦੇ, ਸਗੋਂ ਆਪਣੇ ਤਰਕਸ਼ ਵਿਚਲੇ ਤੀਰ ਤੋਂ ਹੀ ਕੰਮ ਲੈਂਦੇ ਹਨ।
13. ਇੱਲ ਦਾ ਨਾਂ ਕੋਕੋ ਵੀ ਨਾ ਆਉਣਾ (ਉੱਕਾ ਅਨਪੜ੍ਹ ਹੋਣਾ) : ਰਣਵੀਰ ਭਾਵੇਂ ਬਹੁਤ ਅਮੀਰ ਹੈ, ਪਰ ਉਸ ਨੂੰ ਇੱਲ ਦਾ ਨਾਂ ਕੋਕੋ ਵੀ ਨਹੀਂ ਆਉਂਦਾ।
14. ਸੱਠੀ ਦੇ ਚੌਲ ਖੁਆਉਣੇ (ਝਾੜ-ਝੰਬ ਕਰਨੀ/ਬੇਇੱਜ਼ਤੀ ਕਰਨੀ) : ਜੋਬਨਪ੍ਰੀਤ ਦੇ ਅਫ਼ਸਰ ਨੇ ਜਦੋਂ ਉਸ ਦਾ ਝੂਠ ਫੜ ਲਿਆ ਤਾਂ ਚੰਗੇ ਸੱਠੀ ਦੇ ਚੌਲ ਖੁਆਏ।
15. ਸਿਰ ਖੁਰਕਣ ਦੀ ਵਿਹਲ ਨਾ ਹੋਣੀ (ਬਹੁਤ ਰੁੱਝੇ ਰਹਿਣਾ) : ਇਮਤਿਹਾਨਾਂ ਦੇ ਦਿਨਾਂ ਵਿੱਚ ਮਿਹਨਤੀ ਵਿਦਿਆਰਥੀਆਂ ਨੂੰ ਸਿਰ ਖੁਰਕਣ ਦੀ ਵਿਹਲ ਨਹੀਂ ਹੁੰਦੀ।
16. ਸਿਰ ਮੜ੍ਹਨਾ (ਵਿਗੜਿਆ ਕੰਮ ਕਿਸੇ ਦੇ ਮੱਥੇ ਲਾਉਣਾ) : ਇਹ ਪੈੱਨ ਤਾਂ ਜਤਿੰਦਰ ਨੇ ਆਪ ਖ਼ਰਾਬ ਕੀਤਾ ਹੈ, ਹੁਣ ਖ਼ਾਹਮਖਾਹ ਮੇਰੇ ਸਿਰ ਮੜ੍ਹ ਰਿਹਾ ਹੈ।
17. ਹੱਥ ‘ਤੇ ਹੱਥ ਧਰ ਕੇ ਬਹਿਣਾ (ਵਿਹਲੇ ਰਹਿਣਾ) : ਅਜੀਤ ਸਾਰਾ ਦਿਨ ਹੱਥ ‘ਤੇ ਹੱਥ ਧਰ ਕੇ ਬਹਿ ਰਹਿੰਦਾ ਹੈ, ਜਦੋਂ ਕਿ ਉਸ ਦਾ ਬਜ਼ੁਰਗ ਬਾਪੂ ਇਕੱਲਾ ਖੇਤਾਂ ਵਿੱਚ ਕੰਮ ਕਰਦਾ ਹੈ।
18. ਹੱਥ ਵਟਾਉਣਾ (ਮਦਦ ਕਰਨੀ) : ਮਨਦੀਪ ਪੜ੍ਹਾਈ ਵਿੱਚ ਵੀ ਬਹੁਤ ਹੁਸ਼ਿਆਰ ਹੈ ਤੇ ਉਹ ਘਰ ਦੇ ਕੰਮਾਂ ਵਿੱਚ ਵੀ ਆਪਣੀ ਮਾਂ ਨਾਲ ਹੱਥ ਵਟਾਉਂਦੀ ਹੈ।
19. ਹਵਾ ਦੇ ਘੋੜੇ ਸਵਾਰ ਹੋਣਾ (ਹੈਂਕੜ ਵਿੱਚ ਹੋਣਾ) : ਚਰਨਜੀਤ ਜਦੋਂ ਦਾ ਸਰਪੰਚ ਬਣਿਆ ਹੈ, ਉਸ ਦਾ ਮੁੰਡਾ ਹਵਾ ਦੇ ਘੋੜੇ ਸਵਾਰ ਰਹਿੰਦਾ ਹੈ।