Akhaan / Idioms (ਅਖਾਣ)CBSEEducationਮੁਹਾਵਰੇ (Idioms)

ਮੁਹਾਵਰੇ


ਬ ਨਾਲ ਸ਼ੁਰੂ ਹੋਣ ਵਾਲੇ ਮੁਹਾਵਰੇ


1. ਬੀਜ ਨਾਸ ਕਰਨਾ : (ਪੂਰਨ ਰੂਪ ਵਿੱਚ ਖ਼ਤਮ ਕਰ ਦੇਣਾ) ਸਾਡੇ ਪਿੰਡ ਦੀ ਸਮਾਜ ਸੇਵੀ ਸੰਸਥਾ ਨੇ ਪਿੰਡ ਵਿੱਚੋਂ ਨਸ਼ਿਆਂ ਦਾ ਬੀਜ ਨਾਸ ਕਰਨ ਦਾ ਦ੍ਰਿੜ੍ਹ ਸੰਕਲਪ ਲਿਆ ਹੈ।

2. ਬਿੱਲੀ ਨਿੱਛ ਜਾਣੀ : (ਬਦਸ਼ਗਨੀ ਹੋ ਜਾਣੀ / ਰੋਕ ਪੈ ਜਾਣੀ) ਅਵਤਾਰ ਦੇ ਮੁੰਡੇ ਨੂੰ ਅੱਜ ਸ਼ਗਨ ਲੱਗਣਾ ਸੀ ਪਰ ਪਤਾ ਨਹੀਂ ਕੀ ਬਿੱਲੀ ਨਿੱਛ ਗਈ ਕਿ ਕੁੜੀ ਵਾਲਿਆਂ ਨੇ ਰਿਸ਼ਤਾ ਕਰਨ ਤੋਂ ਨਾਂਹ ਕਰ ਦਿੱਤੀ ਹੈ।

3. ਬਿਗਾਨੀ ਛਾਹ ਪਿੱਛੇ ਮੁੱਛਾਂ ਮੁਨਾਣਾ : (ਕਿਸੇ ਕੋਲੋਂ ਧਨ ਮਿਲਣ ਦੀ ਆਸ ‘ਤੇ ਆਪਣਾ ਧਨ ਖ਼ਰਚ ਕਰ ਦੇਣਾ) ਗੁਰਜੀਤ ਨੇ ਕਾਰੋਬਾਰ ਵਿੱਚ ਵਾਧਾ ਕਰਨ ਲਈ ਆਪਣੀ ਜ਼ਮੀਨ ਵੀ ਵੇਚੀ ਪਰ ਉਸਦਾ ਦੋਸਤ ਅੱਖਾਂ ਫੇਰ ਗਿਆ। ਉਹ ਵਿਚਾਰਾ ਤਾਂ ਐਵੇਂ ਹੀ ਬਿਗਾਨੀ ਛਾਹ ਪਿੱਛੇ ਮੁੱਛਾਂ ਮੁਨਾ ਬੈਠਾ।

4. ਬੇੜਾ ਗਰਕ ਹੋਣਾ : (ਤਬਾਹ ਹੋ ਜਾਣਾ) ਮੰਗੀ ਰਾਮ ਨੇ ਕਰਜ਼ਾ ਚੁੱਕ ਕੇ ਵੱਡਾ ਸ਼ੋਅ ਰੂਮ ਬਣਾਇਆ ਸੀ ਪਰ ਉੱਥੇ ਅੱਗ ਲੱਗ ਗਈ ਤੇ ਸਭ ਕੁਝ ਸੜ ਕੇ ਸੁਆਹ ਹੋ ਗਿਆ। ਉਸ ਵਿਚਾਰੇ ਦਾ ਤਾਂ ਬੇੜਾ ਹੀ ਗਰਕ ਗਿਆ ਹੈ।

5. ਬਰ ਮਿਚਣਾ : (ਆਪਸ ਵਿਚ ਬਣਨੀ) ਨਿਰਮਲ ਤੇ ਸੁਭਾਸ਼ ਨੇ ਕਮਰਾ ਤਾਂ ਸਾਂਝਾ ਲੈ ਲਿਆ ਹੈ ਪਰ ਉਨ੍ਹਾਂ ਦਾ ਬਰ ਮਿਚਣਾ ਮੁਸ਼ਕਲ ਹੈ।

6. ਬਾਂਹ ਫੜਨੀ : (ਸਹਾਇਤਾ ਕਰਨੀ) ਮੁਸੀਬਤ ਵਿੱਚ ਫਸੇ ਹੋਏ ਦੋਸਤਾਂ ਦੀ ਸਾਨੂੰ ਬਾਂਹ ਫੜਨੀ ਚਾਹੀਦੀ ਹੈ।

7. ਬੁੱਕਲ ਵਿਚ ਰੋੜੀ ਭੰਨਣੀ : (ਕੋਈ ਗੱਲ ਲੁਕਾ ਕੇ ਰੱਖਣੀ) ਜਦ ਅਜੀਤ ਨੇ ਅਮਨ ਨੂੰ ਆਪਣੇ ਵਿਆਹ ‘ਤੇ ਆਉਣ ਦਾ ਸੱਦਾ ਦਿੱਤਾ ਤਾਂ ਅਮਨ ਨੇ ਕਿਹਾ, ‘ਤੂੰ ਤਾਂ ਬੁੱਕਲ ਵਿੱਚ ਹੀ ਰੋੜੀ ਭੰਨਦਾ ਰਿਹਾ ਏਂ, ਜੇ ਪਹਿਲਾਂ ਦੱਸਦਾ ਤਾਂ ਕੋਈ ਕੱਪੜਾ ਲੱਤਾ ਹੀ ਬਣਾ ਲੈਂਦੇ।’

8. ਬੁੱਲੇ ਲੁੱਟਣੇ : (ਮੌਜਾਂ ਕਰਨੀਆਂ) ਦੀਪਕ ਤਾਂ ਆਪਣੇ ਵਿਦੇਸ਼ ਗਏ ਭਰਾ ਸਦਕਾ ਬੁੱਲੇ ਲੁੱਟ ਰਿਹਾ ਹੈ।

9. ਬੇੜੀਆਂ ਵਿੱਚ ਵੱਟੇ ਪੈਣਾ : (ਬਰਬਾਦੀ ਦਾ ਮੁੱਢ ਬਣਨਾ) ਬਚਪਨ ਵਿੱਚ ਹੀ ਭੈੜੀ ਸੰਗਤ ਕਾਰਨ ਹਰਭਜਨ ਦੀਆਂ ਬੇੜੀਆਂ ਵਿੱਚ ਵੱਟੇ ਪੈ ਗਏ ਹਨ।

10. ਬਹਾਰਾਂ ਲੁਟਣੀਆਂ : ਮੌਜਾਂ ਕਰਨੀਆਂ।

11. ਬੁਹਾਰੀ ਫੇਰਨੀ : ਉਜਾੜ ਦੇਣਾ।

12. ਬਕ ਪੈਣਾ : ਪਹਿਲਾਂ ਮੁਕਰ ਕੇ ਫੇਰ ਸੱਚ-ਸੱਚ ਦੱਸ ਦੇਣਾ।

13. ਬਾਜ਼ੀ ਲੈਣੀ : ਜਿੱਤ ਜਾਣਾ।

14. ਬਾਨ੍ਹਣੂ ਬੰਨ੍ਹਣਾ : ਪ੍ਰਬੰਧ ਕਰਨਾ।

15. ਬਾਬ ਕਰਨੀ : ਝਾੜ-ਝੰਬ ਕਰਨੀ।

16. ਬਾਂਹ ਟੁੱਟਣੀ ਜਾਂ ਭੱਜਣੀ : ਕਿਸੇ ਨਜ਼ਦੀਕੀ ਦੀ ਮੌਤ ਹੋ ਜਾਣੀ।

17. ਬਾਂਦਰ ਘੁਰਕੀ ਦੇਣਾ : ਗੱਲੀਂ ਬਾਤੀਂ ਹੀ ਡਰਾਉਣਾ।

18. ਬਿਰਦ ਪਾਲਣਾ : ਆਪਣੇ ਧਰਮ ਦਾ ਸਤਿਕਾਰ ਕਰਨਾ / ਲਾਜ ਰੱਖਣੀ।

19. ਬੀੜਾ ਚੁੱਕਣਾ : ਕਿਸੇ ਔਖੇ ਕੰਮ ਦਾ ਜ਼ਿੰਮਾ ਲੈਣਾ।

20. ਬੁੱਤਾ ਸਾਰਨਾ : ਆਪਣਾ ਮਤਲਬ ਕੱਢਣਾ।

21. ਬੇੜਾ ਬੰਨੇ ਲਾਉਣਾ : ਕੰਮ ਸਵਾਰ ਦੇਣਾ |

22. ਬੇੜੀ ਪਾਰ ਹੋਣੀ : ਕੰਮ ਬਣ ਜਾਣਾ।

23. ਬੋਲੀ ਮਾਰਨਾ : ਤਾਹਨਾ ਮਾਰਨਾ।