ਮੁਹਾਵਰੇਦਾਰ ਵਾਕੰਸ਼
ਵਾਕੰਸ਼ ਦੇ ਅਰਥ ਹੁੰਦੇ ਹਨ, ਵਾਕ ਦਾ ਭਾਗ ਮੁਹਾਵਰੇਦਾਰ ਵਾਕੰਸ਼ ਦੋ ਜਾਂ ਤਿੰਨ ਸ਼ਬਦਾਂ ਦੇ ਮੇਲ ਤੋਂ ਬਣਦਾ ਹੈ ਤੇ ਇਸ ਵਿਚ ਕਿਰਿਆ ਨਹੀਂ ਹੁੰਦੀ। ਭਾਵ ਇਸ ਦਾ ਅੰਤ ਭਾਵਾਰਥ ਕਾਰਦੰਤਕ ਨਹੀਂ ਹੁੰਦਾ। ਇਸ ਦੇ ਅੱਖਰੀ ਅਰਥਾਂ ਦੀ ਥਾਂ ਕੋਈ ਹੋਰ ਗੁੜ੍ਹੇ ਜਾਂ ਅੰਤਰੀਵ ਅਰਥ ਹੁੰਦੇ ਹਨ, ਉਦਾਹਰਣ ਵਜੋਂ ‘ਭੇਡਚਾਲ’ ਦਾ ਅਰਥ ਭੇਡ ਵਰਗੀ ਤੋਰ ਤੁਰਨਾ ਨਹੀਂ, ਸਗੋਂ ਬਿਨਾਂ ਸੋਚੇ ਸਮਝੇ ਰੀਸ ਕਰਨਾ ਹੈ, ਜਿਵੇਂ ਭੇਡਾਂ ਕਰਦੀਆਂ ਹਨ। ਏਸੇ ਤਰ੍ਹਾਂ ‘ਆਟੇ ਵਿਚ ਲੂਣ’ ਦਾ ਆਟੇ ਤੇ ਲੂਣ ਨਾਲ ਕੋਈ ਸਬੰਧੀ ਨਹੀਂ, ਸਗੋਂ ਇਸ ਦਾ ਭਾਵ ਹੈ ‘ਬਹੁਤ ਥੋੜਾ’, ਕਿਉਂਕਿ ਆਟੇ ਵਿੱਚ ਮੱਠੀਆਂ ਆਦਿ ਬਣਾਉਣ ਵਾਸਤੇ ਜੋ ਲੂਣ ਪਾਈਦਾ ਹੈ, ਉਹ ਆਟੇ ਦੇ ਮੁਕਾਬਲੇ ਬਹੁਤ ਥੋੜ੍ਹਾ ਹੁੰਦਾ ਹੈ। ‘ਕਿਤਾਬੀ ਕੀੜਾ’ ਦਾ ਅਰਥ ਕਿਤਾਬਾਂ ਨੂੰ ਲੱਗਣ ਵਾਲਾ ਕੋਈ ਕੀੜਾ ਨਹੀਂ, ਸਗੋਂ ਇਸ ਦਾ ਭਾਵ ਉਹ ਪੜ੍ਹਾਕੂ ਹੈ, ਜੋ ਹਰ ਵੇਲੇ ਕਿਤਾਬਾਂ ਨੂੰ ਚੰਬੜਿਆ ਰਹਿੰਦਾ ਹੈ।
ਮੁਹਾਵਰੇਦਾਰ ਵਾਕੰਸ਼ ਆਮ ਤੌਰ ਤੇ ਨਾਂਵ ਤੇ ਨਾਂਵ ਜਾਂ ਨਾਂਵ ਤੇ ਵਿਸ਼ੇਸ਼ਣ ਨੂੰ ਜੋੜ ਕੇ ਬਣਾਏ ਸਮਾਸੀ ਸ਼ਬਦ ਹੁੰਦੇ ਹਨ, ਜਿਵੇਂ ਜੁੱਤੀ-ਚੋਰ, ਹੱਥ-ਹੁਦਾਰ, ਹੱਥ-ਠੋਕਾ, ਹੱਡ-ਹਰਾਮ, ਲੂਣ-ਹਰਾਮ, ਬਗਲਾ-ਭਗਤ, ਰੰਨ-ਮੁਰੀਦ, ਤੇ ਮਿੱਠੀ-ਛੁਰੀ ਆਦਿ। ਜਾਂ ਫਿਰ ਇਹੋ ਜਿਹੇ ਹੀ ਦੋ ਸ਼ਬਦਾਂ ਦੇ ਵਿਚਕਾਰ ‘ਦਾ’, ‘ਦੀ’ ਆਦਿ ਲਾ ਕੇ ਬਣਾਏ ਜਾਂਦੇ ਹਨ, ਜਿਵੇਂ ਘੜੇ ਦੀ ਮੱਛੀ, ਮਾਤਾ ਦਾ ਮਾਲ, ਹੱਡੀਆਂ ਦੀ ਮੁੱਠ ਮੁੱਛ ਦਾ ਵਾਲ, ਖੂਹ ਦਾ ਡੱਡੂ, ਮਿੱਟੀ ਦਾ ਮਾਧੋ, ਕੰਨਾ ਦਾ ਕੱਚਾ, ਭੂੰਡਾਂ ਦੀ ਖੱਖਰ, ਤਲਵਾਰ ਦਾ ਧਨੀ ਆਦਿ।
ਵਰਤੋਂ ਵਿਚ ਅਖਾਉਤਾਂ ਵਾਂਙ ਮੁਹਾਵਰੇਦਾਰ ਵਾਕੰਸ਼ ਦਾ ਵੀ ਲਿੰਗ, ਵਚਨ ਜਾਂ ਕਾਲ ਆਦਿ ਨਹੀਂ ਬਦਲਦਾ ਤੇ ਇਸ ਨੂੰ ਇਸ ਦੇ ਇਕੋ ਮੂਲ ਰੂਪ ਵਿਚ ਹੀ ਵਰਤਿਆ ਜਾਂਦਾ ਹੈ। ਇਮਤਿਹਾਨ ਵਿਚ ਵਾਕੰਸ਼ ਦੇ ਅਰਥ ਪੁੱਛੇ ਜਾਂਦੇ ਹਨ ਤੇ ਆਪਣੇ ਵਾਕਾਂ ਵਿਚ ਵਰਤਣ ਲਈ ਵੀ ਕਿਹਾ ਜਾਂਦਾ ਹੈ। ਅਰਥ ਆਉਂਦੇ ਹੋਣ, ਤਾਂ ਵਾਕਾਂ ਵਿਚ ਵਰਤੋਂ ਕੋਈ ਮੁਸ਼ਕਲ ਨਹੀਂ। ਹੇਠ ਲਿਖੇ ਦੋ ਉਦਾਹਰਣ ਵੇਖੋ। ਅਰਥਾਂ ਨੂੰ ਸਪਸ਼ਟ ਕਰਨ ਲਈ ਵਾਕ ਨੂੰ ਥੋੜ੍ਹਾ ਜਿਹਾ ਵਧਾਇਆ ਗਿਆ ਹੈ।
ਚੰਨਣ ਸਿੰਘ ਤਾਂ ‘ਕਿਤਾਬੀ ਕੀੜਾ’ ਹੈ, ਹਰ ਵੇਲੇ ਪੜ੍ਹਦਾ ਹੀ ਰਹਿੰਦਾ ਹੈ। ਉਹ ਮੇਰੇ ਕੋਲੋਂ ਦਸ ਰੁਪਏ ‘ਹੱਥ-ਉਦਾਰ’ ਲੈ ਗਿਆ ਸੀ, ਪਰ ਅਜੇ ਤੱਕ ਉਸ ਨੇ ਮੋੜੇ ਨਹੀਂ।
ਅਸਾਂ ਇਥੇ ਹਰੇਕ ਵਾਕੰਸ਼ ਦੇ ਅਰਥ ਦਿੱਤੇ ਹਨ ਤੇ ਕਿਤੇ-ਕਿਤੇ ਇਨ੍ਹਾਂ ਨੂੰ ਵਾਕਾਂ ਵਿਚ ਵਰਤ ਕੇ ਵੀ ਵਿਖਾਇਆ ਹੈ। ਵਿਦਿਆਰਥੀਆਂ ਨੂੰ ਚਾਹੀਦਾ ਹੈ ਕਿ ਬਾਕੀ ਵਾਕੰਸ਼ਾਂ ਨੂੰ ਆਪਣੇ ਵਾਕਾਂ ਵਿਚ ਵਰਤਣ ਦਾ ਅਭਿਆਸ ਕਰਨ।