ਮੀਰੀ ਅਤੇ ਪੀਰੀ
ਪ੍ਰਸ਼ਨ. ਮੀਰੀ ਅਤੇ ਪੀਰੀ ਬਾਰੇ ਤੁਸੀਂ ਕੀ ਜਾਣਦੇ ਹੋ?
ਉੱਤਰ : ਗੁਰੂ ਹਰਿਗੋਬਿੰਦ ਜੀ ਨੇ ਗੁਰਗੱਦੀ ‘ਤੇ ਬੈਠਣ ਸਮੇਂ ਬਦਲੇ ਹੋਏ ਹਾਲਾਤਾਂ ਨੂੰ ਦੇਖਦੇ ਹੋਏ ਮੀਰੀ ਅਤੇ ਪੀਰੀ ਨਾਂ ਦੀਆਂ ਦੋ ਤਲਵਾਰਾਂ ਧਾਰਨ ਕਰਨ ਦਾ ਫੈਸਲਾ ਕੀਤਾ।
ਮੀਰੀ ਤਲਵਾਰ ਦੁਨਿਆਵੀ ਅਗਵਾਈ ਦੀ ਪ੍ਰਤੀਕ ਸੀ, ਜਦਕਿ ਪੀਰੀ ਤਲਵਾਰ ਧਾਰਮਿਕ ਅਗਵਾਈ ਦੀ ਪ੍ਰਤੀਕ ਸੀ।
ਗੁਰੂ ਸਾਹਿਬ ਦੁਆਰਾ ਇਹ ਦੋਵੇਂ ਤਲਵਾਰਾਂ ਧਾਰਨ ਕਰਨ ਤੋਂ ਭਾਵ ਇਹ ਸੀ ਕਿ ਉਹ ਅੱਗੇ ਤੋਂ ਆਪਣੇ ਪੈਰੋਕਾਰਾਂ ਦੀ ਧਾਰਮਿਕ ਅਗਵਾਈ ਕਰਨ ਤੋਂ ਇਲਾਵਾ ਸੰਸਾਰਿਕ ਮਾਮਲਿਆਂ ਵਿੱਚ ਵੀ ਅਗਵਾਈ ਕਰਨਗੇ।
ਗੁਰੂ ਹਰਿਗੋਬਿੰਦ ਸਾਹਿਬ ਨੇ ਇੱਕ ਪਾਸੇ ਸਿੱਖਾਂ ਨੂੰ ਸਤਿਨਾਮ ਦਾ ਜਾਪ ਕਰਨ ਅਤੇ ਦੂਜੇ ਪਾਸੇ ਆਪਣੀ ਰੱਖਿਆ ਲਈ ਹਥਿਆਰ ਧਾਰਨ ਕਰਨ ਦਾ ਹੁਕਮ ਦਿੱਤਾ। ਇਸ ਤਰ੍ਹਾਂ ਗੁਰੂ ਹਰਿਗੋਬਿੰਦ ਸਾਹਿਬ ਨੇ ਸਿੱਖਾਂ ਨੂੰ ਸੰਤ ਸਿਪਾਹੀ ਬਣਾ ਦਿੱਤਾ।
ਗੁਰੂ ਹਰਿਗੋਬਿੰਦ ਸਾਹਿਬ ਦੁਆਰਾ ਅਪਣਾਈ ਗਈ ਇਸ ਮੀਰੀ ਅਤੇ ਪੀਰੀ ਦੀ ਨੀਤੀ ਦਾ ਸਿੱਖ ਇਤਿਹਾਸ ‘ਤੇ ਬੜਾ ਡੂੰਘਾ ਪ੍ਰਭਾਵ ਪਿਆ।
ਇਸ ਕਾਰਨ ਪਹਿਲਾ, ਸਿੱਖਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਹੋਇਆ।
ਦੂਜਾ, ਹੁਣ ਉਨ੍ਹਾਂ ਨੇ ਧਰਮ ਦੀ ਰੱਖਿਆ ਲਈ ਹਥਿਆਰ ਚੁੱਕਣ ਦਾ ਫੈਸਲਾ ਕੀਤਾ।
ਤੀਜਾ, ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੀਤੀ ‘ਤੇ ਚਲਦਿਆਂ ਹੋਇਆਂ ਖ਼ਾਲਸਾ ਪੰਥ ਦੀ ਸਿਰਜਣਾ ਕੀਤੀ।
ਚੌਥਾ, ਇਸ ਨੀਤੀ ਕਾਰਨ ਸਿੱਖਾਂ ਅਤੇ ਮੁਗ਼ਲਾਂ ਤੇ ਅਫ਼ਗਾਨਾਂ ਵਿਚਾਲੇ ਇੱਕ ਲੰਬਾ ਸੰਘਰਸ਼ ਸ਼ੁਰੂ ਹੋਇਆ ਜਿਸ ਵਿੱਚ ਅੰਤ ਵਿੱਚ ਸਿੱਖ ਜੇਤੂ ਰਹੇ।