ਮਿੱਥ ਕਥਾ ਦੀ ਪਰਿਭਾਸ਼ਾ

ਪ੍ਰਸ਼ਨ . ਮਿੱਥ ਕਥਾ ਕੀ ਹੁੰਦੀ ਹੈ? ਮਿੱਥ ਕਥਾ ਦੀ ਪਰਿਭਾਸ਼ਾ ਦਿੰਦੇ ਹੋਏ ਇਸ ਨਾਲ ਜਾਣ – ਪਛਾਣ ਕਰਾਓ।

ਉੱਤਰ – ਮੁੱਢਲੇ ਸਮਿਆਂ ਵਿੱਚ ਮਨੁੱਖ ਨੇ ਕੁਦਰਤ ਦੇ ਵਰਤਾਰਿਆਂ ਨੂੰ ਆਪਣੀ ਸੂਝ – ਸਮਝ ਅਨੁਸਾਰ ਕਾਲਪਨਿਕ ਕਹਾਣੀਆਂ ਦੇ ਰੂਪ ਵਿੱਚ ਪੇਸ਼ ਕੀਤਾ ਤੇ ਇਸ ਨੂੰ ਹੀ ਅਸੀਂ ਮਿੱਥ ਕਥਾਵਾਂ ਕਹਿੰਦੇ ਹਾਂ।

ਮਿੱਥ ਕਥਾਵਾਂ ਕਥਾ – ਸਾਹਿਤ ਦਾ ਮੁੱਢਲਾ ਰੂਪ ਤੇ ਮਹੱਤਵਪੂਰਨ ਹਿੱਸਾ ਹਨ।

ਮਿੱਥ ਕਥਾ ਅਸਲ ਵਿੱਚ ਇੱਕ ਕਹਾਣੀ ਹੀ ਹੁੰਦੀ ਹੈ। ਇਨ੍ਹਾਂ ਕਥਾਵਾਂ ਵਿੱਚ ਪ੍ਰਕਿਰਤਿਕ ਵਸਤਾਂ, ਰੁੱਖਾਂ, ਜੀਵ – ਜੰਤੂਆਂ ਤੇ ਫੱਲ – ਬੂਟਿਆਂ ਨੂੰ ਮਨੁੱਖਾਂ ਵਾਂਗ ਕੰਮ ਤੇ ਗੱਲਾਂ ਕਰਦੇ ਦਰਸਾਇਆ ਜਾਂਦਾ ਹੈ
ਇਨ੍ਹਾਂ ਵਿੱਚ ਦੇਵੀ – ਦੇਵਤਿਆਂ, ਜਿੰਨਾਂ – ਭੂਤਾਂ ਤੇ ਦੇਆਂ – ਪਰੀਆਂ ਦਾ ਪ੍ਰਵੇਸ਼ ਹੁੰਦਾ ਹੈ।

ਇਨ੍ਹਾਂ ਵਿੱਚ ਜੀਵਨ ਦੀ ਅਸਲੀਅਤ ਭਾਵੇਂ ਨਾ ਹੋਵੇ, ਪਰ ਇਹ ਉਸ ਵੇਲੇ ਦੇ ਮਨੁੱਖ ਬਾਰੇ ਸਮਝ – ਬੂਝ ਨੂੰ ਜ਼ਰੂਰ ਪੇਸ਼ ਕਰਦੀਆਂ ਹਨ।

ਇਨ੍ਹਾਂ ਵਿੱਚ ਦੱਸੀ ਗਈ ਕਹਾਣੀ ਬੀਜ ਰੂਪ ਵਿੱਚ ਪੂਰਵ – ਇਤਿਹਾਸ ਕਾਲ ਵਿੱਚ ਕਦੇ ਨਾ ਕਦੇ ਕਿਸੇ ਰੂਪ ਵਿੱਚ ਵਾਪਰੀ ਵੀ ਹੋ ਸਕਦੀ ਹੈ ਤੇ ਸਮੇਂ ਬੀਤਣ ਨਾਲ ਇਸੇ ਨਾਲ ਬਹੁਤ ਕੁੱਝ ਸਿੱਖਿਆ ਜੁੜਦਾ ਗਿਆ।

ਆਮ ਕਰਕੇ ਮਿੱਥ – ਕਥਾ ਕਿਸੇ ਦੇਵ – ਪੁਰਸ਼ ਨਾਲ ਜੁੜੀ ਹੁੰਦੀ ਹੈ। ਇਨ੍ਹਾਂ ਦੇ ਵੇਰਵਿਆਂ ਵਿੱਚ ਸੰਬੰਧਿਤ ਜਾਤੀ ਦੀਆਂ ਰਹੁ – ਰੀਤਾਂ, ਸੰਸਕਾਰਾਂ ਤੇ ਧਾਰਮਿਕ ਸੰਸਥਾਵਾਂ ਦਾ ਵਰਣਨ ਹੁੰਦਾ ਹੈ।

ਮਿੱਥ ਕਥਾ ਦੀ ਪਰਿਭਾਸ਼ਾ ਇਸ ਪ੍ਰਕਾਰ ਕੀਤੀ ਜਾ ਸਕਦੀ ਹੈ।

“ਮਿੱਥ ਕਥਾ ਇਸ ਪ੍ਰਕਾਰ ਦੀ ਕਹਾਣੀ ਹੁੰਦੀ ਹੈ, ਜੋ ਕਿ ਆਮ ਕਰਕੇ ਕਿਸੇ ਦੇਵ – ਪੁਰਸ਼ ਨਾਲ ਜੁੜੀ ਹੁੰਦੀ ਹੈ ਤੇ ਸਮੇਂ ਦੇ ਬੀਤਣ ਨਾਲ ਇਸ ਨਾਲ ਬਹੁਤ ਕੁੱਝ ਸਿੱਖਿਆ ਜੁੜ ਚੁੱਕਾ ਹੁੰਦਾ ਹੈ, ਪਰ ਇਸ ਵਿੱਚ ਸੰਬੰਧਿਤ ਜਾਤੀ ਦੀਆਂ ਰਹੁ – ਰੀਤਾਂ, ਸੰਸਕਾਰਾਂ ਤੇ ਧਾਰਮਿਕ ਸੰਸਥਾਵਾਂ ਦਾ ਵਰਣਨ ਹੁੰਦਾ ਹੈ।”