ਮਿਲਕ ਪਲਾਂਟ ਮੈਨੇਜਰ ਨੂੰ ਪੱਤਰ
ਤੁਸੀਂ ਇੱਕ ਸਧਾਰਨ ਕਿਸਾਨ ਦੇ ਪੁੱਤਰ ਹੋ ਅਤੇ ਤੁਸੀਂ ਕਰਜ਼ਾ ਲੈ ਕੇ ਦੁੱਧ ਢੋਣ ਲਈ ਟੈਂਕਰ ਖ਼ਰੀਦਿਆ ਹੈ। ਆਪਣੇ ਨੇੜੇ ਦੇ ਮਿਲਕ-ਪਲਾਂਟ ਮੈਨੇਜਰ ਨੂੰ ਚਿੱਠੀ ਲਿਖੋ ਜਿਸ ਵਿੱਚ ਤੁਸੀਂ ਦੁੱਧ-ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਦੁੱਧ ਦੀ ਢੁਆਈ ਲਈ ਆਪਣੀ ਪੇਸ਼ਕਸ਼ ਕਰਦੇ ਹੋਏ ਇਸ ਸੰਬੰਧੀ ਉਹਨਾਂ ਦੇ ਰੇਟਾਂ, ਨਿਯਮਾਂ ਤੇ ਸ਼ਰਤਾਂ ਦੀ ਮੰਗ ਕਰੋ।
71/3, ਬਸੰਤ ਨਗਰ,
…………….ਸ਼ਹਿਰ।
ਮਿਤੀ : 3 ਅਪਰੈਲ, 20……
ਸੇਵਾ ਵਿਖੇ
ਮੈਨੇਜਰ ਸਾਹਿਬ,
ਦੋਆਬਾ ਮਿਲਕ-ਪਲਾਂਟ,
……………ਸ਼ਹਿਰ।
ਵਿਸ਼ਾ : ਦੁੱਧ-ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਦੁੱਧ ਦੀ ਢੁਆਈ।
ਸ੍ਰੀਮਾਨ ਜੀ,
ਮਿਤੀ …………. ਦੀ ‘ਪੰਜਾਬੀ ਟ੍ਰਿਬਿਊਨ’ ਵਿੱਚ ਆਪ ਵੱਲੋਂ ਦਿੱਤੇ ਇਸ਼ਤਿਹਾਰ ਤੋਂ ਇਹ ਜਾਣਕਾਰੀ ਪ੍ਰਾਪਤ ਹੋਈ ਹੈ ਕਿ ਆਪ ਜੀ ਨੂੰ ਦੁੱਧ-ਇਕੱਤਰ ਕੇਂਦਰਾਂ ਤੋਂ ਮਿਲਕ-ਪਲਾਂਟ ਤੱਕ ਦੁੱਧ ਦੀ ਢੁਆਈ ਲਈ ਟੈਂਕਰਾਂ ਦੀ ਲੋੜ ਹੈ। ਇਸ ਕੰਮ ਲਈ ਮੈਂ ਆਪਣੀਆਂ ਸੇਵਾਵਾਂ ਦੀ ਪੇਸ਼ਕਸ਼ ਕਰਦਾ ਹਾਂ। ·
ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਕਿ ਮੈਂ ਇੱਕ ਸਧਾਰਨ ਕਿਸਾਨ ਦਾ ਪੁੱਤਰ ਹਾਂ ਅਤੇ ਮੈਂ ਦਸਵੀਂ ਜਮਾਤ ਪਾਸ ਕੀਤੀ ਹੋਈ ਹੈ। ਸਾਡੀ ਜ਼ਮੀਨ ਬਹੁਤੀ ਨਾ ਹੋਣ ਕਾਰਨ ਮੈਂ ਬੈਂਕ ਤੋਂ ਕਰਜ਼ਾ ਲੈ ਕੇ ਦੁੱਧ ਢੋਣ ਲਈ ਟੈਂਕਰ ਖ਼ਰੀਦਿਆ ਹੈ। ਮੇਰੀ ਇੱਛਾ ਹੈ ਕਿ ਮੈਨੂੰ ਲਗਾਤਾਰ ਢੁਆਈ ਦਾ ਕੰਮ ਮਿਲੇ।
ਮੈਂ ਚਾਹੁੰਦਾ ਹਾਂ ਕਿ ਤੁਸੀਂ ਆਪਣੇ ਰੇਟਾਂ ਅਤੇ ਹੋਰ ਨਿਯਮਾਂ/ਸ਼ਰਤਾਂ ਬਾਰੇ ਜਾਣਕਾਰੀ ਦਿਓ ਤਾਂ ਕਿ ਇਸ ਸੰਬੰਧ ਵਿੱਚ ਮੈਨੂੰ ਜਾਣਕਾਰੀ ਮਿਲ ਸਕੇ। ਮੈਂ ਤੁਹਾਨੂੰ ਵਿਸ਼ਵਾਸ ਦਵਾਉਂਦਾ ਹਾਂ ਕਿ ਮੈਂ ਦੁੱਧ ਦੀ ਢੁਆਈ ਦਾ ਕੰਮ ਸਮੇਂ ਸਿਰ ਅਤੇ ਨਿਯਮਿਤ ਰੂਪ ਵਿੱਚ ਕਰਾਂਗਾ।
ਆਸ ਹੈ ਤੁਸੀਂ ਜਲਦੀ ਉੱਤਰ ਦਿਓਗੇ।
ਧੰਨਵਾਦ ਸਹਿਤ,
ਤੁਹਾਡਾ ਵਿਸ਼ਵਾਸਪਾਤਰ,
ਅਮਰਜੀਤ ਸਿੰਘ