ਮਾੜਾ ਬੰਦਾ – ਵਿਸ਼ਾ ਵਸਤੂ


ਪ੍ਰਸ਼ਨ. ‘ਮਾੜਾ ਬੰਦਾ’ ਕਹਾਣੀ ਦਾ ਵਿਸ਼ਾ ਵਸਤੂ 125 ਤੋਂ 150 ਸ਼ਬਦਾਂ ਵਿੱਚ ਲਿਖੋ।

ਉੱਤਰ : ‘ਮਾੜਾ ਬੰਦਾ’ ਕਹਾਣੀ ਪ੍ਰਸਿੱਧ ਲੇਖਕ ‘ਪ੍ਰੇਮ ਪ੍ਰਕਾਸ਼’ ਦੁਆਰਾ ਲਿਖੀ ਗਈ ਹੈ। ਕਹਾਣੀ ਦਾ ਵਿਸ਼ਾ ਯਥਾਰਥਕ,ਮਨੋ-ਵਿਗਿਆਨਕ ਅਤੇ ਵਿਅੰਗਾਤਮਕ ਹੈ।ਇਸ ਵਿੱਚ ਲੇਖਕ ਨੇ ਮੱਧ-ਵਰਗ ਅਤੇ ਨਿਮਨ ਸ਼੍ਰੇਣੀ ਦੋਵਾਂ ਦੀ ਮਾਨਸਿਕਤਾ ਨੂੰ ਬੜੀ ਖ਼ੂਬਸੂਰਤੀ ਨਾਲ ਪੇਸ਼ ਕੀਤਾ ਹੈ। ਲੇਖਕ ਦੀ ਪਤਨੀ ਨੇ ਸਬਜ਼ੀ ਮੰਡੀ ਤੋਂ ਘਰ ਆਉਣ ਲਈ ਰਿਕਸ਼ੇ ਵਾਲੇ ਨਾਲ ਦੋ ਰੁਪਏ ਕਿਰਾਇਆ ਤੈਅ ਕੀਤਾ ਸੀ, ਪਰ ਜਦੋਂ ਉਹ ਰਿਕਸ਼ੇ ਤੋਂ ਉੱਤਰੀ ਤਾਂ ਰਿਕਸ਼ੇ ਵਾਲਾ ਤਿੰਨ ਰੁਪਏ ਮੰਗਣ ਲੱਗ ਪਿਆ। ਉਹ ਆਖਣ ਲੱਗਾ ਕਿ ਜਿੰਨੀ ਦੂਰ ਉਸ ਨੇ ਸਮਝਾਇਆ ਸੀ, ਘਰ ਉਸ ਤੋਂ ਜ਼ਿਆਦਾ ਦੂਰ ਨਿਕਲਿਆ ਅਤੇ ਗ਼ੁੱਸੇ ਵਿੱਚ ਰਿਕਸ਼ੇ ਵਾਲੇ ਨੂੰ ਮਾਰਨ ਲੱਗਾ ਤਾਂ ਉਹ ਰਿਕਸ਼ਾ ਲੈ वे ਤੁਰ ਗਿਆ। ਲੇਖਕ ਆਪਣੀ ਪਤਨੀ ਨੂੰ ਆਖਦਾ ਹੈ ਕਿ ਉਹ ਇੱਕ ਰੁਪੱਈਆ ਵੱਧ ਮੰਗ ਕੇ ਅਸਲ ਵਿੱਚ ਪੰਜਾਹ ਪੈਸੇ ਲੈਣਾ ਚਾਹੁੰਦਾ ਸੀ, ਪਰ ਉਸ ਦਾ ਮੰਗਣ ਦਾ ਢੰਗ ਬਹੁਤ ਗ਼ਲਤ ਸੀ।

ਲੇਖਕ ਦੀ ਪਤਨੀ ਨੇ ਰਸੋਈ ਵਿੱਚੋਂ ਵੇਖਿਆ ਕਿ ਰਿਕਸ਼ੇ ਵਾਲ਼ਾ ਗਿਆ ਨਹੀਂ ਸੀ, ਸਗੋਂ ਰਿਕਸ਼ੇ ਦਾ ਰੁਖ਼ ਪਾਰਕ ਵੱਲ ਕਰ ਕੇ ਕਾਠੀ ’ਤੇ ਕੂਹਣੀ ਰੱਖ ਝੁਕ ਕੇ ਖੜ੍ਹਾ ਸੀ। ਜਦੋਂ ਉਸ ਨੇ ਲੇਖਕ ਨੂੰ ਦੱਸਿਆ ਤਾਂ ਉਸ ਨੇ ਪਤਨੀ ਨੂੰ ਰਿਕਸ਼ੇ ਵਾਲੇ ਵੱਲ ਧਿਆਨ ਨਾ ਦੇਣ ਲਈ ਕਿਹਾ, ਪਰ ਅਸਲ ਵਿੱਚ ਲੇਖਕ ਦਾ ਆਪਣਾ ਧਿਆਨ ਵੀ ਰਿਕਸ਼ੇ ਵਾਲੇ ਵੱਲ ਹੀ ਲੱਗਾ ਹੋਇਆ ਸੀ, ਜਿਸ ਕਰਕੇ ਉਹ ਚਿੱਠੀ ਪੂਰੀ ਨਹੀਂ ਸੀ ਲਿਖ ਸਕਿਆ। ਲੇਖਕ ਦੇ ਵੱਡੇ ਮੁੰਡੇ ਨੇ ਉਸ ਨੂੰ ਦੱਸਿਆ ਕਿ ਇੱਕ ਸੁਆਰੀ ਉਸ ਨੂੰ ਕੰਪਨੀ ਬਾਗ਼ ਜਾਣ ਬਾਰੇ ਪੁੱਛ ਰਹੀ ਸੀ ਤਾਂ ਰਿਕਸ਼ੇ ਵਾਲੇ ਨੇ ਜਾਣ ਤੋਂ ਇਨਕਾਰ ਕਰ ਦਿੱਤਾ। ਲੇਖਕ ਦੀ ਪਤਨੀ ਸਮਝੌਤਾ ਕਰਨ ਦੇ ਇਰਾਦੇ ਨਾਲ ਆਖਦੀ ਹੈ ਕਿ ਰਿਕਸ਼ੇ ਵਾਲੇ ਨੂੰ ਤਿੰਨ ਰੁਪਏ ਦੇ ਦੇਣੇ ਚਾਹੀਦੇ ਹਨ; ਉਂਞ ਵੀ ਤਾਂ ਬੱਚੇ ਰੋਜ਼ ਇੱਕ-ਦੋ ਰੁਪਏ ਖ਼ਰਚ ਕਰ ਹੀ ਲੈਂਦੇ ਹਨ ਅਤੇ ਲੇਖਕ ਢਾਈ-ਤਿੰਨ ਰੁਪਏ ਸਿਗਰਟਾਂ ‘ਤੇ ਖ਼ਰਚ ਦਿੰਦਾ ਹੈ, ਪਰ ਲੇਖਕ ‘ਤੇ ਕੋਈ ਅਸਰ ਨਾ ਹੋਇਆ।

ਭਾਵੇਂ ਲੇਖਕ ਪਰਿਵਾਰ ਦੇ ਸਾਹਮਣੇ ਕਿਸੇ ਤਰ੍ਹਾਂ ਦੀ ਚਿੰਤਾ ਪ੍ਰਗਟ ਨਹੀਂ ਸੀ ਕਰ ਰਿਹਾ, ਪਰ ਅੰਦਰੋਂ ਉਸ ਨੂੰ ਵੀ ਡਰ ਲੱਗ ਰਿਹਾ ਸੀ। ਉਸ ਨੇ ਬਾਰੀ ਵਿੱਚੋਂ ਵੇਖਿਆ ਕਿ ਇੱਕ ਹੋਰ ਰਿਕਸ਼ੇ ਵਾਲਾ ਉਸ ਨਾਲ ਗੱਲ ਕਰ ਕੇ ਛੇਤੀ ਨਾਲ ਅੱਡੇ ਵੱਲ ਚਲਾ ਗਿਆ ਸੀ। ਲੇਖਕ ਨੇ ਸੋਚਿਆ ਕਿ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਹੋਵੇਗਾ, ਇਨ੍ਹਾਂ ਵਿੱਚ ਬਹੁਤ ਏਕਤਾ ਹੁੰਦੀ ਹੈ। ਲੇਖਕ ਦਾ ਧਿਆਨ ਚਿੱਠੀ ਵੱਲ ਨਹੀਂ ਸੀ ਲੱਗ ਰਿਹਾ। ਇਸ ਕਰ ਕੇ ਇੱਕ-ਦੋ ਸਤਰਾਂ ਲਿਖ ਕੇ ਉਸ ਨੇ ਚਿੱਠੀ ਪੂਰੀ ਕਰ ਦਿੱਤੀ। ਹੁਣ ਲੇਖਕ ਦਾ ਦਿਲ ਕੀਤਾ ਕਿ ਜਾ ਕੇ ਰਿਕਸ਼ੇ ਵਾਲੇ ਨੂੰ ਪੁੱਛੇ ਕਿ ਉਸ ਨੇ ਜਾਣਾ ਕਿ ਨਹੀਂ; ਭਲਾਮਾਣਸ ਬਣ ਕੇ ਪੈਸੇ ਲੈ ਕੇ ਤੁਰ ਜਾਵੇ, ਨਹੀਂ ਤਾਂ ਪੁਲਿਸ ਨੂੰ ਸ਼ਿਕਾਇਤ ਕਰ ਦੇਵੇਗਾ। ਲੇਖਕ ਬਰਾਂਡੇ ਵਿੱਚ ਪਹੁੰਚਿਆ ਤੇ ਵੇਖਿਆ ਕਿ ਰਿਕਸ਼ੇ ਵਾਲਾ ਜਾ ਚੁੱਕਾ ਸੀ।ਉਸ ਨੇ ਆਪਣੀ ਪਤਨੀ ਨੂੰ ਦੱਸਿਆ ਤੇ ਦੋਵੇਂ ਲਾਅਨ ਵਿੱਚ ਬੈਠ ਕੇ ਚਿੰਤਾ-ਮੁਕਤ ਹੋ ਕੇ ਰਾਤੀਂ ਫ਼ਿਲਮ ਵੇਖਣ ਦਾ ਪ੍ਰੋਗਰਾਮ ਬਣਾਉਣ ਲੱਗ ਪਏ। ਲੇਖਕ ਦੀ ਪਤਨੀ ਨੇ ਰਿਕਸ਼ੇ ਵਾਲੇ ਦੇ ਤਿੰਨ ਰੁਪਏ ਪਿੰਗਲਵਾੜੇ ਅਤੇ ਵਾਧੂ ਪੰਜਾਹ ਪੈਸੇ ਅੱਡੇ ਵਾਲੇ ਮੰਗਤੇ ਨੂੰ ਦਾਨ ਦੇਣ ਦਾ ਫ਼ੈਸਲਾ ਕਰ ਲਿਆ ਅਤੇ ਦੋਵੇਂ ਬਹੁਤ ਖ਼ੁਸ਼ ਹੋਏ।