ਮਾਤਾ ਗੁਜਰੀ ਜੀ – ਪਾਠ ਨਾਲ਼ ਸੰਬੰਧਿਤ ਪ੍ਰਸ਼ਨ – ਉੱਤਰ
ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)
ਕਵਿਤਾ – ਭਾਗ (ਜਮਾਤ ਨੌਵੀਂ)
ਮਾਤਾ ਗੁਜਰੀ ਜੀ – ਨੰਦ ਲਾਲ ਨੂਰਪੁਰੀ
ਪ੍ਰਸ਼ਨ 1 . ‘ਮਾਤਾ ਗੁਜਰੀ ਜੀ’ ਕਵਿਤਾ ਦਾ ਕੇਂਦਰੀ ਭਾਵ ਲਿਖੋ।
ਉੱਤਰ – ਇਸ ਕਵਿਤਾ ਵਿੱਚ ਕਵੀ ਨੇ ਮਾਤਾ ਗੁਜਰੀ ਜੀ ਨੂੰ ਸਰਹੰਦ ਵਿਖੇ ਨੀਹਾਂ ਵਿੱਚ ਚਿਣ ਕੇ ਸ਼ਹੀਦ ਕੀਤੇ ਛੋਟੇ ਸਾਹਿਬਜ਼ਾਦਿਆਂ ਦੇ ਦਰਦ ਭਿੰਨੇ ਵਿਛੋੜੇ ਦੇ ਸੋਗ ਨੂੰ ਘੋੜੀਆਂ ਗਾ ਕੇ ਪ੍ਰਗਟ ਕਰਦਿਆਂ ਦਰਸਾਇਆ ਗਿਆ ਹੈ।
ਉਹ ਕਹਿ ਰਹੇ ਸਨ ਕਿ ਉਹਨਾਂ ਨੂੰ ਆਪਣੀਆਂ ਅੱਖਾਂ ਦੇ ਤਾਰਿਆਂ ਦੀ ਰੋਸ਼ਨੀ ਦਿਖਾਈ ਨਹੀਂ ਦੇ ਰਹੀ ਅਤੇ ਉਨ੍ਹਾਂ ਦੇ ਵਿਛੋੜੇ ਨੂੰ ਸਹਿਣਾ ਉਨ੍ਹਾਂ ਲਈ ਬੜਾ ਹੀ ਔਖਾ ਹੈ।
ਪ੍ਰਸ਼ਨ 2 . ‘ਮਾਤਾ ਗੁਜਰੀ ਜੀ’ ਕਵਿਤਾ ਕਿਹੜੇ ਸਾਹਿਬਜ਼ਾਦਿਆਂ ਵੱਲ ਸੰਕੇਤ ਕਰਦੀ ਹੈ ?
ਉੱਤਰ – ‘ਮਾਤਾ ਗੁਜਰੀ ਜੀ’ ਕਵਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ, ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਵੱਲ ਸੰਕੇਤ ਕਰਦੀ ਹੈ।
ਪ੍ਰਸਨ 3. ਮਾਤਾ ਗੁਜਰੀ ਜੀ ਦੇ ਅੱਧੀ ਰਾਤ ਨੂੰ ਘੋੜੀਆਂ ਗਾਉਣ ਦਾ ਕੀ ਕਾਰਨ ਸੀ?
ਉੱਤਰ : ਮਾਤਾ ਗੁਜਰੀ ਜੀ ਦੇ ਛੋਟੇ ਪੋਤਰਿਆਂ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਸਰਹਿੰਦ ਵਿਖੇ ਨੀਂਹਾਂ ਵਿੱਚ ਚਿਣਵਾ ਕੇ ਸ਼ਹੀਦ ਕਰ ਦਿੱਤਾ ਗਿਆ ਸੀ। ਮਾਤਾ ਗੁਜਰੀ ਜੀ ਉਹਨਾਂ ਦੀ ਯਾਦ ਵਿੱਚ ਡੁੱਬੇ, ਉਹਨਾਂ ਦੇ ਗਮ ਵਿੱਚ ਘੋੜੀਆਂ ਗਾ ਰਹੇ ਸਨ ਕਿਉਂਕਿ ਉਹਨਾਂ ਨੂੰ ਆਪਣੇ ਪੋਤਰਿਆਂ ਦੇ ਵਿਆਹ ਦਾ ਬੜਾ ਚਾਅ ਸੀ।
ਪ੍ਰਸ਼ਨ 4. ‘ਢਿੱਡ ਦਾ ਸੇਕ’ ਤੋਂ ਕੀ ਭਾਵ ਹੈ? ਇਸ ਨੂੰ ਬੁਰਾ ਕਿਉਂ ਕਿਹਾ ਗਿਆ ਹੈ?
ਉੱਤਰ : ‘ਢਿੱਡ ਦਾ ਸੇਕ’ ਤੋਂ ਭਾਵ ਮਾਂ ਦੀ ਮਮਤਾ ਜਾਂ ਪਿਆਰ ਨਾਲ ਹੈ। ਇੱਕ ਔਰਤ ਨੂੰ ਸਭ ਤੋਂ ਪਿਆਰੇ ਆਪਣੇ ਬੱਚੇ ਤੇ ਫਿਰ ਬੱਚਿਆਂ ਦੇ ਬੱਚੇ ਹੁੰਦੇ ਹਨ। ਇੱਕ ਔਰਤ ਜਾਂ ਮਾਂ ਦੇ ਬੱਚਿਆਂ ਨੂੰ ਜਦ ਕੋਈ ਨੁਕਸਾਨ ਜਾਂ ਤਕਲੀਫ਼ ਹੁੰਦੀ ਹੈ ਤਾਂ ਮਾਂ ਕੋਲੋਂ ਉਹਨਾਂ ਦਾ ਦੁੱਖ ਬਰਦਾਸ਼ਤ ਨਹੀਂ ਹੁੰਦਾ। ਉਸਦਾ ਦਿਲ ਜ਼ਾਰ-ਜ਼ਾਰ ਰੋਣ ਲੱਗ ਪੈਂਦਾ ਹੈ। ਇਸੇ ਲਈ ਢਿੱਡ ਦੇ ਸੇਕ ਨੂੰ ਬੁਰਾ ਕਿਹਾ ਗਿਆ ਹੈ।
ਪ੍ਰਸਨ 5. ਮਾਤਾ ਗੁਜਰੀ ਜੀ ਨੇ ਬੱਚਿਆਂ ਦੇ ਭਵਿਖ ਲਈ ਕਿਹੜੇ ਸੁਪਨੇ/ਸੁਫ਼ਨੇ ਸਜਾ ਰੱਖੇ ਸਨ?
ਉੱਤਰ : ਮਾਤਾ ਗੁਜਰੀ ਜੀ ਨੇ ਸੋਚ ਰੱਖਿਆ ਸੀ ਕਿ ਉਹ ਅਗਲੇ ਸਾਲ ਆਪਣੇ ਛੋਟੇ ਪੋਤਰਿਆਂ ਦੀ ਲੋਹੜੀ ਵੰਡਣਗੇ ਅਤੇ ਗੱਭਰੂ ਹੋਣ ਤੇ ਉਹਨਾਂ ਦਾ ਵਿਆਹ ਕਰਨਗੇ। ਉਹਨਾਂ ਨੂੰ ਆਪਣੇ ਪੋਤਰਿਆਂ ਦੇ ਵਿਆਹ ਦੀਆਂ ਘੋੜੀਆਂ ਗਾਉਣ ਦਾ ਬੜਾ ਹੀ ਚਾਅ ਸੀ। ਇਸ ਲਈ ਉਹ ਅੱਧੀ ਰਾਤੀਂ ਪੋਤਰਿਆਂ ਦੇ ਵਿਛੋੜੇ ਵਿੱਚ ਡੁੱਬੇ ਉਹਨਾਂ ਦੀਆਂ ਘੋੜੀਆਂ ਗਾ ਰਹੇ ਸਨ।