ਮਾਂ ਬੋਲੀ ਪੰਜਾਬੀ
ਮਾਤ ਭਾਸ਼ਾ ਦੀ ਮਹਾਨਤਾ
ਵਰਤੋਂ ਦੇ ਲਿਹਾਜ਼ ਨਾਲ ਭਾਸ਼ਾ ਤਿੰਨ ਪ੍ਰਕਾਰ ਦੀ ਹੁੰਦੀ ਹੈ ਵਿਹਾਰਕ, ਸਾਹਿਤਕ ਅਤੇ ਵਿਗਿਆਨਕ ਭਾਸ਼ਾ।
ਵਿਹਾਰਕ ਭਾਸ਼ਾ ਹੀ ਅਸਲ ਵਿੱਚ ਮਾਤ-ਭਾਸ਼ਾ ਹੁੰਦੀ ਹੈ, ਜਿਸ ਨੂੰ ਬੱਚਾ ਆਪਣੇ ਮਾਹੌਲ ‘ਚੋਂ ਸਹਿਜ ਸੁਭਾਅ ਗ੍ਰਹਿਣ ਕਰਦਾ ਹੈ।
ਆਪਣੇ ਆਲੇ-ਦੁਆਲੇ ਵਿੱਚ ਵਸਦੇ ਲੋਕਾਂ ਮੂੰਹੋਂ ਸੁਣੇ ਨੂੰ ਬੱਚਾ ਆਪਣੀ ਕੁਦਰਤੀ ਸਿੱਖਣ ਯੋਗਤਾ ਅਨੁਸਾਰ ਸਹਿਜੇ ਹੀ ਗ੍ਰਹਿਣ ਕਰਦਾ ਜਾਂਦਾ ਹੈ।
ਬੱਚੇ ਦਾ ਪਹਿਲਾ, ਨੇੜਲਾ ਅਤੇ ਲੰਮਾ ਸੰਪਰਕ ਆਪਣੀ ਮਾਂ ਨਾਲ ਹੁੰਦਾ ਹੈ। ਇਸ ਲਈ ਗ੍ਰਹਿਣ ਕੀਤੀ ਭਾਸ਼ਾ ਨੂੰ ਮਾਤ-ਭਾਸ਼ਾ ਜਾਂ ਮਾਂ ਬੋਲੀ ਵੀ ਕਹਿ ਲਿਆ ਜਾਂਦਾ ਹੈ।
ਇਹ ਭਾਸ਼ਾ ਬੱਚਾ ਆਪਣੀ ਮਾਂ ਦੇ ਬੋਲਾਂ ਦੀ ਨਕਲ ਰਾਹੀਂ ਹੀ ਨਹੀਂ ਸਗੋਂ ਪਰਿਵਾਰ ਦੇ ਹੋਰ ਜੀਆਂ, ਆਂਢ-ਗੁਆਂਢ, ਹਾਣੀਆਂ, ਸਕੂਲ ਅਤੇ ਸੰਪਰਕ ਵਿੱਚ ਆਉਂਦੇ ਹੋਰ ਲੋਕਾਂ ਦੇ ਬੋਲਾਂ ਤੋਂ ਵੀ ਗ੍ਰਹਿਣ ਕਰਦਾ ਰਹਿੰਦਾ ਹੈ।
ਪਹਿਲੀ ਗਲ ਇਹ ਹੈ ਕਿ ਉਸ ਭਾਸ਼ਾ ਦੇ ਮਰ ਜਾਂ ਖ਼ਤਮ ਹੋ ਜਾਣ ਦਾ ਖ਼ਤਰਾ ਹੁੰਦਾ ਹੈ ਜਿਸ ਨੂੰ ਬੋਲਣ ਵਾਲਿਆਂ ਦੀ ਗਿਣਤੀ ਖ਼ਤਰਨਾਕ ਹੱਦ ਤੱਕ ਲਗਾਤਾਰ ਘਟ ਰਹੀ ਹੋਵੇ। ਅਜੋਕੇ ਸਮੇਂ ਪੰਜਾਬੀ ਭਾਸ਼ਾ ਬੋਲਣ ਵਾਲਿਆਂ ਦੀ ਗਿਣਤੀ ਚੌਦਾਂ ਕਰੋੜ ਦੇ ਲਗਪਗ ਹੈ। ਤਿੰਨ ਕਰੋੜ ਲੋਕ ਭਾਰਤੀ ਪੰਜਾਬ ਅਤੇ ਦਸ ਕਰੋੜ ਤੋਂ ਵੱਧ ਲੋਕ ਪਾਕਿਸਤਾਨ ਵਿੱਚ ਪੰਜਾਬੀ ਬੋਲਦੇ ਹਨ। ਆਸਟਰੇਲੀਆ, ਕੈਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਕੀਨੀਆ, ਥਾਈਲੈਂਡ ਆਦਿ ਬਹੁਤ ਸਾਰੇ ਦੇਸ਼ਾਂ ਵਿੱਚ ਰਹਿੰਦੇ ਪੰਜਾਬੀ ਲੋਕ ਵੀ ਪੰਜਾਬੀ ਭਾਸ਼ਾ ਬੋਲਦੇ ਹਨ।
ਦੂਜੀ ਗੱਲ ਇਹ ਹੈ ਕਿ ਕੀ ਉਸ ਭਾਸ਼ਾ ਦੀ ਆਪਣੀ ਕੋਈ ਲਿੱਪੀ ਹੈ। ਪੰਜਾਬੀ ਭਾਸ਼ਾ ਚੜ੍ਹਦੇ (ਭਾਰਤੀ) ਪੰਜਾਬ ਵਿੱਚ ਗੁਰਮੁਖੀ ਲਿਪੀ ਵਿੱਚ ਲਿਖੀ ਜਾਂਦੀ ਹੈ। ਲਹਿੰਦੇ (ਪਾਕਿਸਤਾਨੀ) ਪੰਜਾਬ ਵਿੱਚ ਸ਼ਾਹਮੁਖੀ ਲਿੱਪੀ ਦੀ ਵਰਤੋਂ ਕੀਤੀ ਜਾਂਦੀ ਹੈ। ਅੰਗਰੇਜ਼ਾਂ ਨੇ ਪੰਜਾਬ ਉੱਤੇ 1849 ਵਿੱਚ ਕਬਜ਼ਾ ਕਰਨ ਮਗਰੋਂ ਪੰਜਾਬੀ ਭਾਸ਼ਾ ਨੂੰ ਰੋਮਨ ਲਿੱਪੀ ਵਿੱਚ ਲਿਖ ਕੇ ਸਫ਼ਲ ਤਜਰਬੇ ਕੀਤੇ। ਕੁਝ ਲੋਕ ਪੰਜਾਬੀ ਭਾਸ਼ਾ ਨੂੰ ਦੇਵਨਾਗਰੀ ਲਿੱਪੀ ਵਿੱਚ ਵੀ ਲਿਖ ਲੈਂਦੇ ਹਨ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਵਿਕਾਸ ਮਾਤ ਭਾਸ਼ਾ ਰਾਹੀਂ ਹੀ ਸੰਭਵ ਹੋ ਸਕਦਾ ਹੈ। ਮਾਤ ਭਾਸ਼ਾ ਰਾਹੀਂ ਹਾਸਲ ਕੀਤਾ ਗਿਆਨ ਮਨੁੱਖ ਦੀ ਸ਼ਖ਼ਸੀਅਤ ਅਤੇ ਬੌਧਿਕਤਾ ਨੂੰ ਪ੍ਰਫੁੱਲਿਤ ਕਰਦਾ ਹੈ।
ਸੰਸਾਰ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਮਨੋਵਿਗਿਆਨੀਆਂ ਨੇ ਇਹ ਸਿੱਟਾ ਕੱਢਿਆ ਹੈ ਕਿ ਮਨੁੱਖ ਆਪਣੀ ਮਾਤ ਭਾਸ਼ਾ ਵਿੱਚ ਹੀ ਆਪਣੇ ਮਨ ਦੇ ਭਾਵ ਵਧੀਆ ਢੰਗ ਨਾਲ ਪ੍ਰਗਟਾਅ, ਉਚੇਰੀਆਂ ਬੌਧਿਕ ਪ੍ਰਾਪਤੀਆਂ, ਦੂਜਿਆਂ ਨਾਲ ਸੰਵਾਦ ਅਤੇ ਤਰਕ ਕਰ ਸਕਦਾ ਹੈ।
ਮਾਤ ਭਾਸ਼ਾ ਇਨਸਾਨ ਦੇ ਭਾਵਨਾਤਮਕ ਸੰਸਾਰ ਨੂੰ ਤ੍ਰਿਪਤ ਕਰਦੀ ਅਤੇ ਉਸ ਦੀਆਂ ਬੌਧਿਕ ਉਡਾਰੀਆਂ ਨੂੰ ਸਿੰਜਦੀ ਹੈ। ਇੱਕ ਸੰਪੂਰਨ ਮਨੁੱਖ ਦੀ ਉਸਾਰੀ ਵਿੱਚ ਮਾਤ ਭਾਸ਼ਾ ਦਾ ਬਹੁਤ ਵੱਡਾ ਯੋਗਦਾਨ ਹੈ।