ਮਹਾਰਾਜਾ ਰਣਜੀਤ ਸਿੰਘ ਦੀ ਸੈਨਾ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਸੈਨਾ ‘ਤੇ ਸੰਖੇਪ ਨੋਟ ਲਿਖੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸੈਨਿਕ ਪ੍ਰਸ਼ਾਸਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ ਹੇਠ ਲਿਖੇ ਅਨੁਸਾਰ ਸਨ-
1. ਰਚਨਾ : ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਵੱਖ-ਵੱਖ ਵਰਗਾਂ ਨਾਲ ਸੰਬੰਧਿਤ ਲੋਕ ਸ਼ਾਮਲ ਸਨ। ਇਨ੍ਹਾਂ ਵਿੱਚ ਸਿੱਖ, ਰਾਜਪੂਤ, ਬ੍ਰਾਹਮਣ, ਖੱਤਰੀ, ਗੋਰਖੇ ਅਤੇ ਪੂਰਬੀ ਹਿੰਦੁਸਤਾਨੀ ਸ਼ਾਮਲ ਸਨ।
2. ਭਰਤੀ : ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਫ਼ੌਜ ਵਿੱਚ ਭਰਤੀ ਬਿਲਕੁਲ ਲੋਕਾਂ ਦੀ ਮਰਜ਼ੀ ਅਨੁਸਾਰ ਹੁੰਦੀ ਸੀ। ਕੇਵਲ ਰਿਸ਼ਟ-ਪੁਸ਼ਟ ਵਿਅਕਤੀਆਂ ਨੂੰ ਹੀ ਫ਼ੌਜ ਵਿੱਚ ਭਰਤੀ ਕੀਤਾ ਜਾਂਦਾ ਸੀ। ਅਫ਼ਸਰਾਂ ਦੀ ਭਰਤੀ ਦਾ ਕੰਮ ਕੇਵਲ ਮਹਾਰਾਜੇ ਦੇ ਹੱਥਾਂ ਵਿੱਚ ਸੀ। ਆਮ ਤੌਰ ‘ਤੇ ਉੱਚ ਅਤੇ ਬਹੁਤ ਹੀ ਭਰੋਸੇਯੋਗ ਅਧਿਕਾਰੀਆਂ ਦੇ ਪੁੱਤਰਾਂ ਨੂੰ ਅਫ਼ਸਰ ਨਿਯੁਕਤ ਕੀਤਾ ਜਾਂਦਾ ਸੀ।
3. ਤਨਖ਼ਾਹ : ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਸੈਨਿਕਾਂ ਨੂੰ ਜਾਂ ਤਾਂ ਜਾਗੀਰਾਂ ਦੇ ਰੂਪ ਵਿੱਚ ਅਤੇ ਜਾਂ ਜਿਣਸ ਦੇ ਰੂਪ ਵਿੱਚ ਤਨਖ਼ਾਹ ਦਿੱਤੀ ਜਾਂਦੀ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸੈਨਿਕਾਂ ਨੂੰ ਨਕਦ ਤਨਖ਼ਾਹ ਦੇਣ ਦਾ ਰਿਵਾਜ ਸ਼ੁਰੂ ਕੀਤਾ।
4. ਪਦ ਉੱਨਤੀਆਂ : ਮਹਾਰਾਜਾ ਰਣਜੀਤ ਸਿੰਘ ਆਪਣੇ ਸੈਨਿਕਾਂ ਨੂੰ ਕੇਵਲ ਕਾਬਲੀਅਤ ਦੇ ਆਧਾਰ ‘ਤੇ ਪਦ ਉੱਨਤੀਆਂ ਦਿੰਦੇ ਸਨ। ਪਦ ਉੱਨਤੀਆਂ ਦੇਣ ਸਮੇਂ ਉਹ ਕਿਸੇ ਸੈਨਿਕ ਨਾਲ ਜਾਤ-ਪਾਤ ਜਾਂ ਧਰਮ ਦੇ ਆਧਾਰ ‘ਤੇ ਕੋਈ ਵਿਤਕਰਾ ਨਹੀਂ ਕਰਦੇ ਸਨ।
5. ਇਨਾਮ ਅਤੇ ਖ਼ਿਤਾਬ : ਮਹਾਰਾਜਾ ਰਣਜੀਤ ਸਿੰਘ ਹਰ ਸਾਲ ਲਾਹੌਰ ਦਰਬਾਰ ਦੀ ਸ਼ਾਨਦਾਰ ਸੇਵਾ ਕਰਨ ਵਾਲੇ ਸੈਨਿਕਾਂ ਨੂੰ ਅਤੇ ਲੜਾਈ ਦੇ ਮੈਦਾਨ ਵਿੱਚ ਬਹਾਦਰੀ ਵਿਖਾਉਣ ਵਾਲੇ ਸੈਨਿਕਾਂ ਨੂੰ ਲੱਖਾਂ ਰੁਪਏ ਇਨਾਮ ਅਤੇ ਉੱਚੇ ਖਿਤਾਬ ਦਿੰਦੇ ਸਨ।
6. ਅਨੁਸ਼ਾਸਨ : ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਫ਼ੌਜ ਵਿੱਚ ਬੜਾ ਸਖ਼ਤ ਅਨੁਸ਼ਾਸਨ ਕਾਇਮ ਕੀਤਾ ਹੋਇਆ ਸੀ। ਫ਼ੌਜ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸੈਨਿਕਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਂਦੀਆਂ ਸਨ।