ਮਹਾਰਾਜਾ ਰਣਜੀਤ ਸਿੰਘ ਜੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਪਏ ਪ੍ਰਭਾਵਾਂ ‘ਤੇ ਇੱਕ ਸੰਖੇਪ ਨੋਟ ਲਿਖੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸਨ ਦੇ ਲੋਕਾਂ ਦੇ ਜੀਵਨ ‘ਤੇ ਮਹੱਤਵਪੂਰਨ ਪ੍ਰਭਾਵ ਪਏ। ਉਨ੍ਹਾਂ ਨੇ ਪੰਜਾਬ ਵਿੱਚ ਇੱਕ ਵਿਸ਼ਾਲ ਸਾਮਰਾਜ ਦੀ ਸਥਾਪਨਾ ਕੀਤੀ। ਪੰਜਾਬ ਦੇ ਲੋਕਾਂ ਨੇ ਸਦੀਆਂ ਤੋਂ ਬਾਅਦ ਸੁੱਖ ਦਾ ਸਾਹ ਲਿਆ। ਇਸ ਵਿੱਚ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਇੱਕ ਲੰਬੇ ਸਮੇਂ ਤਕ ਮੁਗ਼ਲ ਅਤੇ ਅਫ਼ਗਾਨ ਸੂਬੇਦਾਰਾਂ ਦੇ ਘੋਰ ਅੱਤਿਆਚਾਰਾਂ ਦਾ ਸਾਹਮਣਾ ਕਰਨਾ ਪਿਆ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਇੱਕ ਉੱਚ-ਕੋਟੀ ਸ਼ਾਸਨ ਪ੍ਰਬੰਧ ਦੀ ਸਥਾਪਨਾ ਕੀਤੀ। ਉਨ੍ਹਾਂ ਦੇ ਸ਼ਾਸਨ ਦਾ ਪ੍ਰਮੁੱਖ ਉਦੇਸ਼ ਪਰਜਾ ਦੀ ਭਲਾਈ ਕਰਨਾ ਸੀ। ਉਨ੍ਹਾਂ ਨੇ ਆਪਣੇ ਰਾਜ ਵਿੱਚ ਸਾਰੀਆਂ ਅਣਮਨੁੱਖੀ ਸਜ਼ਾਵਾਂ ਨੂੰ ਖ਼ਤਮ ਕਰ ਦਿੱਤਾ ਸੀ। ਮੌਤ ਦੀ ਸਜ਼ਾ ਕਿਸੇ ਅਪਰਾਧੀ ਨੂੰ ਵੀ ਨਹੀਂ ਦਿੱਤੀ ਜਾਂਦੀ ਸੀ।
ਮਹਾਰਾਜਾ ਰਣਜੀਤ ਸਿੰਘ ਨੇ ਆਪਣੇ ਨਾਗਰਿਕ ਪ੍ਰਬੰਧ ਦੇ ਨਾਲ-ਨਾਲ ਸੈਨਿਕ ਪ੍ਰਬੰਧ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ। ਇਸ ਸ਼ਕਤੀਸ਼ਾਲੀ ਫ਼ੌਜ ਦੇ ਸਿੱਟੇ ਵਜੋਂ ਉਹ ਸਾਮਰਾਜ ਨੂੰ ਸੁਰੱਖਿਅਤ ਰੱਖਣ ਵਿੱਚ ਸਫਲ ਹੋਏ। ਮਹਾਰਾਜਾ ਨੇ ਖੇਤੀ, ਉਦਯੋਗ ਅਤੇ ਵਪਾਰ ਨੂੰ ਉਤਸ਼ਾਹ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ।
ਸਿੱਟੇ ਵਜੋਂ ਉਨ੍ਹਾਂ ਦੇ ਸ਼ਾਸਨ ਕਾਲ ਵਿੱਚ ਪਰਜਾ ਬਹੁਤ ਖੁਸ਼ਹਾਲ ਸੀ। ਮਹਾਰਾਜਾ ਰਣਜੀਤ ਜੀ ਭਾਵੇਂ ਸਿੱਖ ਧਰਮ ਦੇ ਪੱਕੇ ਸ਼ਰਧਾਲੂ ਸਨ, ਪਰ ਉਨ੍ਹਾਂ ਨੇ ਹੋਰਨਾਂ ਧਰਮਾਂ ਪ੍ਰਤੀ ਸਹਿਣਸ਼ੀਲਤਾ ਦੀ ਨੀਤੀ ਅਪਣਾਈ। ਅੱਜ ਵੀ ਲੋਕ ਮਹਾਰਾਜਾ ਰਣਜੀਤ ਸਿੰਘ ਦੇ ਗੌਰਵਮਈ ਸ਼ਾਸਨ ਨੂੰ ਯਾਦ ਕਰਦੇ ਹਨ।