ਮਹਾਰਾਜਾ ਰਣਜੀਤ ਸਿੰਘ ਜੀ
ਪ੍ਰਸ਼ਨ. ਮਹਾਰਾਜਾ ਰਣਜੀਤ ਸਿੰਘ ਦੀ ਉੱਤਰ-ਪੱਛਮੀ ਸੀਮਾ ਨੀਤੀ ਦੀਆਂ ਮੁੱਖ ਵਿਸ਼ੇਸ਼ਤਾਵਾਂ ਦੱਸੋ।
ਉੱਤਰ : ਮਹਾਰਾਜਾ ਰਣਜੀਤ ਸਿੰਘ ਨੇ ਅਟਕ, ਮੁਲਤਾਨ, ਕਸ਼ਮੀਰ, ਡੇਰਾ ਗਾਜ਼ੀ ਖ਼ਾਂ, ਡੇਰਾ ਇਸਮਾਈਲ ਖ਼ਾਂ, ਪਿਸ਼ਾਵਰ ਆਦਿ ਉੱਤਰ-ਪੱਛਮੀ ਸੀਮਾ ਪ੍ਰਦੇਸ਼ਾਂ ਨੂੰ ਜਿੱਤ ਕੇ ਆਪਣੇ ਸਾਮਰਾਜ ਵਿੱਚ ਸ਼ਾਮਲ ਕਰ ਲਿਆ ਸੀ। ਮਹਾਰਾਜਾ ਰਣਜੀਤ ਸਿੰਘ ਨੇ ਸਿਆਣਪ ਤੋਂ ਕੰਮ ਲੈਂਦਿਆਂ ਕਦੇ ਵੀ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਨ ਦਾ ਯਤਨ ਨਾ ਕੀਤਾ। ਉਨ੍ਹਾਂ ਨੂੰ ਪਹਿਲਾਂ ਹੀ ਉੱਤਰ-ਪੱਛਮੀ ਸੀਮਾ ਪ੍ਰਦੇਸ਼ ਵਿੱਚ ਕਈ ਔਕੜਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਸ ਲਈ ਉਹ ਅਫ਼ਗਾਨਿਸਤਾਨ ‘ਤੇ ਕਬਜ਼ਾ ਕਰਕੇ ਕੋਈ ਨਵੀਂ ਸਿਰਦਰਦੀ ਮੁੱਲ ਨਹੀਂ ਲੈਣਾ ਚਾਹੁੰਦੇ ਸਨ।
ਮਹਾਰਾਜਾ ਰਣਜੀਤ ਸਿੰਘ ਨੇ ਉੱਤਰ-ਪੱਛਮੀ ਸੀਮਾ ਨੂੰ ਸੁਰੱਖਿਅਤ ਬਣਾਉਣ ਦੇ ਲਈ ਕਈ ਮਹੱਤਵਪੂਰਨ ਕਦਮ ਚੁੱਕੇ। ਉਨ੍ਹਾਂ ਨੇ ਕਈ ਨਵੇਂ ਕਿਲ੍ਹਿਆਂ ਦੀ ਉਸਾਰੀ ਕਰਵਾਈ ਅਤੇ ਕਈ ਪੁਰਾਣੇ ਕਿਲ੍ਹਿਆਂ ਨੂੰ ਮਜ਼ਬੂਤ ਕਰਵਾਇਆ। ਇਨ੍ਹਾਂ ਕਿਲ੍ਹਿਆਂ ਵਿੱਚ ਬੜੀ ਸਿੱਖਿਅਤ ਸੈਨਾ ਰੱਖੀ ਗਈ। ਵਿਦਰੋਹੀਆਂ ਨੂੰ ਕੁਚਲਣ ਲਈ ਚਲਦੇ-ਫਿਰਦੇ ਦਸਤੇ ਕਾਇਮ ਕੀਤੇ ਗਏ।
ਮਹਾਰਾਜਾ ਰਣਜੀਤ ਸਿੰਘ ਨੇ ਇਸ ਪ੍ਰਦੇਸ਼ ਦਾ ਸ਼ਾਸਨ ਪ੍ਰਬੰਧ ਬੜੀ ਸੂਝ-ਬੂਝ ਨਾਲ ਕੀਤਾ। ਉਨ੍ਹਾਂ ਨੇ ਇਸ ਪ੍ਰਦੇਸ਼ ਵਿੱਚ ਪ੍ਰਚਲਿਤ ਰਸਮਾਂ-ਰਿਵਾਜਾਂ ਨੂੰ ਕਾਇਮ ਰੱਖਿਆ। ਕਬਾਇਲੀ ਲੋਕਾਂ ਦੇ ਮਾਮਲਿਆਂ ਵਿੱਚ ਬੇਲੋੜੀ ਦਖਲ-ਅੰਦਾਜ਼ੀ ਨਾ ਕੀਤੀ ਗਈ। ਸ਼ਾਸਨ ਪ੍ਰਬੰਧ ਦੀ ਦੇਖ-ਭਾਲ ਲਈ ਸੈਨਿਕ ਗਵਰਨਰਾਂ ਨੂੰ ਨਿਯੁਕਤ ਕੀਤਾ ਗਿਆ।