ਮਹਾਂਕਵੀ ਕਾਲੀਦਾਸ : ਸੰਖੇਪ ਉੱਤਰ ਵਾਲੇ ਪ੍ਰਸ਼ਨ
ਪ੍ਰਸ਼ਨ 1. ਕਾਲੀਦਾਸ ਕੌਣ ਸੀ? ਉਨ੍ਹਾਂ ਨੂੰ ਇੰਨੀ ਪ੍ਰਸਿੱਧੀ ਕਿਉਂ ਮਿਲੀ?
ਉੱਤਰ : ਕਾਲੀਦਾਸ ਦੇ ਜਨਮ, ਥਾਂ, ਟਿਕਾਣੇ ਤੇ ਜੀਵਨ ਦੀਆਂ ਹੋਰਨਾਂ ਘਟਨਾਵਾਂ ਬਾਰੇ ਸਾਨੂੰ ਕੁੱਝ ਵੀ ਪਤਾ ਨਹੀਂ। ਖੋਜੀਆਂ ਦੇ ਅਨੁਮਾਨ ਅਨੁਸਾਰ ਉਹ ਈਸਾ ਤੋਂ 56 ਸਾਲ ਪਹਿਲਾਂ ਹੋਏ ਬਾਦਸ਼ਾਹ ਬਿਕ੍ਰਮਾਜੀਤ ਦੇ ਨੌਂ ਦਰਬਾਰੀ ਰਤਨਾਂ ਵਿਚੋਂ ਇਕ ਸੀ। ਉਨ੍ਹਾਂ ਨੂੰ ਇੰਨੀ ਪ੍ਰਸਿੱਧੀ ਆਪਣੀ ਸੁੰਦਰ ਤੇ ਅਮਰ ਕਾਵਿ-ਰਚਨਾ ਕਰਕੇ ਪ੍ਰਾਪਤ ਹੋਈ।
ਪ੍ਰਸ਼ਨ 2. ਬਿਕ੍ਰਮੀ ਸੰਮਤ ਕਦੋਂ ਅਤੇ ਕਿਹੜੇ ਬਾਦਸ਼ਾਹ ਦੇ ਨਾਂ ਤੋਂ ਸ਼ੁਰੂ ਹੋਇਆ?
ਉੱਤਰ : ਬਿਕ੍ਰਮੀ ਸੰਮਤ ਪਹਿਲੀ ਸਦੀ ਈ: ਤੋਂ 56 ਸਾਲ ਪਹਿਲਾਂ ਹੋਏ ਉਜੈਨ ਦੇ ਬਾਦਸ਼ਾਹ ਬਿਕ੍ਰਮਾਜੀਤ ਦੇ ਨਾਂ ਤੋਂ ਸ਼ੁਰੂ ਹੋਇਆ।
ਪ੍ਰਸ਼ਨ 3. ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਕਿਉਂ ਦੱਸਦੇ ਹਨ?
ਉੱਤਰ : ਕਾਲੀਦਾਸ ਨੂੰ ਹਰ ਪ੍ਰਾਂਤ ਤੇ ਹਰ ਜਾਤੀ ਦੇ ਲੋਕ ਆਪਣਾ ਇਸ ਕਰਕੇ ਦੱਸਦੇ ਹਨ, ਕਿਉਂਕਿ ਉਹ ਆਪਣੀ ਕਾਵਿ-ਸੁੰਦਰਤਾ ਕਰਕੇ ਸਭ ਨੂੰ ਪਿਆਰਾ ਲਗਦਾ ਹੈ ਤੇ ਹਰ ਕੋਈ ਉਸ ਨੂੰ ਆਪਣਾ ਬਣਾਉਣਾ ਚਾਹੁੰਦਾ ਹੈ।
ਪ੍ਰਸ਼ਨ 4. ਮਹਾਂਕਵੀ ਕਾਲੀਦਾਸ ਦੀਆਂ ਪ੍ਰਸਿੱਧ ਰਚਨਾਵਾਂ ਸੰਖੇਪ ਵਿਚ ਦੱਸੋ। ਉੱਤਰ ਲਗਪਗ 40 ਸ਼ਬਦਾਂ ਵਿਚ ਹੋਵੇ ।
ਉੱਤਰ : ਮਹਾਂਕਵੀ ਕਾਲੀਦਾਸ ਨੇ ਚਾਰ ਕਾਵਯ-‘ਰਘੂਵੰਸ਼’, ‘ਕੁਮਾਰ ਸੰਭਵ’, ‘ਰਿਤੂ ਸੰਹਾਰ’ ਤੇ ‘ਮੇਘਦੂਤ’ ਅਤੇ ਤਿੰਨ ਨਾਟਕ-‘ਅਭਿਗਯਾਨ ਸ਼ਕੁੰਤਲਾ’, ‘ਵਿਕ੍ਰਮੋਰਵਸ਼ੀ’ ਤੇ ‘ਮਾਲਵਿਕਾਗਨਿਮ੍ਰਿਤ’ ਲਿਖੇ। ਇਸ ਤੋਂ ਬਿਨਾਂ ਉਨ੍ਹਾਂ ਦੇ ਨਾਂ ਨਾਲ 10-15 ਪੁਸਤਕਾਂ ਹੋਰ ਜੋੜੀਆਂ ਜਾਂਦੀਆਂ ਹਨ, ਜੋ ਪ੍ਰਮਾਣਿਕ ਨਹੀਂ। ਇਨ੍ਹਾਂ ਰਚਨਾਵਾਂ ਦੇ ਮੁੱਖ ਵਿਸ਼ੇ ਪ੍ਰੇਮ ਹਨ ਤੇ ਬਿਆਨ ਚਮਤਕਾਰੀ ਹੈ।
ਪ੍ਰਸ਼ਨ 5. ਕਵੀ ਨੇ ‘ਮੇਘਦੂਤ’ ਰਚਨਾ ਵਿਚ ਮੇਘ ਨੂੰ ਕੀ ਤਾਕੀਦ ਕੀਤੀ? ਉੱਤਰ ਲਗਪਗ 40 ਸ਼ਬਦਾਂ ਵਿੱਚ ਲਿਖੋ।
ਉੱਤਰ : ਕਵੀ ਮੇਘ ਨੂੰ ਤਾਕੀਦ ਕਰਦਾ ਹੈ, “ਤੂੰ ਕਿਤੇ ਠਹਿਰਨਾ ਨਹੀਂ ਹੋਵੇਗਾ। ਜਾਂਦਾ-ਜਾਂਦਾ ਨਦੀਆਂ ਦੇ ਪਾਣੀ ਪੀਂਦਾ ਉਸ ਦੇਸ਼ ਜ਼ਰੂਰ ਪਹੁੰਚਣਾ। ਉੱਥੇ ਮੇਰੀ ਪ੍ਰੀਤਮਾ ਤੇਰੇ ਸੰਦੇਸ਼ ਨੂੰ ਸੁਣਨ ਲਈ ਉਡੀਕ ਵਿਚ ਖਲੋਤੀ ਹੋਵੇਗੀ।”
ਪ੍ਰਸ਼ਨ 6. ਸ਼ਕੁੰਤਲਾ ਕੌਣ ਸੀ? ਉਸ ਦਾ ਦੁਸ਼ਯੰਤ ਨਾਲ ਦੁਬਾਰਾ ਮਿਲਾਪ ਕਿਵੇਂ ਹੋਇਆ?
ਉੱਤਰ : ਸ਼ਕੁੰਤਲਾ ਬਨ ਵਿਚ ਰਹਿੰਦੇ ਰਿਸ਼ੀਆਂ ਦੀ ਧੀ ਸੀ। ਉਸ ਦਾ ਸ਼ਹਿਜ਼ਾਦੇ ਦੁਸ਼ਯੰਤ ਨਾਲ ਮਿਲਾਪ ਹੁੰਦਾ ਹੈ, ਪਰ ਦੁਰਭਾਸ਼ਾ ਰਿਸ਼ੀ ਦੇ ਸਰਾਪ ਕਾਰਨ ਉਸ ਤੋਂ ਦੁਸ਼ਯੰਤ ਵਲੋਂ ਪ੍ਰੀਤ-ਨਿਸ਼ਾਨੀ ਵਜੋਂ ਦਿੱਤੀ ਮੁੰਦਰੀ ਗੁਆਚ ਜਾਂਦੀ ਹੈ ਤੇ ਦੁਸ਼ਯੰਤ ਉਸ ਨੂੰ ਭੁੱਲ ਜਾਂਦਾ ਹੈ। ਅੰਤ ਮੁੰਦਰੀ ਨੂੰ ਨਿਗਲਣ ਵਾਲੀ ਮੱਛੀ ਦੇ ਫੜੇ ਜਾਣ ਮਗਰੋਂ ਮੁੰਦਰੀ ਦੁਸ਼ਯੰਤ ਕੋਲ ਪਹੁੰਚਦੀ ਹੈ ਤੇ ਉਸ ਨੂੰ ਸ਼ਕੁੰਤਲਾ ਦੇ ਪ੍ਰੇਮ ਦੀ ਯਾਦ ਆ ਜਾਂਦੀ ਹੈ। ਫਲਸਰੂਪ ਦੋਹਾਂ ਦਾ ਮਿਲਾਪ ਹੋ ਜਾਂਦਾ ਹੈ।
ਪ੍ਰਸ਼ਨ 7. ਅਨਾਮਕਾ ਤੋਂ ਕੀ ਭਾਵ ਹੈ? ਇਸ ਬਾਰੇ ਕਿਹੜੀ ਘਟਨਾ ਪ੍ਰਚਲਿਤ ਹੈ?
ਉੱਤਰ : ‘ਅਨਾਮਕਾ’ ਤੋਂ ਭਾਵ ਹੈ, ਕੋਈ ਨਾਂ-ਥਾਂ ਨਾ ਹੋਣਾ ਜਾਂ ਬਿਲਕੁਲ ਨਾ ਹੋਣਾ। ਇਕ ਵਿਦਵਾਨ ਸਮਾਲੋਚਕ ਅਨੁਸਾਰ ਹੱਥ ਦੀ ਚੀਚੀ ਲਾਗਲੀ ਉਂਗਲੀ ਨੂੰ ‘ਅਨਾਮਕਾ’ ਦਾ ਨਾਮ ਇਸ ਕਰਕੇ ਦਿੱਤਾ ਗਿਆ ਹੈ, ਕਿਉਂਕਿ ਜਦੋਂ ਕਵੀਆਂ ਦੀ ਗਿਣਤੀ ਕਰਨ ਲੱਗਿਆਂ ਪਹਿਲੇ ਚੀਚੀ ਉੱਤੇ ਕਾਲੀਦਾਸ ਦਾ ਨਾਮ ਗਿਣਿਆ ਗਿਆ, ਤਾਂ ਅੱਗੇ ਨਾਮ ਲੈਣ ਨੂੰ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਹੈ ਹੀ ਨਹੀਂ ਸੀ, ਇਸ ਕਰਕੇ ਅਗਲੀ ਉਂਗਲੀ ‘ਅਨਾਮਕਾ’ ਦਾ ਨਾਮ ਵੀ ਸਾਰਥਕ ਹੋ ਗਿਆ।
ਪ੍ਰਸ਼ਨ 8. ਪੂਰਬ ਤੇ ਪੱਛਮ ਵਾਲੇ ਕਾਲੀਦਾਸ ਦੀ ਪ੍ਰਤਿਭਾ ਦਾ ਮਾਪ ਕਿਵੇਂ ਕਰਦੇ ਹਨ?
ਉੱਤਰ : ਪੂਰਬੀ ਲੋਕ ਕਾਲੀਦਾਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਉਹ ਕਾਲੀਦਾਸ ਦੇ ਮੁਕਾਬਲੇ ਦਾ ਕੋਈ ਹੋਰ ਕਵੀ ਨਹੀਂ ਮੰਨਦੇ। ਪੱਛਮ ਵਾਲੇ ਉਸ ਨੂੰ ‘ਹਿੰਦੁਸਤਾਨ ਦਾ ਸ਼ੈਕਸਪੀਅਰ’ ਕਹਿੰਦੇ ਹਨ ਕਿਉਂਕਿ ਉਨ੍ਹਾਂ ਕੋਲ ਸਭ ਤੋਂ ਚੰਗਾ ਕਵੀ ਸ਼ੈਕਸਪੀਅਰ ਹੈ।