CBSEEducationNCERT class 10thPunjab School Education Board(PSEB)

ਮਹਾਂਕਵੀ ਕਾਲੀਦਾਸ : ਸਾਰ


ਪ੍ਰਸ਼ਨ. ‘ਮਹਾਂਕਵੀ ਕਾਲੀਦਾਸ’ ਲੇਖ ਵਿਚ ਆਏ ਵਿਚਾਰਾਂ ਨੂੰ ਸੰਖੇਪ ਕਰ ਕੇ ਲਿਖੋ।

ਉੱਤਰ : ਕਿਸੇ ਹਿੰਦੁਸਤਾਨੀ ਕਲਾਕਾਰ ਦੇ ਕਥਨ ਅਨੁਸਾਰ ਕਵਿਤਾ ਮਹਾਂਕਵੀ ਕਾਲੀਦਾਸ ਦੀ ਪ੍ਰੀਤਮਾ ਸੀ। ਦੋਹਾਂ ਦੀ ਅਜਿਹੀ ਪ੍ਰੇਮ ਭਰੀ ਜੋੜੀ ਬਣੀ ਕਿ ਦੋਵੇਂ ਅਮਰ ਹੋ ਗਏ। ਉਹ ਰਸਿਕ ਦਿਲਾਂ ਦੇ ਰਾਜਾ-ਰਾਣੀ ਸਨ। ਕਾਲੀਦਾਸ ਆਪਣੇ ਸਮੇਂ ਦਾ ਰਾਜਾ ਬਿਕ੍ਰਮਾਜੀਤ ਸੀ ਤੇ ਕਵਿਤਾ ਉਸ ਦੀ ਪਟਰਾਣੀ।

ਅਸੀਂ ਕਾਲੀਦਾਸ ਦੇ ਮਾਤਾ-ਪਿਤਾ, ਥਾਂ-ਟਿਕਾਣੇ ਤੇ ਜੀਵਨ ਦੀਆਂ ਹੋਰ ਘਟਨਾਵਾਂ ਬਾਰੇ ਕੁੱਝ ਵੀ ਨਹੀਂ ਜਾਣਦੇ। ਖੋਜੀਆਂ ਦਾ ਅਨੁਮਾਨ ਹੈ ਕਿ ਉਹ ਈਸਾ ਤੋਂ 56 ਵਰ੍ਹੇ ਪਹਿਲਾਂ ਹੋਏ ਬਾਦਸ਼ਾਹ ਬਿਕ੍ਰਮਾਜੀਤ ਦੇ ਨੌਂ ਦਰਬਾਰੀ ਰਤਨਾਂ ਵਿੱਚੋਂ ਇਕ ਸੀ। ਉਸ ਦੀ ਜਾਤ ਤੇ ਧਰਮ ਬਾਰੇ ਵੀ ਭਿੰਨ-ਭਿੰਨ ਵਿਚਾਰ ਹਨ। ਕੋਈ ਉਸ ਨੂੰ ਸਾਰਸੁਤ ਬ੍ਰਾਹਮਣ, ਕੋਈ ਬੰਗਾਲੀ, ਕੋਈ ਕਸ਼ਮੀਰੀ ਤੇ ਕੋਈ ਪੰਜਾਬੀ ਕਹਿੰਦਾ ਹੈ। ਅਸਲ ਵਿਚ ਉਸ ਦੇ ਸੁੰਦਰ ਰਤਨ ਹੋਣ ਕਰਕੇ ਹਰ ਕੋਈ ਉਸ ਨੂੰ ਆਪਣਾ ਬਣਾਉਂਦਾ ਹੈ। ਉਸ ਦੇ ਚਾਰ ਕਾਵਯ ਅਤੇ ਤਿੰਨ ਨਾਟਕ ਪ੍ਰਸਿੱਧ ਹਨ। ਉਂਞ ਉਸ ਦੇ ਨਾਲ 10-15 ਪੁਸਤਕਾਂ ਹੋਰ ਵੀ ਜੋੜੀਆਂ ਜਾਂਦੀਆਂ ਹਨ।

‘ਰਘੂਵੰਸ਼’ ਉਸ ਦਾ ਮਹਾਂਕਾਵਿ ਹੈ, ਜਿਸ ਦੀ ਕਥਾ ਦਾ ਆਧਾਰ ਬਾਲਮੀਕੀ ਰਾਮਾਇਣ ਹੈ। ਇਸ ਦੇ 9 ਸਰਗਾਂ ਵਿਚ ਸੂਰਜਬੰਸ਼ੀ ਰਾਜਿਆਂ ਦੇ ਜੀਵਨ-ਸਮਾਚਾਰ ਦਿੰਦਿਆਂ ਕੁਦਰਤ ਦਾ ਸੁੰਦਰ ਚਿਤਰਨ ਕੀਤਾ ਗਿਆ ਹੈ। ‘ਕੁਮਾਰ ਸੰਭਵ’ ਵਿਚ ਪਾਰਬਤੀ ਤੇ ਸ਼ਿਵ ਦੀ ਪ੍ਰੇਮ-ਮਿਲਣੀ ਦਾ ਬਿਆਨ ਹੈ। ਇਸ ਦੇ 8 ਸਰਗ ਹਨ। ‘ਰਿਤੂ ਸੰਹਾਰ’ ਵਿਚ ਗ੍ਰੀਖਮ ਤੋਂ ਬਸੰਤ ਤਕ ਭਿੰਨ-ਭਿੰਨ ਰੁੱਤਾਂ ਦਾ ਅਮੋਲਕ ਚਿਤਰਨ ਕੀਤਾ ਗਿਆ ਹੈ। ‘ਮੇਘ ਦੂਤ’ ਵਿਚ ਕੁਬੇਰ ਦੇ ਸਰਾਪ ਕਾਰਨ ਆਪਣੀ ਪ੍ਰੇਮਿਕਾ ਤੋਂ ਵਿਛੜਿਆ ਯਕਸ਼ ਮੇਘ ਨੂੰ ਦੂਤ ਬਣਾ ਕੇ ਉਸ ਕੋਲ ਭੇਜਦਾ ਹੈ। ਇਸ ਵਿਚ ਮੇਘਾਂ ਦੀ ਸਾਂਵਲੀ ਤੇ ਉੱਜਲੀ ਸੁੰਦਰਤਾ ਦੇ ਅਦਭੁਤ ਚਿਤਰ ਪੇਸ਼ ਕੀਤੇ ਗਏ ਹਨ। ‘ਅਭਿਗਯਾਨ ਸ਼ਕੁੰਤਲਾ’ ਦੇ ਪੰਜ ਅੰਕਾਂ ਵਿਚ ਕਾਲੀਦਾਸ ਨੇ ਦੁਸ਼ਯੰਤ ਤੇ ਸ਼ਕੁੰਤਲਾ ਦੀ ਪ੍ਰੀਤ-ਕਹਾਣੀ ਨੂੰ ਬਿਆਨ ਕੀਤਾ ਹੈ। ‘ਵਿਕ੍ਰਮੋਰਵਸ਼ੀ’ ਚੰਦਬੰਸ਼ੀ ਖ਼ਾਨਦਾਨ ਦੇ ਰਾਜਾ ਪੁਰੂਵਰਸ਼ ਤੇ ਉਰਵਸ਼ੀ ਦੀ ਪ੍ਰੀਤ-ਕਹਾਣੀ ਦਾ ਨਾਟਕ ਹੈ। ‘ਮਾਲਵਿਕਾਗਨਿਮਿਤ੍ਰ’ ਰਾਜੇ ਅਗਨੀਮਿਤ੍ਰ ਦੀ ਇਕ ਬੋਧੀ ਭਿਕਸ਼ਣੀ ਨਾਲ ਪ੍ਰੀਤ ਦਾ ਨਾਟਕ ਹੈ।

ਕਾਲੀਦਾਸ ਦੇ ਨਾਟਕ ਭਾਰਤੀ ਨਾਟ-ਪਰੰਪਰਾ ਅਨੁਸਾਰ ਸੁਖਾਂਤ ਹਨ। ਉਸ ਦੀ ਕਵਿਤਾ ਕੱਚਾ ਦੁੱਧ ਹੈ, ਜਿਸ ਦੀ ਹਰ ਗੱਲ ਵਿਚ ਕੋਈ ਨਾ ਕੋਈ ਚਮਤਕਾਰ ਹੈ। ਉਸ ਕੋਲ ਉਪਮਾਵਾਂ ਦੇ ਢੇਰ ਹਨ ਤੇ ਬੋਲੀ ਉੱਪਰ ਅਜਬ ਕਾਬੂ ਹੈ। ਉਸ ਦੀ ਗੱਲ ਵਿਚ ਜ਼ੋਰਦਾਰ ਕਟਾਖ਼ਸ ਹੈ। ਉਹ ਸੁੰਦਰਤਾ ਦਾ ਕਵੀ ਹੈ। ਉਹ ਕਈ ਥਾਂਈਂ ਬੁਝਾਰਤਾਂ ਵੀ ਪਾਉਂਦਾ ਹੈ।

ਪੂਰਬੀ ਲੋਕ ਕਾਲੀਦਾਸ ਦਾ ਨਾਂ ਕਵਿਤਾ ਦਾ ਸਭ ਤੋਂ ਉੱਚਾ ਮਿਆਰ ਦੱਸਣ ਲਈ ਵਰਤਦੇ ਹਨ ਤੇ ਕਾਲੀਦਾਸ ਦੇ ਮੁਕਾਬਲੇ ਦਾ ਹੋਰ ਕੋਈ ਕਵੀ ਨਹੀਂ ਮੰਨਿਆ ਜਾਂਦਾ। ਪੱਛਮ ਵਾਲੇ ਉਸ ਨੂੰ ‘ਹਿੰਦੁਸਤਾਨ ਦਾ ਸ਼ੈਕਸਪੀਅਰ’ ਕਹਿੰਦੇ ਹਨ। ਅਸਲ ਵਿਚ ਉਸ ਦੀ ਕਵਿਤਾ ਦੇ ਫੁੱਲਾਂ ਦੀ ਸੁਗੰਧੀ ਕਦੇ ਮੁੱਕਣ ਵਾਲੀ ਨਹੀਂ।