ਮਰਨ ਦਾ ਡਰ – ਅਣਡਿੱਠਾ ਪੈਰਾ
ਮਰਨ ਦਾ ਡਰ ਹਰ ਇਕ ਨੂੰ ਚੰਬੜਿਆ ਹੋਇਆ ਹੈ। ਇਹ ਇਤਨਾ ਆਮ ਹੈ ਕਿ ਜਿੱਥੇ ਕਿਤੇ ਵੀ ਜਿੰਦ ਹੈ, ਮਰਨ ਦਾ ਭੈ ਵੀ ਮੌਜੂਦ ਹੈ। ਨਿੱਕੇ ਤੋਂ ਨਿੱਕੇ ਕੀੜੇ ਨੂੰ ਹੋਰ ਭਾਵੇਂ ਕੋਈ ਗਿਆਨ ਹੋਵੇ ਜਾਂ ਨਾ, ਪਰ ਜਾਨ ਬਚਾਉਣ ਦਾ ਡਰ ਉਸਨੂੰ ਹੈ। ਉਸ ਨੂੰ ਪਕੜਨ ਦਾ ਜਤਨ ਕਰੋ, ਉਹ ਆਪਣੇ ਵਿੱਤ – ਮੂਜਬ ਭੱਜ – ਨੱਸ ਕੇ ਜ਼ਰੂਰ ਬਚਾਓ ਦਾ ਉੱਦਮ ਕਰੇਗਾ। ਨਵੇਂ ਮਾਨਸਕ ਖੋਜੀਆਂ ਨੇ ਜੀਵਾਂ ਵਿਚ ਕਈ ਜਮਾਂਦਰੂ ਸੁਭਾਅ ਲੱਭੇ ਹਨ, ਜਿਨ੍ਹਾਂ ਵਿੱਚੋਂ ਵੱਡੀ ਸੁਭਾਵਕ ਪ੍ਰਵਿਰਤੀ ‘ਡਰ’ ਹੈ, ਜਿਸ ਦੀ ਜੜ੍ਹ ਆਪਣੀ ਜਾਨ ਬਚਾਉਣ ਵਿੱਚ ਹੈ। ਕਾਂ ਗੁਲੇਲ ਨੂੰ ਵੇਖ ਕੇ ਝੱਟ ਉੱਡ ਜਾਂਦਾ ਹੈ, ਕੁੱਤਾ ਸੋਟੇ ਨੂੰ ਵੇਖ ਕੇ ਕੰਨ ਨੀਵੇਂ ਕਰਕੇ ਪਾਸਾ ਵੱਟ ਜਾਂਦਾ ਹੈ। ‘ਡੰਡਾ ਪੀਰ ਹੈ ਵਿਗੜਿਆਂ – ਤਿਗੜਿਆਂ ਦਾ’ – ‘ਡੰਡੇ ਨੂੰ ਇਹ ਪੀਰੀ ਸਾਡੀ ਡਰ ਵਾਲੀ ਸੁਭਾਵਕ ਪ੍ਰਵਿਰਤੀ ਨੇ ਹੀ ਦਿੱਤੀ ਹੈ। ਇਹ ਡਰ ਕੀੜੇ, ਪੰਛੀ, ਪਸ਼ੂ, ਬੱਚੇ, ਬੁੱਢੇ, ਜੁਆਨ ਹਰ ਇੱਕ ਵਿੱਚ ਮੌਜੂਦ ਹੈ। ਇੱਕ ਦਿਨ ਦੇ ਬੱਚੇ ਨੂੰ ਗੋਦੀ ਵਿੱਚ ਲਓ, ਤੇ ਜ਼ਰਾ ਬੁੱਕਲ ਤੋਂ ਝਟਕਾ ਦੇ ਕੇ ਬਾਹਰ ਨੂੰ ਧੱਕੋ, ਬੱਚਾ ਡਡਿਆ ਕੇ ਧਾਹਾਂ ਮਾਰਨ ਲੱਗ ਜਾਏਗਾ।
ਔਖੇ ਸ਼ਬਦਾਂ ਦੇ ਅਰਥ
ਭੈ = ਡਰ
ਮੌਜੂਦ = ਹਾਜ਼ਰ, ਵਸਦਾ, ਰਹਿੰਦਾ
ਵਿੱਤ – ਮੂਜਬ = ਸਮਰੱਥਾ ਮੁਤਾਬਕ
ਮਾਨਸਕ = ਮਨ ਨਾਲ ਸਬੰਧਤ
ਜਮਾਂਦਰੂ = ਜਨਮ ਤੋਂ ਹੀ ਪ੍ਰਾਪਤ
ਪ੍ਰਵਿਰਤੀ = ਰੁਚੀ, ਮਨ ਦਾ ਝੁਕਾਅ
ਪੀਰ = ਗੁਰੂ
ਡਡਿਆ ਕੇ = ਬਹੁਤ ਡਰ ਕੇ
ਪੈਰਾ ਪੜ੍ਹ ਕੇ ਹੇਠ ਲਿਖੇ ਪ੍ਰਸ਼ਨਾਂ ਦੇ ਉੱਤਰ ਦਿਓ:
ਪ੍ਰਸ਼ਨ 1 . ਮਰਨ ਦਾ ਭੈ ਕਿੱਥੇ ਮੌਜੂਦ ਹੈ?
ਪ੍ਰਸ਼ਨ 2 . ਜਦੋਂ ਤੁਸੀਂ ਨਿੱਕੇ ਜਿਹੇ ਕੀੜੇ ਨੂੰ ਫੜ੍ਹਨ ਦਾ ਜਤਨ ਕਰਦੇ ਹੋ, ਤਾਂ ਉਹ ਕੀ ਕਰਦਾ ਹੈ?
ਪ੍ਰਸ਼ਨ 3 . ਡੰਡੇ ਨੂੰ ‘ਪੀਰੀ’ ਦਾ ਦਰਜਾ ਕਿਉਂ ਪ੍ਰਾਪਤ ਹੈ?
ਪ੍ਰਸ਼ਨ 4 . ਪੈਰੇ ਦਾ ਢੁਕਵਾਂ ਸਿਰਲੇਖ ਲਿਖੋ।