ਮਨੋਰੰਜਨ – ਪੈਰਾ ਰਚਨਾ

ਮਨੁੱਖ ਆਰੰਭ ਤੋਂ ਹੀ ਕਿਸੇ ਨਾ ਕਿਸੇ ਤਰ੍ਹਾਂ ਆਪਣਾ ਮਨੋਰੰਜਨ ਕਰਦਾ ਆਇਆ ਹੈ।ਵਰਤਮਾਨ ਸਮਾਂ ਪਦਾਰਥਕ ਦੌੜ, ਆਪੋ – ਧਾਪ, ਮਾਨਸਿਕ ਤਣਾਓ ਤੇ ਪਰੇਸ਼ਾਨੀਆਂ ਨਾਲ ਭਰਿਆ ਹੋਣ ਕਰਕੇ ਅੱਜ ਦੇਮਨੁੱਖ ਨੂੰ ਮਨੋਰੰਜਨ ਦੀ ਹੋਰ ਵੀ ਵਧੇਰੇ ਲੋੜ ਹੈ। ਅੱਜ ਤੋਂ 50 – 60 ਸਾਲ ਪਹਿਲਾਂ ਚਾਰ ਬੰਦਿਆਂ ਦਾ ਆਪਸ ਵਿੱਚ ਬੈਠ ਕੇ ਗੱਪਾਂ ਤੇ ਯੱਕੜ ਮਾਰਨਾ, ਬਾਤਾਂ ਤੇ ਬੁਝਾਰਤਾਂ ਪਾਉਣਾ, ਸ਼ਿਕਾਰ ਖੇਡਣਾ, ਘੋੜ – ਦੌੜ, ਕਬੂਤਰ – ਉਡਾਰੀਆਂ, ਕੁੱਕੜਾਂ ਦੀਆਂ ਲੜਾਈਆਂ, ਛਿੰਞਾਂ, ਨਕਲਾਂ, ਬਾਜ਼ੀਗਰਾਂ ਦੀਆਂ ਬਾਜ਼ੀਆਂ ਦੇਖਣਾ ਅਤੇ ਅੱਡਾ – ਖੱਡਾ, ਕਬੱਡੀ, ਸ਼ਤਰੰਜ ਤੇ ਜੂਆ ਖੇਡਣਾ ਆਦਿ ਸਾਡੇ ਲੋਕਾਂ ਦੇ ਮਨੋਰੰਜਨ ਦੇ ਸਾਧਨ ਹਨ। ਇਸ ਤੋਂ ਬਿਨਾਂ ਬਹੁਤ ਸਾਰੀਆਂ ਰਸਮਾਂ – ਰੀਤਾਂ, ਲੋਕ – ਨ੍ਰਿਤ, ਲੋਕ – ਗਾਇਕੀ, ਮੇਲੇ, ਤਿਉਹਾਰ ਤੇ ਕਈ ਪ੍ਰਕਾਰ ਦੀ ਕਲਾਕਾਰੀ ਆਦਿ ਸਭ ਚੀਜ਼ਾਂ ਆਦਿ – ਕਾਲ ਤੋਂ ਹੀ ਮਨੁੱਖ ਦੇ ਮਨੋਰੰਜਨ ਦਾ ਸਾਧਨ ਬਣੀਆਂ ਆ ਰਹੀਆਂ ਹਨ। ਵਰਤਮਾਨ ਮਨੁੱਖ ਦੇ ਮਨੋਰੰਜਨ ਦੇ ਸਾਧਨਾਂ ਵਿਚ ਕੁੱਝ ਸਾਧਨ ਤਾਂ ਪੁਰਾਤਨ ਮਨੁੱਖ ਵਾਲੇ ਹੀ ਹਨ, ਪਰ ਕੁੱਝ ਨਵੀਨ, ਉੱਨਤ ਤੇ ਉੱਤਮ ਹਨਾਤੇ ਇਨ੍ਹਾਂ ਵਿਚ ਨਿੱਤ ਨਵੇਂ ਤੇ ਵਿਕਸਿਤ ਸਾਧਨ ਸ਼ਾਮਲ ਹੋ ਗਏ ਹਨ। ਵਰਤਮਾਨ ਮਨੁੱਖ ਦੇ ਮਨੋਰੰਜਨ ਦੇ ਸਾਧਨਾਂ ਦਾ ਤਾਂ ਇਕ ਤਰ੍ਹਾਂ ਨਾਲ ਸੰਸਾਰੀਕਰਨ ਹੋ ਰਿਹਾ ਹੈ। ਇਨ੍ਹਾਂ ਵਿਚ ਗ੍ਰਾਮੋਫੋਨ, ਰੇਡੀਓ, ਟੇਪ ਰਿਕਾਰਡਰ, ਸਿਨਮਾ, ਟੈਲੀਵਿਜ਼ਨ, ਕੰਪਿਊਟਰ – ਖੇਡਾਂ, ਅਖਬਾਰਾਂ, ਰਸਾਲੇ, ਨਾਟਕ, ਨਿਜੀ ਸ਼ੌਂਕ, ਮੈਚ ਤੇ ਮਨੋਰੰਜਨ – ਪਾਰਕ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਬਿਨਾਂ ਕੁੱਝ ਇਸ ਤੋਂ ਵੀ ਵੱਧ ਖ਼ਰਚੀਲੇ ਸਾਧਨ ਹੋਟਲਾਂ, ਕਲੱਬਾਂ, ਨਾਚ – ਘਰ, ਸ਼ਰਾਬਖਾਨੇ, ਜ਼ੂਆਖਾਨੇ ਤੇ ਸਟਾਰ – ਨਾਈਟਾਂ ਹਨ। ਇਨ੍ਹਾਂ ਤੋਂ ਬਿਨਾਂ ਸੈਰ – ਸਪਾਟੇ, ਪੁਸਤਕਾਂ ਪੜ੍ਹਨਾ, ਨੁਮਾਇਸ਼ਾਂ, ਵਰਾਇਟੀ ਸ਼ੋ, ਫੈਸ਼ਨ ਸ਼ੋ, ਚਿੜੀਆ ਘਰ ਤੇ ਅਜਾਇਬ ਘਰ ਆਦਿ ਦੀ ਸੈਰ ਵੀ ਵਰਤਮਾਨ ਮਨੁੱਖ ਦੇ ਮਨੋਰੰਜਨ ਦੇ ਸਾਧਨਾਂ ਵਿਚ ਸ਼ਾਮਿਲ ਹਨ। ਮਨੋਰੰਜਨ ਦੇ ਸਾਧਨ ਭਾਵੇਂ ਕੁੱਝ ਵੀ ਹੋਣ, ਪਰ ਇਨ੍ਹਾਂ ਦੀ ਮਨੁੱਖੀ ਜੀਵਨ ਵਿਚ ਬਹੁਤ ਮਹਾਨਤਾ ਹੈ। ਇਹ ਸਾਡੇ ਮਨ ਨੂੰ ਗੁੰਝਲਾਂ ਤੇ ਤਣਾਓ ਵਿੱਚੋਂ ਕੱਢ ਕੇ ਇਕ ਸਕੂਲ ਬਖਸ਼ਦੇ ਹਨ ਤੇ ਇਸ ਤਰ੍ਹਾਂ ਇਹ ਮਨੁੱਖੀ ਜੀਵਨ ਨੂੰ ਸਿਹਤਮੰਦ ਬਣਾਉਂਦੇ ਹਨ। ਉਂਞ ਸਾਨੂੰ ਇਹ ਵੀ ਖ਼ਿਆਲ ਰੱਖਣਾ ਚਾਹੀਦਾ ਹੈ ਕਿ ਅਸੀਂ ਮਨੋਰੰਜਨ ਦੇ ਸਾਧਨਾਂ ਵਿਚ ਬਹੁਤ ਖਚਤ ਨਾ ਹੋਈਏ, ਕਿਉਂਕਿ ਇਨ੍ਹਾਂ ਵਲ ਬਹੁਤਾ ਝੁਕਾਅ ਸਾਡਾ ਸਮਾਂ ਨਸ਼ਟ ਕਰਦਾ ਹੈ ਤੇ ਸਾਨੂੰ ਸੁਸਤ, ਆਲਸੀ ਤੇ ਕੰਮਚੋਰ ਬਣਾ ਦਿੰਦਾ ਹੈ। ਇਸ ਕਰਕੇ ਮਨੋਰੰਜਨ ਦੇ ਸਾਧਨਾਂ ਦਾ ਸੰਤੁਲਿਤ ਪ੍ਰਯੋਗ ਹੀ ਠੀਕ ਰਹਿੰਦਾ ਹੈ।