CBSEEducationPoemsPunjab School Education Board(PSEB)

ਮਨਿ ਜੀਤੈ ਜਗੁ ਜੀਤ

ਮਨਿ ਜੀਤੈ ਜਗੁ ਜੀਤ||’ ਤੁਕ ਸ੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ। ਜੋ ਬਾਣੀ ‘ਜਪੁ ਜੀ ਸਾਹਿਬ’ ਦੀ 27ਵੀਂ ਪਉੜੀ ਵਿੱਚ ਦਰਜ ਹੈ, ਜਿਸ ਦਾ ਭਾਵ ਹੈ ਮਨ ਨੂੰ ਜਿੱਤਣ ਵਾਲਾ ਹੀ ਜੱਗ ਦਾ ਜੇਤੂ ਹੋ ਸਕਦਾ ਹੈ। ਮਨ ਚੰਚਲ ਹੈ। ਇਹ ਟਿਕਦਾ ਨਹੀਂ ਤੇ ਭਟਕਦਾ ਹੀ ਰਹਿੰਦਾ ਹੈ। ਮਨ ਦੇ ਹੁਕਮ ਅਨੁਸਾਰ ਹੀ ਸਾਡੀਆਂ ਗਿਆਨ ਇੰਦਰੀਆਂ ਕੰਮ ਕਰਦੀਆਂ ਹਨ, ਤੇ ਮਨ ਵਿੱਚ ਇੱਛਾਵਾਂ ਤੇ ਸੱਧਰਾਂ ਪਲਦੀਆਂ ਹਨ। ਜਿਹੜਾ ਵਿਅਕਤੀ ਆਪਣੀਆਂ ਇੱਛਾਵਾਂ ਨੂੰ ਸੀਮਤ ਘੇਰੇ ਵਿੱਚ ਰੱਖਦਾ ਹੈ, ਉਹ ਹਮੇਸ਼ਾ ਸੁਖੀ ਰਹਿੰਦਾ ਹੈ। ਇਸ ਲਈ ਮਨ ‘ਤੇ ਕਾਬੂ ਪਾਉਣ ਦੀ ਲੋੜ ਹੈ। ਅਸਲ ਵਿੱਚ ਜਦੋਂ ਮਨੁੱਖ ਦੀਆਂ ਇੱਛਾਵਾਂ ਮੁੱਕ ਜਾਂਦੀਆਂ ਹਨ ਤਾਂ ਉਹ ਸੰਤੋਖੀ ਹੋ ਜਾਂਦਾ ਹੈ। ਮਨ ਜਿੱਤਣ ਲਈ ਪ੍ਰਾਚੀਨ ਸਾਧੂ – ਸੰਤਾਂ ਨੇ ਘਰ – ਬਾਰ ਛੱਡ ਕੇ ਜੰਗਲਾਂ ਵਿੱਚ ਡੇਰੇ ਲਾ ਲਏ ਤੇ ਘੋਰ ਤਪੱਸਿਆ ਕਰਕੇ ਸਰੀਰ ਨੂੰ ਕਸ਼ਟ ਦਿੱਤੇ, ਪਰ ਗੁਰੂ ਨਾਨਕ ਦੇਵ ਜੀ ਨੇ ਗ੍ਰਹਿਸਤ ਵਿੱਚ ਰਹਿ ਕੇ ਮਾਇਆ ਤੋਂ ਨਿਰਲੇਪ ਰਹਿਣ ਦਾ ਮਾਰਗ ਦੱਸਿਆ। ਹਰ ਧਰਮ ਦੀ ਸਾਰੀ ਸਾਧਨਾ ਮਨ ‘ਤੇ ਜਿੱਤ ਪ੍ਰਾਪਤ ਕਰਨ ਦੀ ਹੈ। ਸੋ, ਸਰੀਰ ਨੂੰ ਲੋਕਾਈ ਦੀ ਸੇਵਾ ਵਿੱਚ ਅਤੇ ਮਨ ਨੂੰ ਪਰਮਾਤਮਾ ਦੇ ਸਿਮਰਨ ਵਿੱਚ ਲਾਉਣਾ ਚਾਹੀਦਾ ਹੈ। ਜਿਵੇਂ ਪ੍ਰਕਾਸ਼ ਵਿੱਚ ਜਾਉਣ ਲਈ ਹਨੇਰੇ ‘ਚੋਂ ਲੰਘਣਾ ਪੈਂਦਾ ਹੈ, ਇਵੇਂ ਹੀ ਮਨ ‘ਤੇ ਜਿੱਤ ਪ੍ਰਾਪਤ ਕਰਨ ਲਈ ਔਂਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਮਨੁੱਖ ਨੂੰ ਇਹਨਾਂ ਤੋਂ ਕਦੀ ਘਬਰਾਉਣਾ ਨਹੀਂ ਚਾਹੀਦਾ। ਜਿਨ੍ਹਾਂ ਲੋਕਾਂ ਨੇ ਆਪਣੇ ਮਨ ‘ਤੇ ਕਾਬੂ ਪਾਇਆ ਹੈ, ਉਹਨਾਂ ਨੇ ਸੰਸਾਰ ਉੱਤੇ ਵੱਡੇ – ਵੱਡੇ ਕਾਰਨਾਮੇ ਕਰ ਕੇ ਵਿਖਾਏ ਹਨ। ਸੋ, ਜੋ ਲੋਕ ਮਨ ਨੂੰ ਜਿੱਤ ਲੈਂਦੇ ਹਨ, ਉਹ ਪੂਜਣ ਯੋਗ ਹੋ ਜਾਂਦੇ ਹਨ। ਲੋਕ ਉਹਨਾਂ ਨੂੰ ਆਪਣਾ ਆਦਰਸ਼ ਮੰਨਦੇ ਹਨ। ਇੰਜ ਮਨ ਦਾ ਜੇਤੂ ਸਾਰੇ ਜੱਗ ‘ਤੇ ਜਿੱਤ ਪ੍ਰਾਪਤ ਕਰ ਲੈਂਦਾ ਹੈ।