ਮਨਿ ਜੀਤੈ ਜਗੁ ਜੀਤ
ਰੂਪ ਰੇਖਾ : ਤੁੱਕ ਦਾ ਅਰਥ, ਮਨ ਦੀ ਪਰਿਭਾਸ਼ਾ, ਮਨੁੱਖ ਅੰਦਰ ਦੋ ਤਾਕਤਾਂ – ਦੈਵੀ ਤੇ ਦੈਂਤ, ਮਨ ਨੂੰ ਕਾਬੂ ਕਰਨ ਦਾ ਢੰਗ, ਅਜੋਕਾ ਮਨੁੱਖ, ਮਨ ਨੂੰ ਜਿੱਤਣਾ ਸੌਖਾ ਨਹੀਂ।
ਤੁੱਕ ਦਾ ਅਰਥ : ਇਹ ਤੁੱਕ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ‘ਜਪੁਜੀ’ ਵਿੱਚ ਅੰਕਿਤ ਹੈ। ਇਹ ਪੰਗਤੀ ਅਧਿਆਤਮਕ ਸੱਚਾਈ ਨੂੰ ਪ੍ਰਗਟਾਉਂਦੀ ਹੈ। ਇਸ ਅਨੁਸਾਰ ਜਿਹੜਾ ਮਨੁੱਖ ਮਨ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਉਹ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ। ਸਾਰੀਆਂ ਸੰਸਾਰਕ ਬੁਰਾਈਆਂ ਦੀ ਜੜ੍ਹ ਮਨ ਹੀ ਹੈ।
ਤੁੱਕ ਦਾ ਅਰਥ : ਇਹ ਤੁੱਕ ਗੁਰੂ ਨਾਨਕ ਦੇਵ ਜੀ ਦੀ ਸ਼ਾਹਕਾਰ ਰਚਨਾ ‘ਜਪੁਜੀ’ ਵਿੱਚ ਅੰਕਿਤ ਹੈ। ਇਹ ਪੰਗਤੀ ਅਧਿਆਤਮਕ ਸੱਚਾਈ ਨੂੰ ਪ੍ਰਗਟਾਉਂਦੀ ਹੈ। ਇਸ ਅਨੁਸਾਰ ਜਿਹੜਾ ਮਨੁੱਖ ਮਨ ਨੂੰ ਆਪਣੇ ਵਸ ਵਿੱਚ ਕਰ ਸਕਦਾ ਹੈ, ਉਹ ਸਾਰੇ ਸੰਸਾਰ ਨੂੰ ਜਿੱਤ ਸਕਦਾ ਹੈ। ਸਾਰੀਆਂ ਸੰਸਾਰਕ ਬੁਰਾਈਆਂ ਦੀ ਜੜ੍ਹ ਮਨ ਹੀ ਹੈ।ਮਨ ਸਰੀਰ ਦਾ ਇੱਕ ਸੂਖਮ ਹਿੱਸਾ ਹੈ। ਮਨ ਸਾਡੇ ਸਰੀਰਕ ਅੰਗਾਂ ਨੂੰ ਹਰਕਤ ਅਤੇ ਤਾਕਤ ਦਿੰਦਾ ਹੈ। ਇਹ ਆਪ ਕਦੀ ਵੀ ਟਿਕਾਓ ਦੀ ਅਵਸਥਾ ਵਿੱਚ ਨਹੀਂ ਆਉਂਦਾ। ਪੰਜ ਤੱਤਾਂ – ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਪਿੱਛੇ ਦੌੜਦਾ ਇਹ ਮਨ ਕਈ ਸਰੀਰਕ ਤੇ ਮਾਨਸਿਕ ਦੁੱਖਾਂ ਦਾ ਕਾਰਨ ਹੈ।
ਮਨੁੱਖ ਅੰਦਰ ਦੋ ਤਾਕਤਾਂ – ਦੈਵੀ ਤੇ ਦੈਂਤ : ਹਰ ਮਨੁੱਖ ਅੰਦਰ ਦੈਵੀ ਅਤੇ ਦੈਂਤ ਦੋ ਤਾਕਤਾਂ ਕਾਰਜਸ਼ੀਲ ਹਨ। ਦੈਵੀ ਤਾਕਤ ਮਨੁੱਖ ਨੂੰ ਚੰਗੇ ਕਰਮਾਂ ਲਈ ਪ੍ਰੇਰਦੀ ਹੈ ਅਤੇ ਦੈਂਤ ਤਾਕਤ ਮਨੁੱਖ ਨੂੰ ਗਲਤ ਵਿਕਾਰਾਂ ਵੱਲ ਲਿਜਾਂਦੀ ਹੈ। ਜਿਹੜਾ ਮਨੁੱਖ ਦੈਵੀ ਸ਼ਕਤੀ ਪਿੱਛੇ ਤੁਰ ਪੈਂਦਾ ਹੈ, ਉਹ ਮਨ ਨੂੰ ਵਸ ਵਿੱਚ ਕਰ ਕੇ ਜੱਗ ਜੇਤੂ ਹੋ ਜਾਂਦਾ ਹੈ। ਉਸ ਵਿੱਚ ਸੰਤੋਖ ਤੇ ਸਬਰ ਦੇ ਗੁਣ ਆ ਜਾਂਦੇ ਹਨ ਜਿਸ ਕਾਰਨ ਉਸ ਅੰਦਰ ਆਪਣੀਆਂ ਇੱਛਾਵਾਂ ਤੇ ਤ੍ਰਿਸ਼ਨਾਵਾਂ ਨੂੰ ਆਪਣੇ ਵਸ ਕਰਨ ਦੀ ਤਾਕਤ ਪੈਦਾ ਹੋ ਜਾਂਦੀ ਹੈ।
ਅਜੋਕਾ ਮਨੁੱਖ : ਅਜੋਕੀ ਪੀੜ੍ਹੀ ਦੇ ਵਧੇਰੇ ਲੋਕ ਇਸ ਵਿਚਾਰਧਾਰਾ ਨੂੰ ਨਹੀਂ ਮੰਨਦੇ। ਉਹ ਸਰੀਰਕ ਤੇ ਮਨ ਦੀ ਖੁਸ਼ੀਆਂ ਦੀ ਪ੍ਰਾਪਤੀ ਲਈ ਕਿਸੇ ਧਾਰਮਿਕ ਸਥਾਨ ਵਿੱਚ ਜਾ ਬੈਠਣ ਨੂੰ ਸਮੇਂ ਦੀ ਬਰਬਾਦੀ ਸਮਝਦੀ ਹੈ। ਉਨ੍ਹਾਂ ਦਾ ਧਰਮ ਸਥਾਨਾਂ ਵਿੱਚ ਕੋਈ ਵਿਸ਼ਵਾਸ ਨਹੀਂ। ਉਹਨਾਂ ਦਾ ਰੁਝੇਵਾ ਮਨ, ਜਗ ਤੇ ਈਸ਼ਵਰ ਨੂੰ ਜਿੱਤਣ ਵਿੱਚ ਵੀ ਨਹੀਂ ਹੈ।
ਉਹ ਤਾਂ ਮਨ ਦੀਆਂ ਇੱਛਾਵਾਂ ਦੀ ਗ਼ੁਲਾਮ ਹੈ। ਉਹਨਾਂ ਦਾ ਤਾਂ ਇਹ ਮੰਨਣਾ ਹੈ ਕਿ ਮਨ ਨੂੰ ਮਾਰਨ ਤੋਂ ਭਾਵ ਆਪਣੇ – ਆਪ ਨੂੰ ਮਾਰਨਾ। ਉਨ੍ਹਾਂ ਦੀ ਪਹਿਲੀ ਨਿਸ਼ਠਾ ਵੱਧ ਤੋਂ ਵੱਧ ਧਨ ਕਮਾ ਕੇ ਮਨੁੱਖੀ ਲੋੜਾਂ ਤੇ ਐਸ਼ੋ – ਆਰਾਮ ਦੀ ਜ਼ਿੰਦਗੀ ਬਿਤਾਉਣਾ ਹੈ।
ਜੀਵਨ ਦੀਆਂ ਮੁੱਖ ਲੋੜਾਂ ਦੀ ਪੂਰਤੀ ਕਰਨਾ ਮਨੁੱਖ ਦਾ ਪਹਿਲਾ ਫ਼ਰਜ਼ ਹੈ। ਪਰ, ਮਨੁੱਖ ਬਣਨ ਲਈ ਮਨ ਨੂੰ ਕਾਬੂ ਵਿੱਚ ਰੱਖ ਕੇ ਤ੍ਰਿਸ਼ਨਾਵਾਂ ਤੇ ਫੁਰਨਿਆਂ ਰਹਿਤ ਕਰਨਾ ਵੀ ਤਾਂ ਉਸ ਦਾ ਹੀ ਫਰਜ਼ ਹੈ। ਸੰਤੁਸ਼ਟ ਮਨ ਹੀ ਜਗਤ ਜੇਤੂ ਹੋ ਸਕਦਾ ਹੈ।
ਮਹਾਤਮਾ ਗਾਂਧੀ ਦੀ ਅਹਿੰਸਾ ਤੇ ਸਤਿਆਗ੍ਰਹਿ ਦੀ ਨੀਤੀ ਵੀ ਮਨ ਨੂੰ ਕਾਬੂ ਵਿੱਚ ਰੱਖਣ ਵਾਲੀ ਨੀਤੀ ਸੀ। ਇਸ ਨੀਤੀ ਦਾ ਆਧਾਰ ‘ਸੱਚ’ ਸੀ। ਇਹੋ ਕਾਰਨ ਸੀ ਕਿ ਉਹ ਸੱਚ ਕਹਿਣ ਤੋਂ ਕਦੇ ਨਹੀਂ ਡਰਦੇ ਸੀ।
ਮਨ ਨੂੰ ਜਿੱਤਣਾ ਸੌਖਾ ਨਹੀਂ : ਮਨ ਉੱਪਰ ਜਿੱਤ ਪ੍ਰਾਪਤ ਕਰਨਾ ਸਹਿਜ ਨਹੀਂ। ਬੜੀਆਂ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਪਰ, ਇੱਕ ਗੱਲ ਜ਼ਰੂਰ ਹੈ ਕਿ ਔਂਕੜਾਂ ਹੀ ਮਨੁੱਖ ਵਿੱਚ ਨਿਖਾਰ ਲਿਆਉਂਦੀਆਂ ਹਨ। ਮਨ ਨੂੰ ਜਿੱਤ ਚੁੱਕਿਆ ਮਨੁੱਖ ਆਪਣੀ ‘ਮੈਂ’ ਨੂੰ ਛੱਡ ਉਸ ਅਕਾਲ ਪੁਰਖ ਦਾ ਸ਼ੁਕਰਗੁਜ਼ਾਰ ਹੋ ਜਾਂਦਾ ਹੈ। ਉਸ ਦੀ ਕਿਰਪਾ ਦ੍ਰਿਸ਼ਟੀ ਦੀ ਉਸ ਨੂੰ ਸਮਝ ਆ ਜਾਂਦੀ ਹੈ। ਉਹ ਆਪ ਵੀ ਸੁਖੀ ਹੋ ਜਾਂਦਾ ਹੈ ਅਤੇ ਦੂਜਿਆਂ ਲਈ ਵੀ ਪ੍ਰੇਰਨਾ ਬਣਦਾ ਹੈ।