ਭਿਆਨਕ ਰਸ ਕੀ ਹੁੰਦਾ ਹੈ?
ਭਿਆਨਕ ਰਸ
ਭਿਆਨਕ ਰਸ ਦਾ ਸਥਾਈ ‘ਭੈ’ ਭਾਵ ਡਰ ਹੁੰਦਾ ਹੈ। ਕਿਸੇ ਡਰਾਉਣੀ ਚੀਜ਼ ਨੂੰ ਵੇਖਣ-ਸੁਣਨ ਨਾਲ ਜਦੋਂ ਮਨ ਦੇ ਅੰਦਰ ਡਰ ਪ੍ਰਗਟ ਹੁੰਦਾ ਹੈ ਤਾਂ ਭਿਆਨਕ ਰਸ ਉਪਜਦਾ ਹੈ। ਵਿਦਵਾਨਾਂ ਨੇ ਲਿਖਿਆ ਹੈ ਕਿ ਚਿੱਤ ਦੀ ਬੇਚੈਨੀ ਤੇ ਵਿਆਕੁਲਤਾ ਤੋਂ ਪੈਦਾ ਹੋਈ ਮਨ ਦੀ ਡਾਵਾਂਡੋਲ ਅਵਸਥਾ ਹੀ ਭੈ ਹੈ। ਸ਼ੇਰ, ਸੱਪ ਆਦਿ ਮਾਰਖ਼ੋਰੇ ਜਾਨਵਰ, ਘੋਰ ਜੰਗਲ ਬੀਆਬਾਨ, ਭੂਤ-ਪ੍ਰੇਤ ਦੀ ਕਲਪਨਾ, ਸ਼ਮਸ਼ਾਨ ਭੂਮੀ ਤੇ ਦੁਸ਼ਮਣਾਂ ਦਾ ਖਿਆਲ ਆਦਿ ਭਿਆਨਕ ਰਸ ਦੇ ਕਾਰਨ ਹਨ। ਇਨ੍ਹਾਂ ਕਾਰਨਾਂ ਕਰਕੇ ਭੈ-ਭੀਤ ਬੰਦੇ ਨੂੰ ਕੰਬਣੀ, ਪਸੀਨਾ, ਰੋਣਾ, ਸ਼ੋਰ ਮਚਾਉਣਾ, ਬੁੱਲ੍ਹ ਸੁੱਕਣੇ, ਰੰਗ ਉਡਣਾ ਆਦਿ ਕਾਰਜ ਪ੍ਰਭਾਵਿਤ ਕਰਦੇ ਹਨ।
ਪੰਜਾਬ ਦੇ ਧਾਰਮਕ ਸਾਹਿਤ ਤੇ ਸਮਾਗਮਾਂ ਵਿੱਚ ਲੋਕ-ਧਾਰਨਾਵਾਂ ਪ੍ਰਚਲਤ ਹਨ ਕਿ “ਅੱਗੇ ਭੀੜੀਆਂ ਸੁਣੀਂਦੀਆਂ ਗਲੀਆਂ, ਜਿੱਥੋਂ ਦੀ ਜਮ ਲੈ ਜਾਣਗੇ” (ਲੋਕ ਧਾਰਨਾ), ਵਾਲਹੁ ਨਿੱਕੀ ਪੁਲਸਗਤ ਕੰਨੀ ਨ ਸੁਣੀਅਈ’ (ਬਾਬਾ ਫ਼ਰੀਦ) ਆਦਿ ਸ਼ਬਦ ਭਿਆਨਕ ਰਸ ਦਾ ਅਹਿਸਾਨ ਕਰਾਉਂਦੇ ਹਨ। ਹੇਠਲੇ ਕਾਵਿ-ਟੋਟੇ ਭਿਆਨਕ ਰਸ ਦੇ ਨਮੂਨੇ ਹਨ :
(ੳ) ਦੋਹੀਂ ਦਲੀ ਮੁਕਾਬਲੇ ਰਣ ਸੂਰੇ ਗੜਕਣ
ਚੜ੍ਹ ਤੋਪਾਂ ਗੱਡੀ ਢੁੱਕੀਆਂ, ਲੱਖ ਸੰਗਲ ਖੜਕਣ
ਜਿਉਂ ਝੱਲਾਂ ਅੱਗਾਂ ਲੱਗੀਆਂ ਰਣਸੂਰੇ ਤੜਕਣ
ਉਹ ਹਸ਼ਰ ਦਿਹਾੜਾ ਵੇਖ ਕੇ ਦਲ ਦੋਵੇਂ ਧਡ਼ਕਣ।
(ਵਾਰ ਨਾਦਰ ਸ਼ਾਹ)
(ਅ) ਕਾਲੀ ਰਾਤ ਅੰਧੇਰ ਤੇ ਗਿਰਨ ਗੋਲੇ,
ਜੈਸੇ ਛਡਦੇ ਤੀਰ ਕਮਾਨ ਲੋਕੋ।
ਬਿਜਲੀ ਬੱਦਲਾਂ ਥੀਂ ਕੜਕ ਕੜਕ ਪੈਂਦੀ,
ਕੰਬ ਜਾਵਦੇ ਜ਼ਿਮੀਂ ਅਸਮਾਨ ਲੋਕੋ।
ਮਾਰੇ ਸੀਤ ਨੇ ਸ਼ੇਰ ਲੰਗੂਰ ਹਾਥੀ,
ਤੜਫਨ ਵਿਚ ਪਏ ਬੀਆਬਾਨ ਲੋਕੋ।
(ਪਾਲ ਸਿੰਘ ਆਰਿਫ਼)
ਮਹਾਨ ਭਾਰਤੀ ਕਾਵਿ ਸ਼ਾਸਤਰੀ ਭਰਤਮੁਨੀ ਨੇ ਭਿਆਨਕ ਰਸ ਦੇ ਤਿੰਨ ਹੇਠਲੇ ਉਪਭੇਦ ਕੀਤੇ ਹਨ :
1. ਭ੍ਰਮਜਨਕ ਭਿਆਨਕ ਰਸ।
2. ਕਾਲਪਨਿਕ ਭਿਆਨਕ ਰਸ।
3. ਵਾਸਤਵਿਕ ਭਿਆਨਕ ਰਸ।
ਹਨ੍ਹੇਰੇ ‘ਚ ਕਿਸੇ ਰੱਸੀ ਨੂੰ ਸੱਪ ਸਮਝਣਾ ਭ੍ਰਮਜਨਕ ਭੈਅ ਹੁੰਦਾ ਹੈ।
ਕਿਸੇ ਮਾੜੇ ਕੰਮ ਨੂੰ ਕਰਨ ਸਮੇਂ ਉਸ ਦੇ ਸਿੱਟੇ ਵਜੋਂ ਮਿਲਣ ਵਾਲੀ ਸਜਾ ਕਾਰਨ ਭੈਭੀਤ ਹੋਣਾ ਕਾਲਪਨਿਕ ਭੈਅ ਹੁੰਦਾ ਹੈ।
ਜਦੋਂ ਭੈਅ ਦਾ ਅਧਾਰ ਹਕੀਕੀ ਹੁੰਦਾ ਹੈ ਤਾਂ ਅਜਿਹੀ ਸਥਿਤੀ ਵਿੱਚ ਭੈਅ ਨੂੰ ਵਾਸਤਵਿਕ ਭੈਅ ਆਖਦੇ ਹਨ।