ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ
ਪ੍ਰਸ਼ਨ. ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਉੱਪਰ ਸੰਖੇਪ ਨੋਟ ਲਿਖੋ।
ਉੱਤਰ : ਸਿੱਖ ਇਤਿਹਾਸ ਸ਼ਹੀਦੀਆਂ ਨਾਲ ਭਰਿਆ ਹੋਇਆ ਹੈ ਪਰ ਜੋ ਲਾਸਾਨੀ ਸ਼ਹਾਦਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੇ ਦਿੱਤੀਆਂ ਉਸ ਦੀ ਕੋਈ ਹੋਰ ਮਿਸਾਲ ਮਿਲਣੀ ਬਹੁਤ ਔਖੀ ਹੈ। ਭਾਈ ਮਤੀ ਦਾਸ ਅਤੇ ਭਾਈ ਸਤੀ ਦਾਸ ਦੋਵੇਂ ਭਰਾ ਸਨ। ਭਾਈ ਮਤੀ ਦਾਸ ਜੀ ਗੁਰੂ ਤੇਗ਼ ਬਹਾਦਰ ਜੀ ਦੇ ਦੀਵਾਨ ਸਨ ਜਦਕਿ ਭਾਈ ਸਤੀ ਦਾਸ ਜੀ ਫ਼ਾਰਸੀ ਦੇ ਲੇਖਕ ਸਨ।
ਜਦੋਂ ਗੁਰੂ ਤੇਗ਼ ਬਹਾਦਰ ਜੀ ਨੇ ਧਰਮ ਦੀ ਰੱਖਿਆ ਲਈ ਆਪਣੀ ਕੁਰਬਾਨੀ ਦੇਣ ਦਾ ਨਿਰਣਾ ਕੀਤਾ ਤਾਂ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਵੀ ਉਨ੍ਹਾਂ ਨਾਲ ਹੋ ਗਏ। ਜਦੋਂ ਹਾਕਮਾਂ ਨੇ ਦਿੱਲੀ ਵਿੱਚ ਗੁਰੂ ਤੇਗ਼ ਬਹਾਦਰ ਜੀ ਨਾਲ ਬਦਸਲੂਕੀ ਕੀਤੀ ਤਾਂ ਭਾਈ ਮਤੀ ਦਾਸ ਜੀ ਇਹ ਬਰਦਾਸ਼ਤ ਨਾ ਕਰ ਸਕੇ। ਉਨ੍ਹਾਂ ਨੇ ਗੁਰੂ ਜੀ ਨੂੰ ਇਹ ਬੇਨਤੀ ਕੀਤੀ ਕਿ ਜੇਕਰ ਉਹ ਆਗਿਆ ਦੇਣ ਤਾਂ ਮੁਗ਼ਲ ਹਕੂਮਤ ਨੂੰ ਤਹਿਸ-ਨਹਿਸ ਕਰ ਦਿੱਤਾ ਜਾਵੇ।
ਗੁਰੂ ਜੀ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਸਭ ਕੁਝ ਉਸ ਪਰਮਾਤਮਾ ਦੇ ਹੁਕਮ ਅਨੁਸਾਰ ਹੋ ਰਿਹਾ ਹੈ। ਤੁਸੀਂ ਫ਼ਿਕਰ ਨਾ ਕਰੋ। ਪਰਮਾਤਮਾ ਉਨ੍ਹਾਂ ਨੂੰ ਜ਼ਰੂਰ ਸਜ਼ਾ ਦੇਵੇਗਾ।
ਜ਼ਾਲਮ ਕਾਜ਼ੀ ਨੇ ਭਾਈ ਮਤੀ ਦਾਸ ਜੀ ਅਤੇ ਭਾਈ ਸਤੀ ਦਾਸ ਜੀ ਨੂੰ ਇਸਲਾਮ ਕਬੂਲਣ ਲਈ ਬਥੇਰੇ ਲਾਲਚ ਦਿੱਤੇ, ਪਰ ਉਹ ਆਪਣੇ ਸਿਦਕ ਤੋਂ ਨਾ ਡੋਲੇ।
ਅਖੀਰ ਭਾਈ ਮਤੀ ਦਾਸ ਜੀ ਨੂੰ ਆਰਿਆਂ ਨਾਲ ਦੋਫਾੜ ਕਰ ਦਿੱਤਾ ਗਿਆ ਅਤੇ ਭਾਈ ਸਤੀ ਦਾਸ ਜੀ ਨੂੰ ਰੂੰ ਵਿੱਚ ਲਪੇਟ ਕੇ ਅੱਗ ਲਗਾ ਕੇ ਸ਼ਹੀਦ ਕਰ ਦਿੱਤਾ ਗਿਆ। ਇਨ੍ਹਾਂ ਦੀ ਸ਼ਹੀਦੀ ਨੇ ਸਿੱਖ ਇਤਿਹਾਸ ਵਿੱਚ ਨਵੇਂ ਪੂਰਨੇ ਪਾਏ।