CBSEEducationKavita/ਕਵਿਤਾ/ कविताNCERT class 10thPunjab School Education Board(PSEB)

ਬੰਦੇ ਆਪਿ……….ਮਿਲਣ ਅਸਾਨੁ॥


ਆਪਿ ਨੂੰ ਪਛਾਣੁ : ਸ਼ਾਹ ਹੁਸੈਨ


ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਸਹਿਤ ਵਿਆਖਿਆ ਕਰੋ-

ਬੰਦੇ ਆਪਿ ਨੂੰ ਪਛਾਣੁ ।

ਜੇ ਤੈਂ ਆਪਣਾ ਆਪਿ ਪਛਾਤਾ ।

ਸਾਂਈ ਦਾ ਮਿਲਣ ਅਸਾਨੁ


ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿੱਚ ਦਰਜ ਸ਼ਾਹ ਹੁਸੈਨ ਦੀ ਰਚੀ ਹੋਈ ਕਾਫ਼ੀ ‘ਆਪਿ ਨੂੰ ਪਛਾਣੁ’ ਵਿੱਚੋਂ ਲਿਆ ਗਿਆ ਹੈ। ਇਸ ਕਾਫ਼ੀ ਵਿੱਚ ਕਵੀ ਆਪਣੇ ਸੂਫ਼ੀ ਵਿਚਾਰਾਂ ਨੂੰ ਅੰਕਿਤ ਕਰਦਾ ਹੋਇਆ ਮਨੁੱਖ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਅਤੇ ਮੌਤ ਤੇ ਕਬਰ ਦਾ ਡਰ ਦਿੰਦਿਆਂ ਸੰਸਾਰਿਕ ਪਦਾਰਥਾਂ ਦੇ ਅਡੰਬਰਾਂ ਦਾ ਹੰਕਾਰ ਤਿਆਗਣ ਲਈ ਕਹਿੰਦਾ ਹੈ। ਇਨ੍ਹਾਂ ਸਤਰਾਂ ਵਿੱਚ ਸ਼ਾਹ ਹੁਸੈਨ ਮਨੁੱਖ ਨੂੰ ਪਰਮਾਤਮਾ ਦੇ ਮਿਲਾਪ ਲਈ ਆਪਣੇ ਆਪ ਦੀ ਪਛਾਣ ਕਰਨ ਲਈ ਕਹਿੰਦਾ ਹੈ।

ਵਿਆਖਿਆ : ਹੇ ਮਨੁੱਖ ! ਤੂੰ ਆਪਣੇ ਆਪ ਦੀ ਪਛਾਣ ਕਰ। ਤੇਰੀ ਆਪਣੀ ਹਸਤੀ ਕੁੱਝ ਵੀ ਨਹੀਂ, ਜਿਸ ਦਾ ਤੂੰ ਹੰਕਾਰ ਕਰਦਾ ਹੈਂ। ਤੇਰਾ ਆਪਾ ਇਸ ਸ੍ਰਿਸ਼ਟੀ ਦਾ ਇਕ ਅੰਗ ਹੈ, ਜੋ ਕਿ ਪਰਮਾਤਮਾ ਦੇ ਆਪੇ ਦਾ ਪਸਾਰਾ ਹੈ । ਇਸ ਪ੍ਰਕਾਰ ਤੇਰਾ ਆਪਾ ਪਰਮਾਤਮਾ ਨਾਲ ਇਕਮਿਕ ਹੈ ਤੇ ਇਹ ਉਸੇ ਦਾ ਹੀ ਸਰੂਪ ਹੈ। ਜੇਕਰ ਤੂੰ ਆਪਣੇ ਆਪੇ ਦੀ ਇਸ ਹਕੀਕਤ ਨੂੰ ਪਛਾਣ ਲਵੇਂਗਾ, ਤਾਂ ਤੇਰੇ ਲਈ ਮਾਲਕ-ਪ੍ਰਭੂ ਨੂੰ ਮਿਲਣਾ ਸੌਖਾ ਹੋ ਜਾਵੇਗਾ ਅਰਥਾਤ ਤੈਨੂੰ ਉਸ ਦੇ ਆਪਣੇ ਅੰਦਰੋਂ ਹੀ ਦੀਦਾਰ ਹੋ ਜਾਣਗੇ ਤੇ ਤੇਰੀ ਭਟਕਣਾ ਖ਼ਤਮ ਹੋ ਜਾਵੇਗੀ। ਤੈਨੂੰ ਆਪਣਾ ਆਪਾ ਪ੍ਰਭੂ ਨਾਲ ਇਕਮਿਕ ਹੋਇਆ ਪ੍ਰਤੀਤ ਹੋਵੇਗਾ।