‘ਬੰਦੀ ਛੋੜ ਬਾਬਾ’
ਪ੍ਰਸ਼ਨ. ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਕਿਉਂ ਕਿਹਾ ਜਾਂਦਾ ਹੈ?
ਉੱਤਰ : 1605 ਈ. ਵਿੱਚ ਮੁਗ਼ਲ ਸਮਰਾਟ ਜਹਾਂਗੀਰ ਦੇ ਸਿੰਘਾਸਨ ‘ਤੇ ਬੈਠਣ ਦੇ ਨਾਲ ਹੀ ਮੁਗ਼ਲ-ਸਿੱਖ ਸੰਬੰਧਾਂ ਵਿੱਚ ਇੱਕ ਨਵਾਂ ਮੋੜ ਆਇਆ। ਜਹਾਂਗੀਰ ਬੜਾ ਕੱਟੜ ਸੁੰਨੀ ਮੁਸਲਮਾਨ ਸੀ। ਸਿੰਘਾਸਨ ‘ਤੇ ਬੈਠਣ ਦੇ ਛੇਤੀ ਪਿੱਛੋਂ ਉਸ ਨੇ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾ ਦਿੱਤਾ ਸੀ। ਇਸ ਕਾਰਨ ਮੁਗ਼ਲ-ਸਿੱਖ ਸੰਬੰਧਾਂ ਵਿੱਚ ਤਣਾਓ ਪੈਦਾ ਹੋ ਗਿਆ।
ਮੁਗ਼ਲ ਅੱਤਿਆਚਾਰਾਂ ਦਾ ਮੁਕਾਬਲਾ ਕਰਨ ਦੇ ਉਦੇਸ਼ ਨਾਲ ਗੁਰੂ ਹਰਿਗੋਬਿੰਦ ਜੀ ਨੇ ਨਵੀਂ ਨੀਤੀ ਧਾਰਨ ਕੀਤੀ। ਉਨ੍ਹਾਂ ਨੇ ਆਪਣੀ ਯੋਗਤਾ ਅਨੁਸਾਰ ਕੁਝ ਸੈਨਾ ਵੀ ਰੱਖ ਲਈ। ਜਹਾਂਗੀਰ ਭਲਾ ਇਸ ਨੂੰ ਕਿਵੇਂ ਸਹਿਣ ਕਰਦਾ। ਇਸ ਤੋਂ ਇਲਾਵਾ ਚੰਦੂ ਸ਼ਾਹ ਨੇ ਵੀ ਗੁਰੂ ਹਰਿਗੋਬਿੰਦ ਜੀ ਵਿਰੁੱਧ ਕਾਰਵਾਈ ਕਰਨ ਲਈ ਜਹਾਂਗੀਰ ਦੇ ਕੰਨਾਂ ਵਿੱਚ ਜ਼ਹਿਰ ਘੋਲਿਆ।
ਸਿੱਟੇ ਵਜੋਂ ਜਹਾਂਗੀਰ ਨੇ ਗੁਰੂ ਹਰਿਗੋਬਿੰਦ ਜੀ ਨੂੰ ਕੈਦੀ ਬਣਾ ਕੇ ਗਵਾਲੀਅਰ ਦੇ ਕਿਲ੍ਹੇ ਵਿੱਚ ਭੇਜ ਦਿੱਤਾ। ਗੁਰੂ ਸਾਹਿਬ ਗਵਾਲੀਅਰ ਦੇ ਕਿਲ੍ਹੇ ਵਿੱਚ ਕਿੰਨਾਂ ਸਮਾਂ ਕੈਦ ਰਹੇ ਇਸ ਸੰਬੰਧੀ ਇਤਿਹਾਸਕਾਰਾਂ ਵਿੱਚ ਮਤਭੇਦ ਹਨ। ਭਾਈ ਜੇਠਾ ਜੀ ਅਤੇ ਸੂਫ਼ੀ ਸੰਤ ਮੀਆਂ ਮੀਰ ਜੀ ਦੇ ਕਹਿਣ ‘ਤੇ ਜਹਾਂਗੀਰ ਨੇ ਗੁਰੂ ਜੀ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ।
ਜਹਾਂਗੀਰ ਨੇ ਗਵਾਲੀਅਰ ਦੇ ਕਿਲ੍ਹੇ ਵਿੱਚ 52 ਰਾਜਿਆਂ ਨੂੰ ਵੀ ਰਾਜਨੀਤਿਕ ਕਾਰਨਾਂ ਕਰਕੇ ਕੈਦੀ ਬਣਾ ਕੇ ਰੱਖਿਆ ਗਿਆ ਸੀ। ਇਹ ਰਾਜੇ ਗੁਰੂ ਹਰਿਗੋਬਿੰਦ ਜੀ ਦੀ ਸ਼ਖ਼ਸੀਅਤ ਤੋਂ ਬਹੁਤ ਪ੍ਰਭਾਵਿਤ ਹੋਏ। ਗੁਰੂ ਸਾਹਿਬ ਦੇ ਹੁੰਦਿਆਂ ਉਨ੍ਹਾਂ ਨੂੰ ਆਪਣੀ ਦੁੱਖ-ਤਕਲੀਫ਼ ਦਾ ਕੋਈ ਅਹਿਸਾਸ ਨਾ ਰਿਹਾ। ਪਰ ਜਦੋਂ ਜਹਾਂਗੀਰ ਨੇ ਗੁਰੂ ਸਾਹਿਬ ਨੂੰ ਰਿਹਾਅ ਕਰਨ ਦਾ ਫੈਸਲਾ ਕੀਤਾ ਤਾਂ ਇਹ ਰਾਜੇ ਗੁਰੂ ਸਾਹਿਬ ਦੇ ਵਿਯੋਗ ਦੀ ਕਲਪਨਾ ਮਾਤਰ ਨਾਲ ਹੀ ਤੜਫ ਉੱਠੇ। ਗੁਰੂ ਸਾਹਿਬ ਨੂੰ ਵੀ ਇਨ੍ਹਾਂ ਰਾਜਿਆਂ ਨਾਲ ਕਾਫ਼ੀ ਹਮਦਰਦੀ ਹੋ ਗਈ ਸੀ। ਇਸ ਲਈ ਗੁਰੂ ਸਾਹਿਬ ਨੇ ਜਹਾਂਗੀਰ ਨੂੰ ਇਹ ਸੁਨੇਹਾ ਭੇਜਿਆ ਕਿ ਉਹ ਤਦ ਤਕ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਰਿਹਾਅ ਨਹੀਂ ਹੋਣਗੇ ਜਦੋਂ ਤਕ ਉਸ ਕਿਲ੍ਹੇ ਵਿੱਚ ਬੰਦੀ 52 ਹੋਰ ਰਾਜਿਆਂ ਨੂੰ ਵੀ ਰਿਹਾਅ ਨਹੀਂ ਕਰ ਦਿੱਤਾ ਜਾਂਦਾ।
ਸਿੱਟੇ ਵਜੋਂ ਜਹਾਂਗੀਰ ਨੂੰ ਇਨ੍ਹਾਂ 52 ਰਾਜਿਆਂ ਨੂੰ ਵੀ ਰਿਹਾਅ ਕਰਨ ਦਾ ਆਦੇਸ਼ ਦੇਣਾ ਪਿਆ। ਇਸ ਕਾਰਨ ਗੁਰੂ ਹਰਿਗੋਬਿੰਦ ਜੀ ਨੂੰ ‘ਬੰਦੀ ਛੋੜ ਬਾਬਾ’ ਦੇ ਨਾਲ ਯਾਦ ਕੀਤਾ ਜਾਂਦਾ ਹੈ।