ਬੋਲੀ : ਵੱਡੇ ਉੱਤਰਾਂ ਵਾਲੇ ਪ੍ਰਸ਼ਨ


ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਬੋਲੀ – ਸ. ਗੁਰਬਖ਼ਸ਼ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)


ਪ੍ਰਸ਼ਨ 1. ‘ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ।’ ਇਸ ਕਥਨ ਤੋਂ ਲੇਖਕ ਦਾ ਕੀ ਭਾਵ ਹੈ?

ਉੱਤਰ : ‘ਬੋਲੀ’ ਨਾਂ ਦੇ ਲੇਖ ਵਿੱਚ ਗੁਰਬਖ਼ਸ਼ ਸਿੰਘ ਨੇ ਬੋਲੀ ਨੂੰ ‘ਮਨੁੱਖ ਦੀ ਆਤਮਾ ਦਾ ਚਿੱਤਰ’ ਕਿਹਾ ਹੈ। ਇਸ ਤੋਂ ਮਨੁੱਖ ਦੀ ਆਤਮਾ ਦਾ ਵਧੀਆ ਜਾਂ ਘਟੀਆ ਹੋਣਾ ਦਿਖਾਈ ਦਿੰਦਾ ਹੈ। ਇਸ ਪ੍ਰਸੰਗ ਵਿੱਚ ਲੇਖਕ ਇੱਕ ਉਦਾਹਰਨ ਦਿੰਦਾ ਹੈ। ਜਿਹੜਾ ਮਨੁੱਖ ਬੋਲਿਆ ਨਹੀਂ ਉਹ ਇਸ ਤਰ੍ਹਾਂ ਹੈ ਜਿਵੇਂ ਕਿਸੇ ਮਕਾਨ ਦੇ ਬੂਹੇ ਬੰਦ ਹੋਣ। ਅਸੀਂ ਅਜਿਹੇ ਮਕਾਨ ਦੇ ਅੰਦਰ ਝਾਤੀ ਮਾਰ ਕੇ ਨਹੀਂ ਦੇਖ ਸਕਦੇ। ਬੋਲਦਾ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਮਕਾਨ ਦੇ ਬੂਹੇ ਖੋਲ੍ਹ ਕੇ ਅੰਦਰ ਝਾਤੀ ਪੁਆ ਦਿੱਤੀ ਹੋਵੇ। ਇਸ ਉਦਾਹਰਨ ਰਾਹੀਂ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਬੋਲੀ ਹੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਬੋਲੀ ਰਾਹੀਂ ਹੀ ਅਸੀਂ ਮਨੁੱਖ ਦੀ ਆਤਮਾ ਤੱਕ ਪਹੁੰਚ ਸਕਦੇ ਹਾਂ।

ਪ੍ਰਸ਼ਨ 2. ਵੱਡਿਆਂ ਨੂੰ ਬੱਚਿਆਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਕਿਉਂ ਦੇਣਾ ਚਾਹੀਦਾ ਹੈ?

ਉੱਤਰ : ‘ਬੋਲੀ’ ਦਾ ਖ਼ਜ਼ਾਨਾ ਬਚਪਨ ਦੇ ਆਲੇ-ਦੁਆਲੇ ਵਿੱਚੋਂ ਇਕੱਠਾ ਹੋਣਾ ਸ਼ੁਰੂ ਹੁੰਦਾ ਹੈ। ਜਿਹੜੇ ਸ਼ਬਦ ਬਚਪਨ ਵਿੱਚ ਸਾਡੇ ਮਨ ‘ਤੇ ਚਿਤਰੇ ਜਾਂਦੇ ਹਨ ਉਹ ਸਾਨੂੰ ਭੁੱਲਦੇ ਨਹੀਂ ਅਤੇ ਮੁਹਰ ਵਰਗਾ ਕੰਮ ਦਿੰਦੇ ਹਨ। ਇੱਕ-ਇੱਕ ਮੁਹਰ ਨੂੰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾ ਲੈਂਦੇ ਹਾਂ। ਜਿੱਥੇ ਸਾਡਾ ਬਚਪਨ ਬੀਤਦਾ ਹੈ ਉਹ ਥਾਂ ਮੁਹਰਾਂ ਦੀ ਖਾਣ ਹੈ। ਸਾਡੀ ਅਮੀਰੀ ਦਾ ਨਿਰਭਰ ਪਹਿਲਾਂ ਇਸ ਖਾਣ ‘ਤੇ ਹੀ ਹੁੰਦਾ ਹੈ। ਇਸ ਲਈ ਵੱਡਿਆਂ ਨੂੰ ਬੱਚਿਆਂ ਦੀ ਭਾਸ਼ਾਈ ਅਮੀਰੀ ਵੱਲ ਅਥਵਾ ਉਹਨਾਂ ਦੀ ਬੋਲੀ ਵੱਲ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਹੈ।

ਪ੍ਰਸ਼ਨ 3. ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਕੀ ਮਹੱਤਵ ਹੈ?

ਉੱਤਰ : ਸਾਡੇ ਰੋਜ਼ਾਨਾ ਜੀਵਨ ਵਿੱਚ ਬੋਲੀ ਦਾ ਬਹੁਤ ਮਹੱਤਵ ਹੈ। ਇਸ ਰਾਹੀਂ ਹੀ ਅਸੀਂ ਆਪਣੇ ਦਿਲ ਦੀ ਗੱਲ ਪ੍ਰਗਟ ਕਰ ਸਕਦੇ ਹਾਂ। ਬੋਲੀ ਨੂੰ ਮਨੁੱਖ ਦੀ ਆਤਮਾ ਦਾ ਚਿੱਤਰ ਕਿਹਾ ਗਿਆ ਹੈ। ਬੋਲੀ ਇੱਕ ਅਜਿਹੀ ਦੌਲਤ ਹੈ ਜਿਸ ਦੀ ਸਾਨੂੰ ਰੋਜ਼ਾਨਾ ਜੀਵਨ ਵਿੱਚ ਜ਼ਰੂਰਤ ਪੈਂਦੀ ਹੈ। ਸ਼ਬਦ ਸਿੱਕੇ ਤੇ ਨੋਟਾਂ ਦੀ ਤਰ੍ਹਾਂ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਜਿਹੜੇ ਲੋਕ ਸ਼ਬਦ ਰੂਪੀ ਸਿੱਕਿਆਂ ਵੱਲ ਧਿਆਨ ਨਹੀਂ ਦਿੰਦੇ ਉਹ ਜੀਵਨ ਵਿੱਚ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ। ਬੋਲੀ ਸਾਡੀ ਸਫਲਤਾ ਦੀ ਕੁੰਜੀ ਹੈ। ਇਹ ਬਹੁਤ ਮਹਿੰਗੀ ਤੇ ਪਿਆਰੀ ਵਿਰਾਸਤ ਹੈ। ਇਸ ਲਈ ਸਾਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਇਸ ਦੇ ਮਹੱਤਵ ਨੂੰ ਸਮਝਣਾ ਚਾਹੀਦਾ ਹੈ।

ਪ੍ਰਸ਼ਨ 4. “ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ”। ਇਸ ਕਥਨ ਦੀ ਵਿਆਖਿਆ ਕਰੋ।

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਦੱਸਦਾ ਹੈ ਕਿ ਜਿਸ ਤਰ੍ਹਾਂ ਕਿਸੇ ਸਿੱਕੇ ਉੱਤੇ ਲੱਗੀ ਮੁਹਰ ਆਪ ਦੌਲਤ ਨਹੀਂ ਸਗੋਂ ਸਿਰਫ਼ ਦੌਲਤ ਦੀ ਭਰੋਸੇਯੋਗ ਨਿਸ਼ਾਨੀ ਹੁੰਦੀ ਹੈ ਉਸੇ ਤਰ੍ਹਾਂ ਸ਼ਬਦ ਵੀ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ। ਜੇਕਰ ਸਾਡੇ ਦਿਲ ਵਿੱਚ ਦੋਸਤੀਆਂ, ਪਿਆਰਾਂ, ਕੁਰਬਾਨੀਆਂ, ਗੀਤਾਂ, ਕਹਾਣੀਆਂ, ਹੰਝੂਆਂ, ਹਾਸਿਆਂ ਤੇ ਕੁਦਰਤ ਦੀਆਂ ਛੋਹਾਂ ਦੀ ਦੌਲਤ ਅਮੁੱਕ ਹੈ ਤਾਂ ਫਿਰ ਮਨੁੱਖੀ ਕੁੱਖ ਵਿੱਚੋਂ ਅਜਿਹਾ ਕੋਈ ਨਹੀਂ ਜਨਮਿਆ ਜਿਹੜਾ ਜੱਫੀਆਂ ਪਾਉਂਦੇ ਸ਼ਬਦਾਂ ਦੀ ਛਣ-ਛਣ ਤੋਂ ਕੁਰਬਾਨ ਹੋਣੋਂ ਰੁਕ ਸਕੇ। ਇਸ ਤਰ੍ਹਾਂ ਲਫ਼ਜ਼ ਵੀ ਦਿਲ ਦੀ ਦੌਲਤ ਦੀਆਂ ਮੁਹਰਾਂ ਹੁੰਦੇ ਹਨ।

ਪ੍ਰਸ਼ਨ 5. “ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਲਫ਼ਜ਼ ਚੁਣਦੀ ਹੈ।” ਇਸ ਕਥਨ ਦੀ ਪੁਸ਼ਟੀ ਕਰੋ।

ਉੱਤਰ : ‘ਬੋਲੀ’ ਨਾਂ ਦੇ ਲੇਖ ਵਿੱਚ ਲੇਖਕ (ਗੁਰਬਖ਼ਸ਼ ਸਿੰਘ) ਦੱਸਦਾ ਹੈ ਕਿ ਬੋਲੀ ਜ਼ਿੰਦਗੀ ਦੀ ਅਮੀਰੀ ਵਿੱਚੋਂ ਆਪਣੇ ਸ਼ਬਦਾਂ ਦੀ ਚੋਣ ਕਰਦੀ ਹੈ। ਇਸੇ ਲਈ ਹੀ ਬੋਲੀ ਨੂੰ ਅਸਲੀ ਅਮੀਰੀ ਦਾ ਠੀਕ ਮੈਚਾ ਮੰਨਿਆ ਜਾਂਦਾ ਹੈ। ਹਰ ਸ਼ਬਦ ਕਿਸੇ ਤਜਰਬੇ ਦਾ ਹਿੱਸਾ ਹੁੰਦਾ ਹੈ ਅਤੇ ਹਰ ਤਜਰਬਾ ਕਿਸੇ ਅਕਲ ਦਾ ਹਿੱਸਾ ਹੁੰਦਾ ਹੈ। ਅਕਲ ਜ਼ਿੰਦਗੀ ਦਾ ਅਸਲ ਸੋਨਾ ਹੈ ਜਿਸ ਦੀ ਲਿਸ਼ਕ ਤੋਂ ਵਾਂਝੇ ਸਡੋਲ ਨਕਸ਼ ਵੀ ਦਿਲਾਂ ਵਿੱਚ ਕੋਈ ਖਿੱਚ ਨਹੀਂ ਪਾਉਂਦੇ। ਤਜਰਬਾ ਸਾਡੀ ਦੋਲਤ ਹੈ ਅਤੇ ਇਹ ਦੌਲਤ ਜ਼ਿੰਦਗੀ ਨੂੰ ਅਮੀਰ ਬਣਾਉਂਦੀ ਹੈ। ਜ਼ਿੰਦਗੀ ਦੀ ਇਸੇ ਅਮੀਰੀ ਵਿੱਚੋਂ ਹੀ ਬੋਲੀ ਆਪਣੇ ਸ਼ਬਦਾਂ ਦੀ ਚੋਣ ਕਰਦੀ ਹੈ।

ਪ੍ਰਸ਼ਨ 6. ਬਚਪਨ ‘ਚ ਬੋਲੀ ਦਾ ਖ਼ਜ਼ਾਨਾ ਸਾਨੂੰ ਕਿਵੇਂ ਅਮੀਰ ਬਣਾ ਸਕਦਾ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੁਗਿਰਦੇ/ਆਲ਼ੇ-ਦੁਆਲ਼ੇ ਵਿੱਚੋਂ ਇਕੱਠਾ ਹੋਣਾ/ ਜੁੜਨਾ ਸ਼ੁਰੂ ਹੁੰਦਾ ਹੈ। ਜਿਹੜੇ ਸ਼ਬਦ ਬਚਪਨ ਵਿੱਚ ਸਾਡੇ ਮਨ ‘ਤੇ ਚਿਤਰੇ ਜਾਂਦੇ ਹਨ ਉਹ ਸਾਨੂੰ ਭੁੱਲਦੇ ਨਹੀਂ ਅਤੇ ਮੁਹਰ ਵਰਗਾ ਕੰਮ ਦਿੰਦੇ ਹਨ। ਇੱਕ-ਇੱਕ ਮੁਹਰ ਨੂੰ ਅਸੀਂ ਅਨੇਕਾਂ ਨਿੱਕੇ ਸਿੱਕਿਆਂ ਵਿੱਚ ਵਟਾ ਲੈਂਦੇ ਹਾਂ। ਇਸ ਤਰ੍ਹਾਂ ਸਾਡੇ ਖ਼ਜ਼ਾਨੇ ਦੀਆਂ ਪੇਟੀਆਂ ਛਣਕਣ ਲੱਗ ਪੈਂਦੀਆਂ ਹਨ। ਬਚਪਨ ਵਿੱਚ ਹੀ ਉਹ ਮੁਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਭਨਾ-ਭਨਾ ਕੇ ਅਸੀਂ ਆਪਣੀ ਜਵਾਨੀ ਅਤੇ ਬੁਢਾਪੇ ਦਾ ਔਖਾ ਜਾਂ ਸੌਖਾ ਝੱਟ ਲੰਘਾਉਂਦੇ ਹਾਂ। ਇਸ ਤਰ੍ਹਾਂ ਬਚਪਨ ਵਿੱਚ ਬੋਲੀ ਦਾ ਖ਼ਜ਼ਾਨਾ ਸਾਨੂੰ ਅਮੀਰ ਬਣਾ ਸਕਦਾ ਹੈ।

ਪ੍ਰਸ਼ਨ 7. ਮਨੁੱਖੀ ਸ਼ਖ਼ਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਕੀ ਦੇਣ ਹੈ?

ਉੱਤਰ : ਮਨੁੱਖੀ ਸ਼ਖ਼ਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਮਹੱਤਵਪੂਰਨ ਦੇਣ ਹੈ। ਬੋਲੀ ਨਾਲੋਂ ਜ਼ਿਆਦਾ ਧਿਆਨ ਮੰਗਣ ਵਾਲੀ ਜ਼ਿੰਦਗੀ ਦੀ ਕੋਈ ਹੋਰ ਦੌਲਤ ਨਹੀਂ। ਤਜਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ। ਸ਼ਬਦ ਇਸ ਦੌਲਤ ਦੇ ਸਿੱਕੇ ਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਜ਼ਿੰਦਗੀ ਦੀ ਦੌਲਤ ਤੋਂ ਬਿਨਾਂ ਸ਼ਬਦ ਨਕਾਰੇ/ਨਿਕੰਮੇ ਹੁੰਦੇ ਹਨ ਅਤੇ ਸ਼ਬਦਾਂ ਤੋਂ ਬਿਨਾਂ ਇਹ ਦੌਲਤ ਅਣਵਰਤੀ ਪਈ ਰਹੇਗੀ। ਇਸ ਲਈ ਲੇਖਕ ਕਹਿੰਦਾ ਹੈ ਕਿ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿੱਚ ਵਾਧੇ ਦੀ ਚਾਹ ਕੀਤੀ ਜਾਵੇ। ਅਸਲੀ ਤਜਰਬੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਅਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ। ਇਸ ਲਈ ਅਨੇਕਾਂ ਮਨੁੱਖੀ ਸ਼ਖ਼ਸੀਅਤ ਲਈ ਤਜਰਬੇ ਦੇ ਮੌਕਿਆਂ ਦੀ ਵਿਸ਼ੇਸ਼ ਦੇਣ ਹੈ।

ਪ੍ਰਸ਼ਨ 8. ਅਣਬੋਲੇ ਅਤੇ ਬੋਲੇ/ਬੋਲਦੇ ਮਨੁੱਖ ਬਾਰੇ ਗੁਰਬਖ਼ਸ਼ ਸਿੰਘ ਨੇ ਕੀ ਕਿਹਾ ਹੈ?

ਉੱਤਰ : ‘ਬੋਲੀ’ ਨਾਂ ਦੇ ਆਪਣੇ ਲੇਖ ਵਿੱਚ ਗੁਰਬਖ਼ਸ਼ ਸਿੰਘ ਨੇ ਕਿਹਾ ਹੈ ਕਿ ਅਣਬੋਲਿਆ ਮਨੁੱਖ (ਜਿਸ ਦਾ ਮੂੰਹ ਬੰਦ ਹੈ) ਇਸ ਤਰ੍ਹਾਂ ਹੈ ਜਿਵੇਂ ਕੋਈ ਬੰਦ ਬੂਹਿਆਂ ਵਾਲਾ ਮਕਾਨ ਹੋਵੇ ਭਾਵ ਉਸ ਦਾ ਅੰਦਰਲਾ ਹਿੱਸਾ ਦਿਖਾਈ ਨਾ ਦਿੰਦਾ ਹੋਵੇ । ਬੋਲਦਾ ਮਨੁੱਖ ਇਸ ਤਰ੍ਹਾਂ ਹੈ ਜਿਵੇਂ ਕਿਸੇ ਨੇ ਮਕਾਨ ਦੇ ਬੂਹੇ ਖੋਲ੍ਹ ਕੇ ਅੰਦਰ ਝਾਤੀ ਪੁਆ ਦਿੱਤੀ ਹੋਵੇ। ਲੇਖਕ ਅਨੁਸਾਰ ਕਈ ਮਕਾਨਾਂ ਦਾ ਅੰਦਰਲਾ ਹਿੱਸਾ ਉਹਨਾਂ ਦੀ ਬਾਹਰਲੀ ਬਣਤਰ ਤੋਂ ਬਹੁਤ ਹੀ ਸੋਹਣਾ ਅਤੇ ਬਹੁਤ ਹੀ ਸੁੱਖ ਦੇਣ ਵਾਲਾ ਹੁੰਦਾ ਹੈ। ਇਸ ਤਰ੍ਹਾਂ ਲੇਖਕ ਇਹ ਦੱਸਣਾ ਚਾਹੁੰਦਾ ਹੈ ਕਿ ਮਨੁੱਖ ਦੀ ਬੋਲੀ ਤੋਂ ਹੀ ਉਸ ਦੀ ਅੰਦਰਲੀ ਸੁੰਦਰਤਾ ਦੇਖੀ ਜਾ ਸਕਦੀ ਹੈ।

ਪ੍ਰਸ਼ਨ 9. “ਓ ਸੋਹਣਿਆਂ ! ਬੋਲ ਖਾਂ ! ਵੇਖਾਂ ! ਅੰਦਰੋਂ ਤੂੰ ਏਦੂੰ ਵੀ ਸੋਹਣਾ ਹੋਵੇਂਗਾ !” ਇਹ ਸ਼ਬਦ ਕਿਸ ਨੇ ਕਿਸ ਨੂੰ ਕਹੇ? ਇਹਨਾਂ ਸ਼ਬਦਾਂ ਦੀ ਵਿਆਖਿਆ ਵੀ ਕਰੋ।

ਉੱਤਰ : ‘ਬੋਲੀ’ (ਗੁਰਬਖ਼ਸ਼ ਸਿੰਘ) ਨਾਂ ਦੇ ਲੇਖ/ਨਿਬੰਧ ਦੇ ਇਹ ਸ਼ਬਦ ਕਿਸੇ ਸੁਹਜ-ਭੁੱਖੇ ਸਿਆਣੇ ਨੇ ਸੋਹਣੇ ਮੂੰਹ ਵਾਲ਼ੇ ਰਾਹੀ ਨੂੰ ਦੇਖ ਕੇ ਇਸ ਲਈ ਕਹੇ ਤਾਂ ਜੋ ਉਹ ਉਸ ਨੂੰ ਬੋਲਦਿਆਂ ਸੁਣ ਸਕੇ। ਇਸੇ ਲਈ ਉਹ ਸੋਹਣੇ ਮੂੰਹ ਵਾਲ਼ੇ ਰਾਹੀ ਨੂੰ ਸੰਬੋਧਨ ਕਰਦਿਆਂ (ਓ ਸੋਹਣਿਆਂ) ਉਸ ਨੂੰ ਕਹਿੰਦਾ ਹੈ ਕਿ ਉਹ ਬੋਲੇ ਤਾਂ ਜੋ ਇਹ ਦੇਖਿਆ ਜਾ ਸਕੇ ਕਿ ਉਹ ਅੰਦਰੋਂ ਕਿੰਨਾ ਸੋਹਣਾ ਹੈ।

ਪ੍ਰਸ਼ਨ 10. ਅੰਨ੍ਹੇ ਅਤੇ ਗੂੰਗੇ ਦੀ ਉਦਾਹਰਨ ਰਾਹੀਂ ਗੁਰਬਖ਼ਸ਼ ਸਿੰਘ ਨੇ ਕੀ ਕਹਿਣਾ ਚਾਹਿਆ ਹੈ?

ਉੱਤਰ : ਲੇਖਕ ਅਨੁਸਾਰ ਅੰਨ੍ਹੇ ਵਿਅਕਤੀ ਆਮ ਤੌਰ ‘ਤੇ ਸਮਝਦਾਰ ਅਤੇ ਦਿਲਚਸਪ ਹੁੰਦੇ ਹਨ ਪਰ ਗੂੰਗਿਆਂ ਵਿੱਚੋਂ ਕੋਈ-ਕੋਈ ਵਿਅਕਤੀ ਹੀ ਦਿਲਚਸਪੀ ਜਗਾਉਂਦਾ ਹੈ। ਅਜਿਹਾ ਇਸ ਲਈ ਹੈ ਕਿਉਂਕਿ ਅਸੀਂ ਬੋਲੀ ਤੋਂ ਹੀ ਮਨੁੱਖੀ ਅਮੀਰੀ ਦਾ ਮੇਚਾ ਲੈ ਸਕਦੇ ਹਾਂ। ਬੋਲੀ ਹੀ ਇਹ ਦੱਸਦੀ ਹੈ ਕਿ ਬੋਲਣ ਵਾਲ਼ੇ ਨੇ ਕੀ ਕੁਝ ਆਪਣਾ ਬਣਾਇਆ ਹੈ। ਜੇਕਰ ਉਸ ਅੰਦਰ ਬਹੁਤ ਕੁਝ ਹੈ ਤਾਂ ਉਸ ਦੀ ਬੋਲੀ ਫੁੱਲਾਂ-ਫਲਾਂ ਲੱਦੇ ਬਾਗ਼ ਵਿੱਚੋਂ ਆਈ ਮਹਿਕਦੀ ਹਵਾ ਵਰਗੀ ਹੁੰਦੀ ਹੈ। ਜਿਸ ਵਿਅਕਤੀ ਅੰਦਰ ਬਹੁਤਾ ਕੁਝ ਨਹੀਂ, ਉਸ ਦੀ ਬੋਲੀ ਰੜੇ ਮਾਰੂਥਲ ਵਿੱਚੋਂ ਰੁੱਖੀ ਤਪਦੀ ਆਈ ਹਵਾ ਸਮਾਨ ਹੁੰਦੀ ਹੈ। ਇਸ ਤਰ੍ਹਾਂ ਲੇਖਕ ਨੇ ਇਹ ਦੱਸਣਾ ਚਾਹਿਆ ਹੈ ਕਿ ਬੋਲੀ ਤੋਂ ਹੀ ਮਨੁੱਖੀ ਅਮੀਰੀ ਦਾ ਮੇਚਾ ਲਿਆ ਜਾ ਸਕਦਾ ਹੈ।

ਪ੍ਰਸ਼ਨ 11. ਆਪਣੀ ਬੋਲੀ/ਮਾਂ-ਬੋਲੀ ਦੇ ਪ੍ਰਸੰਗ ਵਿੱਚ ਲੇਖਕ ਵਿੱਚ ਉੱਤਰ ਦਿਓ। ਕਿਨ੍ਹਾਂ ਵਿਅਕਤੀਆਂ ਨੂੰ ਬਹੁਤ ਅਭਾਗੇ ਮੰਨਦਾ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਆਪਣੀ ਬੋਲੀ/ਮਾਂ-ਬੋਲੀ ਦੇ ਪ੍ਰਸੰਗ ਵਿੱਚ ਲੇਖਕ ਕਹਿੰਦਾ ਹੈ ਕਿ ਸਾਡੀ ਬੋਲੀ ਉਹ ਹੈ ਜਿਹੜੀ ਅਸੀਂ ਬਚਪਨ ਵਿੱਚ ਬੋਲਦੇ ਹਾਂ ਅਤੇ ਜਿਹੜੀ ਬੋਲੀ ਸਾਡੀ ਮਾਂ ਬੋਲਦੀ ਹੈ। ਲੇਖਕ ਉਹਨਾਂ ਵਿਅਕਤੀਆਂ ਨੂੰ ਬਹੁਤ ਅਭਾਗੇ ਆਖਦਾ ਹੈ ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਤੋਂ ਬਿਨਾਂ ਕੋਈ ਹੋਰ ਬੋਲੀ ਅਪਣਾਉਣੀ ਪੈਂਦੀ ਹੈ। ਨਿਸ਼ਚਿਤ ਹੈ ਕਿ ਮਨੁੱਖ ਦੀ ਸ਼ਖ਼ਸੀਅਤ ਦਾ ਵਿਕਾਸ ਉਸ ਦੀ ਮਾਂ-ਬੋਲੀ ਤੋਂ ਬਿਨਾਂ ਕਿਸੇ ਹੋਰ ਬੋਲੀ ਵਿੱਚ ਨਹੀਂ ਹੋ ਸਕਦਾ।

ਪ੍ਰਸ਼ਨ 12. ਕਿਹੜੇ ਲੋਕ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ?

ਉੱਤਰ : ‘ਬੋਲੀ’ ਨਾਂ ਦੇ ਲੇਖ/ਨਿਬੰਧ ਵਿੱਚ ਲੇਖਕ (ਗੁਰਬਖ਼ਸ਼ ਸਿੰਘ) ਨੇ ਬੋਲੀ ਅਥਵਾ ਸ਼ਬਦਾਂ ਦੇ ਮਹੱਤਵ ਨੂੰ ਪ੍ਰਗਟਾਇਆ ਹੈ। ਸਾਡਾ ਹਰ ਸ਼ਬਦ ਕਿਸੇ ਤਜਰਬੇ ਦਾ ਹਿੱਸਾ ਹੁੰਦਾ ਹੈ। ਲੇਖਕ ਸਾਨੂੰ ਹਰ ਸ਼ਬਦ ਦੇ ਮਾਲਕ ਤੋਂ ਉਹਦੇ ਸ਼ਬਦ ਸਿੱਖਣ ਤੇ ਸੰਭਾਲਣ ਦੀ ਸਿੱਖਿਆ ਦਿੰਦਾ ਹੈ। ਪਰ ਦੁਨੀਆ ਦੇ ਅਨੇਕਾਂ ਲੋਕ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ ਕਿਉਂਕਿ ਉਹਨਾਂ ਨੇ ਆਪਣੇ ਸ਼ਬਦਾਂ ਵੱਲ ਕਦੇ ਧਿਆਨ ਨਹੀਂ ਦਿੱਤਾ। ਇਸ ਤਰ੍ਹਾਂ ਲੇਖਕ ਸਾਨੂੰ ਆਪਣੇ ਸ਼ਬਦਾਂ ਅਥਵਾ ਬੋਲੀ ਪ੍ਰਤੀ ਸੁਚੇਤ ਹੋਣ ਲਈ ਆਖਦਾ ਹੈ ਕਿਉਂਕਿ ਇਸ ਮਾਧਿਅਮ ਰਾਹੀਂ ਹੀ ਅਸੀਂ ਆਪਣਾ ਪੂਰਾ ਮੁੱਲ ਪੁਆ ਸਕਦੇ ਹਾਂ।

ਪ੍ਰਸ਼ਨ 13. ਬੋਲੀ ਸਫਲਤਾ ਦੀ ਕੁੰਜੀ ਕਿਵੇਂ ਹੈ?

ਉੱਤਰ : ਬੋਲੀ ਤੋਂ ਹੀ ਮਨੁੱਖੀ ਸ਼ਖ਼ਸੀਅਤ ਦੇ ਵਧੀਆ ਜਾਂ ਘਟੀਆ ਹੋਣ ਦਾ ਪਤਾ ਲੱਗਦਾ ਹੈ। ਬੋਲੀ ਤੋਂ ਹੀ ਇਹ ਜਾਣਕਾਰੀ ਮਿਲਦੀ ਹੈ ਕਿ ਬੋਲਣ ਵਾਲ਼ੇ ਨੇ ਕੀ ਕੁਝ ਆਪਣਾ ਬਣਾਇਆ ਹੈ। ਜਿਹੜੇ ਲੋਕ ਆਪਣੀ ਬੋਲੀ ਵੱਲ ਧਿਆਨ ਨਹੀਂ ਦਿੰਦੇ ਉਹ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ। ਸਾਡੇ ਕੋਝੇ, ਚੁਭਵੇਂ ਤੇ ਬੇਰਸ ਸ਼ਬਦ ਸਾਡੀ ਸ਼ਖ਼ਸੀਅਤ ਨੂੰ ਬੇਰਸ ਬਣਾ ਦਿੰਦੇ ਹਨ। ਇਸ ਤਰ੍ਹਾਂ ਬੋਲੀ ਸਾਡੀ ਸਫਲਤਾ ਦੀ ਕੁੰਜੀ ਹੈ। ਸਾਨੂੰ ਆਪਣੀ ਬੋਲੀ ਵੱਲ ਪੂਰਾ ਧਿਆਨ ਦੇਣਾ ਚਾਹੀਦਾ ਹੈ।

ਪ੍ਰਸ਼ਨ 14. ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਆਪਣੀ ਬੋਲੀ ਦਾ ਸਤਿਕਾਰ ਕਿਵੇਂ ਕਰਨਾ ਚਾਹੀਦਾ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਸਾਡੀ ਬੋਲੀ ਉਹ ਹੈ ਜਿਹੜੀ ਅਸੀਂ ਬਚਪਨ ਵਿੱਚ ਬੋਲਦੇ ਹਾਂ ਅਤੇ ਜਿਹੜੀ ਬੋਲੀ ਸਾਡੀ ਮਾਂ ਬੋਲਦੀ ਹੈ। ਇਸ ਬੋਲੀ ਨੂੰ  ਉਹ ਬਹੁਤ ਮਹਿੰਗੀ ਅਤੇ ਪਿਆਰੀ ਵਿਰਾਸਤ ਕਹਿੰਦਾ ਹੈ। ਇਸ ਲਈ ਸਾਨੂੰ ਹਰ ਸ਼ਬਦ ਦੇ ਮਾਲਕ ਤੋਂ ਉਹਦੇ ਸ਼ਬਦ ਸਿੱਖਣੇ ਅਤੇ ਸੰਭਾਲਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਾਨੂੰ ਆਪਣੇ ਅੰਦਰ ਸ਼ਬਦਾਂ ਦੀ ਭੁੱਖ ਪੈਦਾ ਕਰਨੀ ਚਾਹੀਦੀ ਹੈ। ਕਿਸੇ ਨੂੰ ਵੀ ਬੋਲੀ ਬਾਰੇ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਇਸ ਬਾਰੇ ਕੋਈ ਮਖੌਲ ਸਹਾਰਨਾ ਚਾਹੀਦਾ ਹੈ। ਇਹ ਸਭ ਕੁਝ ਕਰ ਕੇ ਹੀ ਅਸੀਂ ਆਪਣੀ ਬੋਲੀ ਦਾ ਸਤਿਕਾਰ ਕਰ ਸਕਦੇ ਹਾਂ।

ਪ੍ਰਸ਼ਨ 15. ਬੋਲੀ ਬਾਰੇ ਲੇਖਕ ਦੇ ਕੀ ਵਿਚਾਰ ਹਨ?

ਉੱਤਰ : ਲੇਖਕ ਬੋਲੀ ਦੇ ਮਹੱਤਵ ਬਾਰੇ ਮੌਲਿਕ ਦ੍ਰਿਸ਼ਟੀਕੋਣ ਤੋਂ ਵਿਚਾਰ ਕਰਦਾ ਹੈ। ਬੋਲੀ ਨੂੰ ਉਹ ਮਨੁੱਖ ਦੀ ਆਤਮਾ ਦਾ ਚਿੱਤਰ ਕਹਿੰਦਾ ਹੈ। ਬੋਲੀ ਤੋਂ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਬੋਲੀ ਰੂਪੀ ਖ਼ਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ। ਮਨੁੱਖ ਆਪਣੇ ਬਚਪਨ ਵਿੱਚ ਜਿਹੜੀ ਬੋਲੀ ਬੋਲਦਾ ਹੈ ਅਤੇ ਜਿਹੜੀ ਬੋਲੀ ਸਾਡੀ ਮਾਂ ਬੋਲਦੀ ਹੈ ਉਸ ਨੂੰ ਹੀ ਲੇਖਕ ਆਪਣੀ ਬੋਲੀ ਆਖਦਾ ਹੈ। ਬੋਲੀ ਕੇਵਲ ਸਫਲਤਾ ਦੀ ਕੁੰਜੀ ਹੀ ਨਹੀਂ ਸਗੋਂ ਇਹ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਵੀ ਹੈ। ਬੋਲੀ ਸਾਡੇ ਅਣਹੋਣੇ ਸੁਪਨਿਆਂ ਨੂੰ ਅਸਲੀਅਤ ਦਾ ਰੂਪ ਦਿੰਦੀ ਹੈ। ਬੋਲੀ ਨੂੰ ਲੇਖਕ ਬਹੁਤ ਮਹਿੰਗੀ ਤੇ ਪਿਆਰੀ ਵਿਰਾਸਤ ਆਖਦਾ ਹੈ। ਇਸ ਲਈ ਸਾਨੂੰ ਹਰ ਸ਼ਬਦ ਦੇ ਮਾਲਕ ਤੋਂ ਉਸ ਦੇ ਸ਼ਬਦ ਸਿੱਖਣੇ ਤੇ ਸੰਭਾਲਣੇ ਚਾਹੀਦੇ ਹਨ।

ਪ੍ਰਸ਼ਨ 16. ਗੁਰਬਖ਼ਸ਼ ਸਿੰਘ ਦੇ ਲੇਖ/ਨਿਬੰਧ ‘ਬੋਲੀ’ ਦੇ ਵਿਸ਼ੇ ਬਾਰੇ ਜਾਣਕਾਰੀ ਦਿਓ। ਜਾਂ ‘ਬੋਲੀ’ ਨਾਂ ਦੇ ਲੇਖ/ਨਿਬੰਧ ਵਿੱਚ ਪ੍ਰਗਟ ਹੋਏ ਵਿਚਾਰਾਂ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਬੋਲੀ’ ਨਾਂ ਦੇ ਲੇਖ/ਨਿਬੰਧ ਦਾ ਵਿਸ਼ਾ ਬੋਲੀ ਦੇ ਮਹੱਤਵ ਨਾਲ ਸੰਬੰਧਿਤ ਹੈ। ਬੋਲੀ ਤੋਂ ਹੀ ਕਿਸੇ ਦੀ ਆਤਮਾ ਦੇ ਵਧੀਆ ਜਾਂ ਘਟੀਆ ਹੋਣ ਦਾ ਪਤਾ ਲੱਗਦਾ ਹੈ। ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਹੀ ਜੁੜਨਾ ਸ਼ੁਰੂ ਹੁੰਦਾ ਹੈ। ਮਾਂ-ਬੋਲੀ ਬਾਰੇ ਜਾਣਕਾਰੀ ਦਿੰਦਾ ਲੇਖਕ ਕਹਿੰਦਾ ਹੈ ਕਿ ਸਾਡੀ ਬੋਲੀ ਉਹ ਹੈ ਜੋ ਸਾਡੇ ਬਚਪਨ ਅਤੇ ਸਾਡੀ ਮਾਂ ਦੀ ਬੋਲੀ ਹੈ। ਦੂਸਰੇ ਪਾਸੇ ਤਜਰਬਾ ਜ਼ਿੰਦਗੀ ਦੀ ਦੌਲਤ ਦਾ ਖ਼ਜ਼ਾਨਾ ਹੈ ਜੋ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦਾ ਹੈ। ਦੁਨੀਆ ਦੇ ਅਨੇਕਾਂ ਲੋਕ ਇਸ ਲਈ ਆਪਣਾ ਮੁੱਲ ਨਹੀਂ ਪੁਆ ਸਕਦੇ ਕਿਉਂਕਿ ਉਹਨਾਂ ਆਪਣੇ ਸ਼ਬਦਾਂ ਵੱਲ ਕਦੇ ਧਿਆਨ ਹੀ ਨਹੀਂ ਦਿੱਤਾ। ਲੇਖਕ ਨੇ ਬੋਲੀ ਨੂੰ ਸਫਲਤਾ ਦੀ ਕੁੰਜੀ ਕਿਹਾ ਹੈ।

ਪ੍ਰਸ਼ਨ 17. ‘ਬੋਲੀ’ ਨਾਂ ਦੇ ਲੇਖ/ਨਿਬੰਧ ਦਾ ਉਦੇਸ਼ ਕੀ ਹੈ?

ਜਾਂ

ਪ੍ਰਸ਼ਨ. ‘ਬੋਲੀ” ਨਾਂ ਦੇ ਲੇਖ/ਨਿਬੰਧ ਵਿੱਚ ਲੇਖਕ ਕੀ ਕਹਿਣਾ ਚਾਹੁੰਦਾ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ‘ਬੋਲੀ’ ਨਾਂ ਦੇ ਲੇਖ/ਨਿਬੰਧ ਦਾ ਉਦੇਸ਼ ਮਨੁੱਖੀ ਜੀਵਨ ਵਿੱਚ ਬੋਲੀ ਦੇ ਮਹੱਤਵ ਨੂੰ ਪ੍ਰਗਟਾਉਣਾ ਹੈ। ਲੇਖਕ ਇਹ ਕਹਿਣਾ ਚਾਹੁੰਦਾ ਹੈ ਕਿ ਉਹ ਲੋਕ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ ਜੋ ਆਪਣੇ ਸ਼ਬਦਾਂ ਜਾਂ ਬੋਲੀ ਵੱਲ ਧਿਆਨ ਨਹੀਂ ਦਿੰਦੇ। ਲੇਖਕ ਦਾ ਉਦੇਸ਼ ਇਹ ਦੱਸਣਾ ਵੀ ਹੈ ਕਿ ਬੋਲੀ ਤੋਂ ਹੀ ਮਨੁੱਖ ਦੀ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਸਾਡੀ ਬੋਲੀ ਉਹ ਹੈ ਜੋ ਸਾਡੇ ਬਚਪਨ ਅਤੇ ਸਾਡੀ ਮਾਂ ਦੀ ਬੋਲੀ ਹੈ। ਲੇਖਕ ਦਾ ਉਦੇਸ਼ ਇਹ ਸਿੱਖਿਆ ਦੇਣਾ ਵੀ ਹੈ ਕਿ ਸਾਨੂੰ ਆਪਣੀ ਬੋਲੀ ਪ੍ਰਤੀ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਇਸ ਸੰਬੰਧੀ ਕੋਈ ਮਖੌਲ ਸਹਾਰਨਾ ਚਾਹੀਦਾ ਹੈ।

ਪ੍ਰਸ਼ਨ 18. ‘ਬੋਲੀ’ ਨਾਂ ਦੇ ਲੇਖ/ਨਿਬੰਧ ਤੋਂ ਕੀ ਸਿੱਖਿਆ ਮਿਲਦੀ ਹੈ? 50-60 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ‘ਬੋਲੀ’ (ਗੁਰਬਖ਼ਸ਼ ਸਿੰਘ) ਨਾਂ ਦੇ ਲੇਖ/ਨਿਬੰਧ ਤੋਂ ਇਹ ਸਿੱਖਿਆ ਮਿਲ਼ਦੀ ਹੈ ਕਿ ਬੋਲੀ ਦੇ ਮਹੱਤਵ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿਉਂਕਿ ਇਸ ਤੋਂ ਹੀ ਸਾਡੀ ਸ਼ਖ਼ਸੀਅਤ ਦਾ ਪ੍ਰਗਟਾਵਾ ਹੁੰਦਾ ਹੈ। ਬੋਲੀ ਦਾ ਪ੍ਰਭਾਵ ਕਿਉਂਕਿ ਸਾਡੇ ‘ਤੇ ਬਚਪਨ ਤੋਂ ਹੀ ਪੈਣਾ ਸ਼ੁਰੂ ਹੋ ਜਾਂਦਾ ਹੈ ਇਸ ਲਈ ਬੱਚਿਆਂ ਦੀ ਬੋਲੀ ਦਾ ਧਿਆਨ ਰੱਖਣਾ ਚਾਹੀਦਾ ਹੈ। ਲੇਖਕ ਸਾਨੂੰ ਆਪਣੇ ਸ਼ਬਦਾਂ ਵੱਲ ਧਿਆਨ ਦੇਣ ਦੀ ਵੀ ਸਿੱਖਿਆ ਦਿੰਦਾ ਹੈ ਕਿਉਂਕਿ ਅਜਿਹਾ ਨਾ ਕਰਨ ‘ਤੇ ਅਸੀਂ ਆਪਣਾ ਪੂਰਾ ਮੁੱਲ ਨਹੀਂ ਪੁਆ ਸਕਦੇ। ਲੇਖਕ ਨੇ ਆਪਣੀ ਬੋਲੀ ਬਾਰੇ ਅਣਗਹਿਲੀ ਨਾ ਕਰਨ ਅਤੇ ਇਸ ਬਾਰੇ ਕੋਈ ਮਖੌਲ ਨਾ ਸਹਾਰਨ ਦੀ ਵੀ ਸਿੱਖਿਆ ਦਿੱਤੀ ਹੈ।

ਪ੍ਰਸ਼ਨ 19. ‘ਬੋਲੀ’ ਨਾਂ ਦੇ ਲੇਖ/ਨਿਬੰਧ ਦੇ ਲੇਖਕ ਬਾਰੇ 50-60 ਸ਼ਬਦਾਂ ਵਿੱਚ ਜਾਣਕਾਰੀ ਦਿਓ।

ਉੱਤਰ : ‘ਬੋਲੀ’ ਨਾਂ ਦੇ ਲੇਖ/ਨਿਬੰਧ ਦਾ ਲੇਖਕ ਗੁਰਬਖ਼ਸ਼ ਸਿੰਘ ਹੈ। ਉਹ ਪੰਜਾਬੀ ਦਾ ਇੱਕ ਪ੍ਰਸਿੱਧ ਵਾਰਤਕਕਾਰ ਹੈ। ਆਪ ਦਾ ਜਨਮ 1895 ਈ. ਵਿੱਚ ਸਿਆਲਕੋਟ (ਪਾਕਿਸਤਾਨ) ਵਿਖੇ ਹੋਇਆ। ਇੰਜੀਨੀਅਰਿੰਗ ਦੀ ਉਚੇਰੀ ਪੜ੍ਹਾਈ ਲਈ ਉਹ ਅਮਰੀਕਾ ਗਏ। ਪੱਛਮ ਦੀ ਜੀਵਨ-ਜਾਚ ਦਾ ਆਪ ‘ਤੇ ਬਹੁਤ ਪ੍ਰਭਾਵ ਪਿਆ। ਇਸ ਜੀਵਨ-ਜਾਚ ਨੂੰ ਉਹਨਾਂ ਨੇ ਆਪਣੀਆਂ ਰਚਨਾਵਾਂ ਵਿਚ ਪ੍ਰਗਟਾਇਆ। 1933 ਈ. ਵਿੱਚ ਉਹਨਾਂ ‘ਪ੍ਰੀਤ ਲੜੀ’ ਨਾਂ ਦਾ ਮਾਸਿਕ ਪੱਤਰ ਕੱਢਣਾ ਸ਼ੁਰੂ ਕੀਤਾ। ਆਪ ਨੇ ਦੋ ਦਰਜਨ ਤੋਂ ਵੱਧ ਵਾਰਤਕ-ਪੁਸਤਕਾਂ ਦੀ ਰਚਨਾ ਕੀਤੀ। ਉਹਨਾਂ ਨੇ ਦੋ ਜਿਲਦਾਂ (ਮੇਰੀ ਜੀਵਨ ਕਹਾਣੀ ਅਤੇ ਮੰਜ਼ਲ ਦਿਸ ਪਈ) ਵਿੱਚ ਸ੍ਵੈਜੀਵਨੀ ਲਿਖੀ। ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਦੇ ਖੇਤਰ ਨੂੰ ਵਿਸ਼ਾਲ ਕੀਤਾ। ਉਹਨਾਂ ਨੇ ਪੰਜਾਬੀ ਵਾਰਤਕ ਨੂੰ ਇੱਕ ਅਲੱਗ ਸ਼ੈਲੀ ਪ੍ਰਦਾਨ ਕੀਤੀ। 1977 ਈ. ਵਿੱਚ ਆਪ ਦਾ ਦਿਹਾਂਤ ਹੋ ਗਿਆ।

ਪ੍ਰਸ਼ਨ 20. ਗੁਰਬਖ਼ਸ਼ ਸਿੰਘ ਦੀ ਵਾਰਤਕ-ਕਲਾ ਬਾਰੇ 50-60 ਸ਼ਬਦਾਂ ਵਿੱਚ ਲਿਖੋ।

ਜਾਂ

ਪ੍ਰਸ਼ਨ. ਗੁਰਬਖ਼ਸ਼ ਸਿੰਘ ਦੀ ਵਾਰਤਕ ਦੀਆਂ ਵੀ ਵਿਸ਼ੇਸ਼ਤਾਵਾਂ ਹਨ?

ਉੱਤਰ : ਗੁਰਬਖ਼ਸ਼ ਸਿੰਘ ਪੰਜਾਬੀ ਦਾ ਇੱਕ ਪ੍ਰਮੁੱਖ ਵਾਰਤਕਕਾਰ ਹੈ। ਆਪ ਨੇ ਪੰਜਾਬੀ ਵਾਰਤਕ ਨੂੰ ਧਾਰਮਿਕ ਅਤੇ ਇਤਿਹਾਸਿਕ ਘੇਰੇ ਵਿੱਚੋਂ ਬਾਹਰ ਕੱਢਿਆ। ਪੰਜਾਬੀ ਵਾਰਤਕ ਦੇ ਰੂਪ ਨੂੰ ਨਿਖਾਰਨ ਵਿੱਚ ਆਪ ਦਾ ਵਿਸ਼ੇਸ਼ ਯੋਗਦਾਨ ਹੈ। ਗੁਰਬਖ਼ਸ਼ ਸਿੰਘ ਨੇ ਪੱਛਮੀ ਪ੍ਰਭਾਵ ਅਧੀਨ ਨਵੇਂ ਸਮਾਜ ਦੀ ਉਸਾਰੀ ਕਰਨ ਦਾ ਯਤਨ ਕੀਤਾ। ਆਪ ਨੇ ‘ਪਿਆਰ ਕਬਜ਼ਾ ਨਹੀਂ ਪਹਿਚਾਣ ਹੈ’ ਦੇ ਸਿਧਾਂਤ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਇਆ। ਦਾਰਸ਼ਨਿਕ ਕਿਸਮ ਦੇ ਵਿਚਾਰਾਂ ਕਾਰਨ ਕਈ ਵਾਰ ਸਧਾਰਨ ਪਾਠਕਾਂ ਲਈ ਆਪ ਦੇ ਵਿਚਾਰਾਂ ਨੂੰ ਸਮਝਣਾ ਔਖਾ ਹੁੰਦਾ ਹੈ। ਕਈ ਵਾਰ ਆਪ ਅਜਿਹੇ ਗੁੰਝਲਦਾਰ ਵਾਕ ਲਿਖਦੇ ਹਨ ਕਿ ਵਿਚਾਰਾਂ ਦੀ ਸਪਸ਼ਟਤਾ ਕਾਇਮ ਨਹੀਂ ਰਹਿੰਦੀ। ਅਜਿਹੇ ਵਾਕ ਵਿਆਕਰਨਿਕ ਪੱਖੋਂ ਵੀ ਪੂਰੀ ਤਰ੍ਹਾਂ ਸ਼ੁੱਧ ਨਹੀਂ ਹੁੰਦੇ। ਗੁਰਬਖ਼ਸ਼ ਸਿੰਘ ਇੱਕ ਆਦਰਸ਼ਵਾਦੀ ਲੇਖਕ ਹੈ। ਉਸ ਦੀ ਵਾਰਤਕ ਅਲੰਕਾਰਕ ਹੁੰਦੀ ਹੈ।