ਬੋਲੀ ਲੇਖ ਦਾ ਸਾਰ (150 ਸ਼ਬਦਾਂ ਵਿੱਚ)
ਪ੍ਰਸ਼ਨ. ‘ਬੋਲੀ’ ਲੇਖ ਵਿਚ ਆਏ ਵਿਚਾਰਾਂ ਦਾ ਸਾਰ 150 ਸ਼ਬਦਾਂ ਵਿਚ ਲਿਖੋ।
ਉੱਤਰ : ਮੂੰਹ ਮਨੁੱਖ ਦੇ ਸਰੀਰ ਦਾ ਚਿਤਰ ਹੈ, ਪਰੰਤੂ ਬੋਲੀ ਉਸ ਦੀ ਆਤਮਾ ਦਾ ਚਿਤਰ। ਜੇ ਕਿਸੇ ਬੋਲਣ ਵਾਲੇ ਦੇ ਅੰਦਰ ਬਹੁਤ ਕੁੱਝ ਹੋਵੇ, ਤਾਂ ਸਰੋਤੇ ਕਈ ਵਾਰੀ ਉਸ ਅੱਗੇ ਜਿੰਦਾਂ ਵੀ ਹਾਜ਼ਰ ਕਰ ਦਿੰਦੇ ਹਨ। ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੌਗਿਰਦੇ ਵਿਚੋਂ ਜੁੜਨਾ ਸ਼ੁਰੂ ਹੁੰਦਾ ਹੈ। ਬਚਪਨ ਵਿਚ ਮਨ ਉੱਤੇ ਚਿਤਰੇ ਲਫ਼ਜ਼ ਸਾਨੂੰ ਭੁੱਲਦੇ ਨਹੀਂ ਤੇ ਮੋਹਰ ਵਰਗਾ ਕੰਮ ਦਿੰਦੇ ਹਨ। ਇਸ ਲਈ ਜਿੱਥੇ ਸਾਡਾ ਬਚਪਨ ਬੀਤਿਆ ਹੁੰਦਾ ਹੈ, ਉਹ ਥਾਂ ਮੋਹਰਾਂ ਦੀ ਖਾਣ ਹੈ ਤੇ ਸਾਡੀ ਅਮੀਰੀ ਇਸੇ ਉੱਤੇ ਹੀ ਨਿਰਭਰ ਕਰਦੀ ਹੈ। ਭਰਪੂਰ ਖਾਣ ਵਿਚੋਂ ਵੀ ਸਿਆਣੀ ਪੁਟਾਈ ਹੀ ਦੌਲਤ ਪੁੱਟ ਸਕਦੀ ਹੈ। ਸਾਡੀ ਪੁਟਾਈ ਤੇ ਲੱਭਤਾਂ ਦਾ ਨਾਪ ਸਾਡੀ ਬੋਲੀ ਹੁੰਦੀ ਹੈ।
ਸਾਡੀ ਬੋਲੀ ਉਹ ਹੈ, ਜਿਹੜੀ ਅਸੀਂ ਆਪਣੇ ਬਚਪਨ ਵਿਚ ਆਪਣੀ ਮਾਂ ਤੋਂ ਸਿੱਖੀ ਹੈ। ਉਹ ਲੋਕ ਬਦਕਿਸਮਤ ਹਨ, ਜਿਨ੍ਹਾਂ ਨੂੰ ਵੱਡੇ ਹੋ ਕੇ ਬਚਪਨ ਦੀ ਬੋਲੀ ਨਾਲੋਂ ਕੋਈ ਵੱਖਰੀ ਬੋਲੀ ਅਪਣਾਉਣੀ ਪੈਂਦੀ ਹੈ। ਤਜਰਬਾ ਸਾਡੀ ਦੌਲਤ ਹੈ ਤੇ ਇਹ ਬਚਪਨ ਦੇ ਸਮੇਂ ਜਿਹੜੀ ਬੋਲੀ ਦੇ ਚਿੰਨ੍ਹਾਂ ਵਿਚ ਸਾਂਭੀ ਜਾਂਦੀ ਹੈ, ਉਸੇ ਵਿਚ ਹੀ ਇਹ ਵਰਤੀ ਜਾ ਸਕਦੀ ਹੈ। ਤਜਰਬਾ ਇਸ ਦੌਲਤ ਦਾ ਖ਼ਜ਼ਾਨਾ ਹੈ, ਸ਼ਬਦ ਇਸ ਦੇ ਸਿੱਕੇ ਤੇ ਨੋਟ ਹਨ, ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿਚ ਚਲਾਉਂਦੇ ਹਾਂ। ਇਸ ਕਰਕੇ ਸਭ ਤੋਂ ਪਹਿਲਾਂ ਤਜਰਬੇ ਦੇ ਮੌਕਿਆਂ ਵਿਚ ਵਾਧਾ ਕਰਨਾ ਚਾਹੀਦਾ ਹੈ, ਜਿਹੜੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਤੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ।
ਬਚਪਨ ਦਾ ਸਮਾਂ ਜਵਾਨੀ ਤੇ ਬੁਢਾਪੇ ਨਾਲੋਂ ਵੀ ਕਈ ਗੁਣਾ ਕੀਮਤੀ ਹੁੰਦਾ ਹੈ। ਇਸ ਵਿਚ ਹੀ ਲਫ਼ਜ਼ਾਂ ਦੀਆਂ ਉਹ ਮੋਹਰਾਂ ਇਕੱਠੀਆਂ ਕੀਤੀਆਂ ਜਾਂਦੀਆਂ ਹਨ, ਜਿਨ੍ਹਾਂ ਨੂੰ ਭਨਾ-ਭਨਾ ਕੇ ਜਵਾਨੀ ਤੇ ਬੁਢਾਪਾ ਆਪਣਾ ਔਖਾ-ਸੌਖਾ ਵਕਤ ਲੰਘਾਉਂਦੇ ਹਾਂ।
ਬੋਲੀ ਨਾ ਸਿਰਫ਼ ਕਾਮਯਾਬੀ ਦੀ ਕੁੰਜੀ ਹੈ, ਬਲਕਿ ਜ਼ਿੰਦਗੀ ਦੇ ਹੁਸਨਾਂ ਤੇ ਸੁਆਦਾਂ ਦਾ ਜਾਦੂ ਹੈ। ਇਸ ਕਰਕੇ ਕੋਈ ਬੋਲੀ ਬਾਰੇ ਅਣਗਹਿਲੀ ਨਾ ਕਰੋ। ਇਹ ਬਹੁਤ ਮਹਿੰਗੀ ਵਿਰਾਸਤ ਹੈ। ਇਸ ਲਈ ਤੁਸੀਂ ਮਾਪਿਆਂ , ਉਸਤਾਦਾਂ, ਮਹਿਮਾਨਾਂ, ਗਵਾਲਿਆਂ, ਚਰਵਾਹਿਆਂ ਤੇ ਭਿੰਨ-ਭਿੰਨ ਪ੍ਰਕਾਰ ਦਾ ਸਮਾਨ ਵੇਚਣ ਵਾਲਿਆਂ ਤੋਂ ਸ਼ਬਦ ਸਿੱਖੋ ਤੇ ਸੰਭਾਲੋ।