CBSEEducationNCERT class 10thPunjab School Education Board(PSEB)

ਬੋਲੀ : ਪ੍ਰਸ਼ਨ-ਉੱਤਰ


ਸਾਹਿਤ – ਮਾਲਾ – ਪੁਸਤਕ (ਪੰਜਾਬੀ ਕਵਿਤਾ ਤੇ ਵਾਰਤਕ)

ਬੋਲੀ – ਸ. ਗੁਰਬਖ਼ਸ਼ ਸਿੰਘ

ਵਾਰਤਕ – ਭਾਗ (ਜਮਾਤ – ਦਸਵੀਂ)


ਪ੍ਰਸ਼ਨ 1. ਲੇਖਕ (ਗੁਰਬਖ਼ਸ਼ ਸਿੰਘ) ਨੇ ਮਨੁੱਖ ਦੇ ਮੂੰਹ ਅਤੇ ਉਸ ਦੀ ਆਤਮਾ ਬਾਰੇ ਕੀ ਜਾਣਕਾਰੀ ਦਿੱਤੀ ਹੈ? 25-30 ਸ਼ਬਦਾਂ ਵਿੱਚ ਉੱਤਰ ਦਿਓ।

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਮਨੁੱਖ ਦੇ ਮੂੰਹ ਅਤੇ ਉਸ ਦੀ ਆਤਮਾ ਬਾਰੇ ਜਾਣਕਾਰੀ ਦਿੰਦਾ ਲਿਖਦਾ ਹੈ ਕਿ ਮੂੰਹ ਵਿਅਕਤੀ ਦੇ ਸਰੀਰ ਦਾ ਚਿੱਤਰ ਹੈ। ਇਸ ਤੋਂ ਮਨੁੱਖ ਦੀ ਸੁੰਦਰਤਾ ਜਾਂ ਕੋਝ ਨੂੰ ਪਛਾਣਿਆ ਜਾ ਸਕਦਾ ਹੈ। ਪਰ ਬੋਲੀ (ਜੋ ਮਨੁੱਖ ਦੀ ਆਤਮਾ ਦਾ ਚਿੱਤਰ ਹੈ) ਤੋਂ ਮਨੁੱਖ ਦੀ ਆਤਮਾ ਦੇ ਵਧੀਆ ਜਾਂ ਘਟੀਆ ਹੋਣ ਦੀ ਜਾਣਕਾਰੀ ਮਿਲਦੀ ਹੈ।

ਪ੍ਰਸ਼ਨ 2. ਲੇਖਕ (ਗੁਰਬਖ਼ਸ਼ ਸਿੰਘ) ਨੇ ਅਣਬੋਲੇ ਮਨੁੱਖ ਦੀ ਕਿਸ ਨਾਲ਼ ਤੁਲਨਾ ਕੀਤੀ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਨੇ ਅਣਬੋਲੇ ਮਨੁੱਖ ਦੀ ਤੁਲਨਾ ਉਸ ਮਕਾਨ ਨਾਲ ਕੀਤੀ ਹੈ ਜਿਸ ਦੇ ਬੂਹੇ ਬੰਦ ਹੋਣ। ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਪਰ ਜਦੋਂ ਤੱਕ ਮਨੁੱਖ ਕੁਝ ਬੋਲਦਾ ਨਹੀਂ ਓਦੋਂ ਤੱਕ ਅਸੀਂ ਉਸ ਅੰਦਰ ਝਾਤੀ ਨਹੀਂ ਮਾਰ ਸਕਦੇ। ਇਸੇ ਤਰ੍ਹਾਂ ਜਿੰਨੀ ਦੇਰ ਤੱਕ ਮਕਾਨ ਦੇ ਬੂਹੇ ਬੰਦ ਹੋਣ ਓਨੀ ਦੇਰ ਤੱਕ ਅਸੀਂ ਉਸ ਦੇ ਅੰਦਰਲੀ ਤਸਵੀਰ ਨਹੀਂ ਦੇਖ ਸਕਦੇ।

ਪ੍ਰਸ਼ਨ 3. ਜਿਸ ਮਨੁੱਖ ਦੇ ਅੰਦਰ ਬਹੁਤ ਕੁਝ ਹੁੰਦਾ ਹੈ ਉਸ ਦੀ ਬੋਲੀ ਬਾਰੇ ਲੇਖਕ (ਗੁਰਬਖ਼ਸ਼ ਸਿੰਘ) ਕੀ ਕਹਿੰਦਾ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਜਿਸ ਵਿਅਕਤੀ ਦੇ ਅੰਦਰ ਬਹੁਤ ਕੁਝ ਹੁੰਦਾ ਹੈ ਉਸ ਦੀ ਬੋਲੀ ਫੁੱਲਾਂ-ਫਲਾਂ ਲੱਦੇ ਬਾਗ਼ ਵਿੱਚੋਂ ਆਉਂਦੀ ਮਹਿਕਦੀ ਹਵਾ ਵਰਗੀ ਹੁੰਦੀ ਹੈ। ਸ੍ਰੋਤੇ ਉਸ ਨੂੰ ਪਿਆਰ ਅਤੇ ਭਰੋਸਾ ਦਿੰਦੇ ਹਨ ਅਤੇ ਕਈ ਵਾਰ ਆਪਣੀ ਜਾਨ ਵੀ ਹਾਜ਼ਰ ਕਰ ਦਿੰਦੇ ਹਨ।

ਪ੍ਰਸ਼ਨ 4. ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਜਿਸ ਵਿਅਕਤੀ ਅੰਦਰ ਬਹੁਤਾ ਕੁਝ ਨਹੀਂ, ਉਸ ਦੀ ਬੋਲੀ ਕਿਸ ਤਰ੍ਹਾਂ ਦੀ ਹੁੰਦੀ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਜਿਸ ਵਿਅਕਤੀ ਦੇ ਅੰਦਰ ਬਹੁਤ ਕੁਝ ਨਹੀਂ ਹੁੰਦਾ ਉਸ ਦੀ ਬੋਲੀ ਰੜੇ ਰੇਗਿਸਤਾਨ ਵਿੱਚੋਂ ਆਉਂਦੀ ਰੁੱਖੀ ਤਪਦੀ ਹਵਾ ਵਰਗੀ ਹੁੰਦੀ ਹੈ। ਇਸ ਤਰ੍ਹਾਂ ਲੇਖਕ ਮਨੁੱਖ ਦੇ ਅੰਦਰਲੇ ਵਿਚਾਰਾਂ ਦੇ ਉਸ ਦੀ ਸ਼ਖ਼ਸੀਅਤ ’ਤੇ ਪੈਂਦੇ ਅਸਰ ਨੂੰ ਪ੍ਰਗਟਾਉਂਦਾ ਹੈ।

ਪ੍ਰਸ਼ਨ 5. ਬੋਲੀ ਦਾ ਖ਼ਜ਼ਾਨਾ ਕਿੱਥੋਂ ਜੁੜਨਾ ਸ਼ੁਰੂ ਹੁੰਦਾ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਬੋਲੀ ਦਾ ਖ਼ਜ਼ਾਨਾ ਬਚਪਨ ਦੇ ਚੁਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ। ਬਚਪਨ ਵਿੱਚ ਜਿਹੜੇ ਸ਼ਬਦ ਸਾਡੇ ਮਨ ’ਤੇ ਚਿਤਰੇ ਜਾਂਦੇ ਹਨ ਉਹ ਸਾਨੂੰ ਭੁੱਲਦੇ ਨਹੀਂ। ਇਸ ਤਰ੍ਹਾਂ ਸਾਡੀ ਬੋਲੀ ਦਾ ਖ਼ਜ਼ਾਨਾ ਵਧਦਾ ਜਾਂਦਾ ਹੈ।

ਪ੍ਰਸ਼ਨ 6. ਲੇਖਕ (ਗੁਰਬਖ਼ਸ਼ ਸਿੰਘ) ਆਪਣੀ ਬੋਲੀ ਬਾਰੇ ਕੀ ਕਹਿੰਦਾ ਹੈ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਆਪਣੀ ਬੋਲੀ ਬਾਰੇ ਜਾਣਕਾਰੀ ਦਿੰਦਾ ਕਹਿੰਦਾ ਹੈ ਕਿ ਸਾਡੀ ਬੋਲੀ ਉਹ ਹੈ ਜਿਹੜੀ ਅਸੀਂ ਬਚਪਨ ਵਿੱਚ ਬੋਲਦੇ ਹਾਂ ਜਾਂ ਜਿਹੜੀ ਬੋਲੀ ਸਾਡੀ ਮਾਂ ਬੋਲਦੀ ਹੈ। ਬਚਪਨ ਵਿੱਚ ਅਸੀਂ ਉਹੀ ਬੋਲੀ ਬੋਲਦੇ ਹਾਂ ਜਿਹੜੀ ਸਾਡੀ ਮਾਂ ਨੇ ਸਾਨੂੰ ਸਿਖਾਈ ਹੁੰਦੀ ਹੈ। ਇਸੇ ਨੂੰ ਮਾਂ-ਬੋਲੀ ਕਹਿੰਦੇ ਹਨ।

ਪ੍ਰਸ਼ਨ 7. ਤਜਰਬੇ ਸਾਡੀ ਜ਼ਿੰਦਗੀ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ?

ਉੱਤਰ : ਤਜਰਬਾ ਬੋਲੀ ਰੂਪੀ ਦੌਲਤ ਦਾ ਖ਼ਜ਼ਾਨਾ ਹੈ। ਸ਼ਬਦ ਇਸ ਦੇ ਸਿੱਕੇ ਅਤੇ ਨੋਟ ਹਨ ਜਿਨ੍ਹਾਂ ਨੂੰ ਅਸੀਂ ਰੋਜ਼ਾਨਾ ਜ਼ਿੰਦਗੀ ਦੀ ਮੰਡੀ ਵਿੱਚ ਚਲਾਉਂਦੇ ਹਾਂ। ਜ਼ਿੰਦਗੀ ਦੇ ਅਸਲੀ ਤਜਰਬੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਂਦੇ ਹਨ। ਇਹ ਤਜਰਬੇ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਵੀ ਹਨ। ਇਸ ਤਰ੍ਹਾਂ ਤਜਰਬੇ ਸਾਡੀ ਜ਼ਿੰਦਗੀ ਵਿੱਚ ਵਿਸ਼ੇਸ਼ ਭੂਮਿਕਾ ਨਿਭਾਉਂਦੇ ਹਨ।

ਪ੍ਰਸ਼ਨ 8. ਲੇਖਕ ਅਸਲੀ ਤਜਰਬੇ ਕਿਨ੍ਹਾਂ ਨੂੰ ਕਹਿੰਦਾ ਹੈ? ਇਹ ਤਜਰਬੇ ਸਾਡੇ ਜੀਵਨ ਵਿੱਚ ਕੀ ਭੂਮਿਕਾ ਨਿਭਾਉਂਦੇ ਹਨ?

ਉੱਤਰ : ਲੇਖਕ ਵੇਖਣ, ਖੇਡਣ, ਮਿਲਨ, ਪਿਆਰਨ, ਕੁਝ ਜੋੜਨ-ਤੋੜਨ ਆਦਿ ਨੂੰ ਅਸਲੀ ਤਜਰਬੇ ਕਹਿੰਦਾ ਹੈ। ਇਹ ਤਜਰਬੇ ਸਾਡੀ ਸ਼ਖ਼ਸੀਅਤ ਨੂੰ ਅਮੀਰ ਬਣਾਉਣ ਤੋਂ ਬਿਨਾਂ ਸਾਡੀ ਬੋਲੀ ਨੂੰ ਲਿਸ਼ਕਾਉਂਦੇ ਹਨ।

ਪ੍ਰਸ਼ਨ 9. ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਜਵਾਨੀ ਅਤੇ ਬੁਢਾਪੇ ਨਾਲ਼ੋਂ ਕਈ ਗੁਣਾਂ ਕੀਮਤੀ ਸਮਾਂ ਕਿਹੜਾ ਹੈ?

ਉੱਤਰ : ਲੇਖਕ ਗੁਰਬਖ਼ਸ਼ ਸਿੰਘ ਅਨੁਸਾਰ ਬਚਪਨ ਦਾ ਸਮਾਂ ਜਵਾਨੀ ਅਤੇ ਬੁਢੇਪੇ ਨਾਲੋਂ ਕਈ ਗੁਣਾਂ ਕੀਮਤੀ ਹੁੰਦਾ ਹੈ। ਅਜਿਹਾ ਇਸ ਲਈ ਕਿਉਂਕਿ ਇਸ ਸਮੇਂ ਵਿੱਚ ਹੀ ਉਹ ਮੁਹਰਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਹਨ ਜਿਨ੍ਹਾਂ ਨੂੰ ਭਨਾ-ਭਨਾ (ਤੁੜਾ-ਤੁੜਾ) ਕੇ ਅਸੀਂ ਆਪਣੀ ਜਵਾਨੀ ਤੇ ਬੁਢਾਪੇ ਦਾ ਔਖਾ-ਸੌਖਾ ਝੱਟ ਲੰਘਾਉਂਦੇ ਹਾਂ।

ਪ੍ਰਸ਼ਨ 10. ਦੁਨੀਆ ਦੇ ਬਹੁਤੇ ਲੋਕ ਆਪਣਾ ਪੂਰਾ ਮੁੱਲ ਕਿਉਂ ਨਹੀਂ ਪੁਆ ਸਕੇ?

ਉੱਤਰ : ਲੇਖਕ ਅਨੁਸਾਰ ਬੋਲੀ ਦੀ ਦੌਲਤ ਦੇ ਪ੍ਰਸੰਗ ਵਿੱਚ ਉਹੀ ਮਨੁੱਖ ਅਮੀਰ ਹੋਵੇਗਾ ਜਿਸ ਕੋਲ ਬੋਲੀ ਅਥਵਾ ਸ਼ਬਦਾਂ ਦਾ ਵੱਡਾ ਖ਼ਜ਼ਾਨਾ ਹੋਵੇਗਾ। ਇਸੇ ਪ੍ਰਸੰਗ ਵਿੱਚ ਲੇਖਕ ਕਹਿੰਦਾ ਹੈ ਕਿ ਦੁਨੀਆ ਦੇ ਅਨੇਕਾਂ ਲੋਕ ਇਸ ਕਰਕੇ ਆਪਣਾ ਪੂਰਾ ਮੁੱਲ ਨਹੀਂ ਪੁਆ ਸਕੇ ਕਿਉਂਕਿ ਉਹਨਾਂ ਨੇ ਆਪਣੇ ਲਫ਼ਜ਼ਾਂ ਵੱਲ ਕਦੇ ਧਿਆਨ ਨਹੀਂ ਦਿੱਤਾ।

ਪ੍ਰਸ਼ਨ 11. ਲੇਖਕ ਬੋਲੀ ਦੀ ਕਦਰ ਕਰਨ ਲਈ ਕੀ ਕਹਿੰਦਾ ਹੈ?

ਉੱਤਰ : ‘ਬੋਲੀ’ ਨਾਂ ਦੇ ਲੇਖ ਵਿੱਚ ਲੇਖਕ ਬੋਲੀ ਦੀ ਕਦਰ ਕਰਨ ਦੇ ਪ੍ਰਸੰਗ ਵਿੱਚ ਕਹਿੰਦਾ ਹੈ ਕਿ ਸਾਨੂੰ ਬੋਲੀ ਪ੍ਰਤੀ ਕਦੇ ਵੀ ਅਣਗਹਿਲੀ ਨਹੀਂ ਕਰਨੀ ਚਾਹੀਦੀ। ਇਸ ਦੇ ਨਾਲ ਹੀ ਸਾਨੂੰ ਬੋਲੀ ਬਾਰੇ ਕਿਸੇ ਮਸ਼ਕਰੀ ਜਾਂ ਮਖੌਲ ਨੂੰ ਵੀ ਨਹੀਂ ਸਹਾਰਨਾ ਚਾਹੀਦਾ।

ਪ੍ਰਸ਼ਨ 12. ਲੇਖਕ ਮਹਿੰਗੀ ਤੇ ਪਿਆਰੀ ਵਿਰਾਸਤ ਕਿਸ ਨੂੰ ਕਹਿੰਦਾ ਹੈ ਅਤੇ ਇਸ ਸੰਬੰਧੀ ਕੀ ਕਰਨ ਲਈ ਆਖਦਾ ਹੈ?

ਉੱਤਰ : ਲੇਖਕ ਬੋਲੀ ਨੂੰ ਬਹੁਤ ਮਹਿੰਗੀ ਅਤੇ ਪਿਆਰੀ ਵਿਰਾਸਤ ਕਹਿੰਦਾ ਹੈ। ਇਸ ਸੰਬੰਧ ਵਿੱਚ ਉਹ ਕਹਿੰਦਾ ਹੈ ਕਿ ਸਾਨੂੰ ਹਰ ਸ਼ਬਦ ਦੇ ਮਾਲਕ ਤੋਂ ਉਹਦੇ ਸ਼ਬਦ ਸਿੱਖਣੇ ਅਤੇ ਸੰਭਾਲਣੇ ਚਾਹੀਦੇ ਹਨ। ਇਸ ਦੇ ਨਾਲ ਹੀ ਸਾਨੂੰ ਆਪਣੇ ਅੰਦਰ ਸ਼ਬਦਾਂ ਦੀ ਭੁੱਖ ਪੈਦਾ ਕਰਨੀ ਚਾਹੀਦੀ ਹੈ। ਅਜਿਹਾ ਕਰ ਕੇ ਹੀ ਅਸੀਂ ਬੋਲੀ ਦੀ ਵਿਰਾਸਤ ਨੂੰ ਸੰਭਾਲ ਸਕਦੇ ਹਾਂ।

ਪ੍ਰਸ਼ਨ 13. ਸਾਨੂੰ ਕਿਨ੍ਹਾਂ ਤੋਂ ਉਹਨਾਂ ਦੇ ਸ਼ਬਦ ਸਿੱਖਣੇ ਤੇ ਸੰਭਾਲਣੇ ਚਾਹੀਦੇ ਹਨ?

ਉੱਤਰ : ਲੇਖਕ ਬੋਲੀ ਨੂੰ ਬਹੁਤ ਮਹਿੰਗੀ ਤੇ ਪਿਆਰੀ ਵਿਰਾਸਤ ਕਹਿੰਦਾ ਹੈ। ਇਸੇ ਲਈ ਉਹ ਮਾਪਿਆਂ, ਉਸਤਾਦਾਂ, ਮਹਿਮਾਨਾਂ, ਛਾਬੜੀ ਵਾਲਿਆਂ, ਮਜ਼ਦੂਰਾਂ, ਟੱਪਰੀਵਾਸਾਂ, ਗਵਾਲਿਆਂ ਅਤੇ ਚਰਵਾਹਿਆਂ ਕੋਲੋਂ ਭਾਵ ਹਰ ਸ਼ਬਦ ਦੇ ਮਾਲਕ ਤੋਂ ਉਹਦੇ ਸ਼ਬਦ ਸਿੱਖਣ ਤੇ ਸੰਭਾਲਣ ਲਈ ਕਹਿੰਦਾ ਹੈ।

ਪ੍ਰਸ਼ਨ 14. ‘ਬੋਲੀ’ ਬਾਰੇ ਲੇਖਕ (ਗੁਰਬਖ਼ਸ਼ ਸਿੰਘ) ਨੇ ਕਿਹੜੇ ਵਿਚਾਰ ਪ੍ਰਗਟਾਏ ਹਨ?

ਉੱਤਰ : ਲੇਖਕ (ਗੁਰਬਖ਼ਸ਼ ਸਿੰਘ) ਅਨੁਸਾਰ ਬੋਲੀ ਮਨੁੱਖ ਦੀ ਆਤਮਾ ਦਾ ਚਿੱਤਰ ਹੈ। ਬੋਲੀ ਤੋਂ ਅਸੀਂ ਮਨੁੱਖ ਦੀ ਸ਼ਖ਼ਸੀਅਤ ਨੂੰ ਜਾਣ ਸਕਦੇ ਹਾਂ। ਬੋਲੀ ਦਾ ਖ਼ਜ਼ਾਨਾ ਸਾਡੇ ਬਚਪਨ ਦੇ ਚੁਗਿਰਦੇ ਵਿੱਚੋਂ ਜੁੜਨਾ ਸ਼ੁਰੂ ਹੋ ਜਾਂਦਾ ਹੈ ਜੋ ਜਵਾਨੀ ਤੇ ਬੁਢਾਪੇ ਵਿੱਚ ਸਾਡੇ ਕੰਮ ਆਉਂਦਾ ਹੈ। ਇਸ ਲਈ ਬੋਲੀ ਪ੍ਰਤੀ ਕੋਈ ਅਣਗਹਿਲੀ ਨਹੀਂ ਕਰਨੀ ਚਾਹੀਦੀ ਅਤੇ ਨਾ ਹੀ ਇਸ ਬਾਰੇ ਹੁੰਦਾ ਕੋਈ ਮਖੌਲ ਸਹਾਰਨਾ ਚਾਹੀਦਾ ਹੈ।

ਪ੍ਰਸ਼ਨ 15. ਗੁਰਬਖ਼ਸ਼ ਸਿੰਘ ਦੀਆਂ ਵਾਰਤਕ-ਰਚਨਾਵਾਂ ਬਾਰੇ ਜਾਣਕਾਰੀ ਦਿਓ।

ਉੱਤਰ : ਗੁਰਬਖ਼ਸ਼ ਸਿੰਘ ਨੇ ਪੰਜਾਬੀ ਵਾਰਤਕ ਨੂੰ ਧਾਰਮਿਕ ਘੇਰੇ ਵਿੱਚੋਂ ਬਾਹਰ ਕੱਢਿਆ ਅਤੇ ਸਮਾਜਿਕ, ਨੈਤਿਕ ਤੇ ਜੀਵਨ ਦੀਆਂ ਹੋਰ ਅਨੇਕਾਂ ਸਮੱਸਿਆਵਾਂ ਨੂੰ ਆਪਣੀਆਂ ਰਚਨਾਵਾਂ ਵਿੱਚ ਪ੍ਰਗਟਾਇਆ। ਆਪ ਨੇ ਦੋ ਦਰਜਨ ਤੋਂ ਵੱਧ ਵਾਰਤਕ-ਪੁਸਤਕਾਂ ਦੀ ਰਚਨਾ ਕੀਤੀ। ਉਸ ਨੇ ਨਿਬੰਧ, ਯਾਤਰਾ-ਸਾਹਿਤ ਅਤੇ ਸ੍ਵੈਜੀਵਨੀ ਦੇ ਖੇਤਰ ਵਿੱਚ ਵਿਸ਼ੇਸ਼ ਦੇਣ ਦਿੱਤੀ ਹੈ। ਉਸ ਨੇ ਕਹਾਣੀਆਂ, ਨਾਵਲ ਅਤੇ ਨਾਟਕ ਵੀ ਲਿਖੇ ਪਰ ਉਸ ਦੀ ਵਧੇਰੇ ਪ੍ਰਸਿੱਧੀ ਵਾਰਤਕਕਾਰ ਦੇ ਤੌਰ ‘ਤੇ ਹੀ ਹੋਈ। ਗੁਰਬਖ਼ਸ਼ ਸਿੰਘ ਨੇ ਦੋ ਜਿਲਦਾਂ (ਮੇਰੀ ਜੀਵਨ ਕਹਾਣੀ ਤੇ ਮੰਜ਼ਲ ਦਿਸ ਪਈ) ਵਿੱਚ ਸ੍ਵੈਜੀਵਨੀ ਲਿਖੀ। ਆਪ ਦੀ ਵਾਰਤਕ ਆਕਰਸ਼ਕ ਅਤੇ ਪ੍ਰਭਾਵਸ਼ਾਲੀ ਹੈ।