ਬੋਲੀ ਅਤੇ ਵਿਆਕਰਣ
ਪ੍ਰਸ਼ਨ 1. ਬੋਲੀ ਜਾਂ ਭਾਸ਼ਾ ਕਿਸ ਨੂੰ ਆਖਦੇ ਹਨ?
ਉੱਤਰ—ਬੋਲੀ ਜਾਂ ਭਾਸ਼ਾ—ਅਜਿਹਾ ਸਾਧਨ, ਜਿਸ ਦੇ ਦੁਆਰਾ ਅਸੀਂ ਆਪਣੇ ਮਨ ਦੇ ਭਾਵਾਂ ਅਤੇ ਵਿਚਾਰਾਂ ਨੂੰ ਦੂਜਿਆਂ ਨਾਲ ਸਾਂਝਾ ਕਰਦੇ ਹਾਂ, ਉਸ ਨੂੰ ਬੋਲੀ ਜਾਂ ਭਾਸ਼ਾ ਆਖਦੇ ਹਨ।
ਪ੍ਰਸ਼ਨ 2. ਬੋਲੀ ਕਿੰਨੇ ਪ੍ਰਕਾਰ ਦੀ ਹੁੰਦੀ ਹੈ?
ਉੱਤਰ— ਬੋਲੀ ਦੋ ਪ੍ਰਕਾਰ ਦੀ ਹੁੰਦੀ ਹੈ :
1. ਟਕਸਾਲੀ ਜਾਂ ਲਿਖਣ ਵਾਲੀ
2. ਆਮ ਬੋਲਚਾਲ ਦੀ ਬੋਲੀ
ਪ੍ਰਸ਼ਨ 3. ਮਾਂ ਬੋਲੀ ਜਾਂ ਮਾਤ-ਭਾਸ਼ਾ ਕਿਸ ਨੂੰ ਆਖਦੇ ਹਨ?
ਉੱਤਰ – ਮਾਤ-ਭਾਸ਼ਾ—ਉਹ ਬੋਲੀ ਜਿਹੜੀ ਬੱਚਾ ਬਚਪਨ ਵਿੱਚ ਆਪਣੀ ਮਾਂ ਦੇ ਦੁੱਧ ਨਾਲ ਆਪਣੇ ਮਾਪਿਆਂ ਕੋਲੋਂ ਸਿਖਦਾ ਹੈ, ਉਸ ਨੂੰ ਮਾਂ-ਬੋਲੀ ਜਾਂ ਮਾਤ-ਭਾਸ਼ਾ ਆਖਦੇ ਹਨ।
ਪ੍ਰਸ਼ਨ 4. ਵਿਆਕਰਣ ਕਿਸ ਨੂੰ ਆਖਦੇ ਹਨ?
ਉੱਤਰ— ਵਿਆਕਰਣ—ਕਿਸੇ ਭਾਸ਼ਾ ਨੂੰ ਸ਼ੁੱਧ ਅਤੇ ਟਕਸਾਲੀ ਰੂਪ ਵਿੱਚ ਲਿਖਣ ਲਈ ਜਿਹੜੇ ਨਿਯਮਾਂ ਦੀ ਵਰਤੋਂ ਕੀਤੀ ਜਾਂਦੀ ਹੈ, ਉਸ ਨੂੰ ਵਿਆਕਰਣ ਆਖਦੇ ਹਨ। ਭਾਵ, ਭਾਸ਼ਾ ਦੇ ਸਮੁੱਚੇ ਵਿਗਿਆਨ ਨੂੰ ਵਿਆਕਰਣ ਆਖਦੇ ਹਨ।
ਪ੍ਰਸ਼ਨ 5. ਪਹਿਲਾਂ ਬੋਲੀ ਪੈਦਾ ਹੋਈ ਜਾਂ ਵਿਆਕਰਣ?
ਉੱਤਰ—ਸਭ ਤੋਂ ਪਹਿਲਾਂ ਮਨੁੱਖ ਪੈਦਾ ਹੋਇਆ। ਫਿਰ ਮਨੁੱਖ ਦੇ ਵਿਕਾਸ ਕਰਨ ਨਾਲ ਬੋਲੀ ਦਾ ਜਨਮ ਹੋਇਆ। ਫਿਰ ਬੋਲੀ ਨੂੰ ਠੀਕ ਰੂਪ ਦੇਣ ਲਈ ਵਿਆਕਰਣ ਦਾ ਨਿਰਮਾਣ ਕੀਤਾ ਗਿਆ।
ਪ੍ਰਸ਼ਨ 6. ਵਿਆਕਰਣ ਦੇ ਕਿੰਨੇ ਅਤੇ ਕਿਹੜੇ-ਕਿਹੜੇ ਭਾਗ ਹੁੰਦੇ ਹਨ?
ਉੱਤਰ—ਵਿਆਕਰਣ ਦੇ ਹੇਠ ਲਿਖੇ ਤਿੰਨ ਭਾਗ ਹੁੰਦੇ ਹਨ :
1. ਅੱਖਰ ਬੋਧ ਜਾਂ ਵਰਣ ਬੋਧ (Orthography)
2. ਸ਼ਬਦ ਬੋਧ (Etymology)
3. ਵਾਕ ਬੋਧ (Syntax)
ਪ੍ਰਸ਼ਨ 7. ਵਿਆਕਰਣ ਦੇ ਹਰੇਕ ਭਾਗ ਵਿੱਚ ਕੀ-ਕੀ ਦੱਸਿਆ ਹੁੰਦਾ ਹੈ?
ਉੱਤਰ—1. ਅੱਖਰ ਬੋਧ ਜਾਂ ਵਰਣ ਬੋਧ (Orthography) : ਵਿਆਕਰਣ ਦੇ ਇਸ ਭਾਗ ਵਿੱਚ, ਬੋਲੀ ਜਾਂ ਭਾਸ਼ਾ ਦੀ ਸਭ ਤੋਂ ਛੋਟੀ ਇਕਾਈ, ਅੱਖਰਾਂ, ਲਗਾਂ ਅਤੇ ਲਗਾਖ਼ਰਾਂ ਬਾਰੇ ਜਾਣਕਾਰੀ ਦਿੱਤੀ ਗਈ ਹੁੰਦੀ ਹੈ।
2. ਸ਼ਬਦ ਬੋਧ (Etymology) : ਵਿਆਕਰਣ ਦੇ ਇਸ ਭਾਗ ਵਿੱਚ ਕਿਸੇ ਭਾਸ਼ਾ ਦੇ ਅੱਖਰਾਂ/ਵਰਣਾਂ ਤੋਂ ਸ਼ੁੱਧ ਸ਼ਬਦ ਬਣਾਉਣ ਅਤੇ ਸ਼ਬਦਾਂ ਸੰਬੰਧੀ ਹੋਰ ਨਿਯਮਾਂ ਦਾ ਵਰਣਨ ਕੀਤਾ ਗਿਆ ਹੁੰਦਾ ਹੈ।
3. ਵਾਕ ਬੋਧ (Syntax) : ਵਿਆਕਰਣ ਦੇ ਇਸ ਭਾਗ ਵਿੱਚ ਵਾਕ ਬਣਾਉਣ ਅਤੇ ਉਹਨਾਂ ਦੀ ਬਣਤਰ ਸੰਬੰਧੀ ਨੇਮਾਂ ਦੀ ਜਾਣਕਾਰੀ ਦਿੱਤੀ ਹੁੰਦੀ ਹੈ।
ਪ੍ਰਸ਼ਨ 8. ਵਰਣ ਜਾਂ ਅੱਖਰ (Syllable) ਕਿਸ ਨੂੰ ਆਖਦੇ ਹਨ?
ਉੱਤਰ – ਵਰਣ ਜਾਂ ਅੱਖਰ — ਵਿਆਕਰਣ ਦੀ ਛੋਟੀ ਤੋਂ ਛੋਟੀ ਇਕਾਈ, ਜੋ ਧੁਨੀ ਪ੍ਰਗਟ ਕਰਦੀ ਹੈ ਅਤੇ ਜਿਸ ਦੇ ਅੱਗੇ ਹੋਰ ਭਾਗ ਨਹੀਂ ਹੋ ਸਕਦੇ, ਨੂੰ ਵਰਣ ਜਾਂ ਅੱਖਰ ਆਖਦੇ ਹਨ।
ਜਿਵੇਂ—ਕ, ਚ ਤੇ ਪ ਆਦਿ।
ਪ੍ਰਸ਼ਨ 9. ਸ਼ਬਦ ਕਿਸ ਨੂੰ ਆਖਦੇ ਹਨ?
ਉੱਤਰ—ਸ਼ਬਦ—ਦੋ ਜਾਂ ਦੋ ਤੋਂ ਵੱਧ ਵਰਣਾਂ ਜਾਂ ਅੱਖਰਾਂ ਦੇ ਉਸ ਇਕੱਠ ਨੂੰ ਸ਼ਬਦ ਆਖਦੇ ਹਨ ਜਿਹੜਾ ਕਿਸੇ ਮਨੁੱਖ, ਵਸਤੂ ਜਾਂ ਭਾਵ ਦਾ ਅਰਥ ਪ੍ਰਗਟ ਕਰਦਾ ਹੈ, ਜਿਵੇਂ ਧ, ਰ, ਮ ਦੇ ਜੋੜ ਤੋਂ ‘ਧਰਮ’ ਕ, ਰ, ਮ ਦੇ ਜੋੜ ਤੋਂ ‘ਕਰਮ’ ਬਣ ਜਾਂਦਾ ਹੈ। ਸ਼ਬਦ ਕਿਸੇ ਵੀ ਭਾਸ਼ਾ ਦਾ ਮੁੱਖ ਅੰਗ ਹੁੰਦਾ ਹੈ।
ਪ੍ਰਸ਼ਨ 10. ਸ਼ਬਦ ਕਿੰਨੀ ਪ੍ਰਕਾਰ ਦੇ ਹੁੰਦੇ ਹਨ? ਉਦਾਹਰਣਾਂ ਸਹਿਤ ਸਮਝਾਓ।
ਉੱਤਰ—ਮੂਲ ਰੂਪ ਵਿਚ ਸ਼ਬਦ ਦੋ ਪ੍ਰਕਾਰ ਦੇ ਹੁੰਦੇ ਹਨ :
1. ਸਾਰਥਕ ਸ਼ਬਦ
2. ਨਿਰਾਰਥਕ ਸ਼ਬਦ
1. ਸਾਰਥਕ ਸ਼ਬਦ—ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਹੋਵੇ ਜਾਂ ਜਿਨ੍ਹਾਂ ਦੁਆਰਾ ਕਿਸੇ ਕੰਮ ਜਾਂ ਵਸਤੂ ਵਲ ਸੰਕੇਤ ਕੀਤਾ ਗਿਆ ਹੋਵੇ।
ਜਿਵੇਂ—ਪਾਣੀ, ਰੋਟੀ, ਕੱਪੜੇ ਆਦਿ।
2. ਨਿਰਾਰਥਕ ਸ਼ਬਦ – ਉਹ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਹੈ। ਇਹ ਆਮ ਤੌਰ ਤੇ ਸਾਰਥਕ ਸ਼ਬਦਾਂ ਦੇ ਨਾਲ ਜੋੜ ਕੇ ਵਰਤਿਆ ਜਾਂਦਾ ਹੈ।
ਜਿਵੇਂ—ਪਾਣੀ – ਧਾਣੀ, ਰੋਟੀ – ਰਾਟੀ, ਕੱਪੜੇ – ਕੁੱਪੜੇ।
ਇਹਨਾਂ ਵਿੱਚ ਧਾਣੀ, ਰਾਟੀ ਅਤੇ ਕੁੱਪੜੇ ਨਿਰਾਰਥਕ ਸ਼ਬਦ ਹਨ, ਕਿਉਂਕਿ ਇਹਨਾਂ ਦਾ ਕੋਈ ਅਰਥ ਨਹੀਂ ਨਿਕਲਦਾ ਹੈ।
ਪ੍ਰਸ਼ਨ 11. ਵਾਕ ਕਿਸ ਨੂੰ ਆਖਦੇ ਹਨ?
ਉੱਤਰ—ਸ਼ਬਦਾਂ ਜਾਂ ਸ਼ਬਦਾਂ ਦੇ ਉਸ ਇਕੱਠ ਨੂੰ ਵਾਕ ਆਖਦੇ ਹਨ, ਜਿਸ ਦੇ ਦੁਆਰਾ ਕੋਈ ਭਾਵ ਪੂਰਾ-ਪੂਰਾ ਤੇ ਸਾਫ਼-ਸਾਫ਼ ਪ੍ਰਗਟ ਹੁੰਦਾ ਹੋਵੇ। ਜਿਵੇਂ :
1. ਗੁਰਮੀਤ ਫੁਟਬਾਲ ਖੇਡ ਰਿਹਾ ਹੈ।
2. ਮੋਰ ਪੈਲ ਪਾ ਰਿਹਾ ਹੈ।
3. ਸੁਰਜੀਤ ਰੋਟੀ ਖਾ ਰਿਹਾ ਹੈ।
ਨੋਟ— ਚੱਲੋ’, ‘ਉੱਠੋ’ ਦੋਵੇਂ ਸ਼ਬਦ ਇੱਕ ਸੰਪੂਰਨ ਭਾਵ ਦਾ ਅਰਥ ਪ੍ਰਗਟ ਕਰਦੇ ਹਨ। ਚੱਲੋ ਤੋਂ ਭਾਵ ਹੈ ਕਿ ਕਿਸੇ ਕੰਮ ਲਈ ਜਾਓ ਜਾਂ ਜਾਈਏ। ਉੱਠੋ ‘ਤੋਂ ਭਾਵ ਹੈ ਕਿ ਤੁਸੀਂ ਜਾਗ ਪਵੋ। ਦੋਹਾਂ ਹਾਲਤਾਂ ਵਿੱਚ ਗੱਲ ਸਾਫ਼-ਸਾਫ਼ ਸਮਝ ਆ ਜਾਂਦੀ ਹੈ। ਇਸ ਤਰ੍ਹਾਂ ਇਹ ਸ਼ਬਦ ਵਾਕ ਦਾ ਰੂਪ ਧਾਰਨ ਕਰ ਗਏ ਹਨ।
ਪ੍ਰਸ਼ਨ 12. ਵਾਕ ਦੇ ਮੁੱਖ ਭਾਗ ਕਿੰਨੇ ਹੁੰਦੇ ਹਨ?
ਉੱਤਰ – ਵਾਕ ਦੇ ਮੁੱਖ ਤੌਰ ਤੇ ਦੋ ਭਾਗ ਹੁੰਦੇ ਹਨ:
1. ਕਰਤਾ (ਵਿਸ਼ਾ)
2. ਕਰਮ (ਵਰਣਨ)
1. ਕਰਤਾ ਜਾਂ ਵਿਸ਼ਾ—ਉਸ ਸ਼ਬਦ ਜਾਂ ਸ਼ਬਦਾਂ ਦੇ ਇਕੱਠ ਨੂੰ ਆਖਦੇ ਹਨ, ਜਿਸ ਬਾਰੇ ਕੋਈ ਜਾਣਕਾਰੀ ਦਿੱਤੀ ਗਈ ਹੋਵੇ।
2. ਕਰਮ ਜਾਂ ਵਰਣਨ—ਉਸ ਸ਼ਬਦ ਜਾਂ ਸ਼ਬਦਾਂ ਦੇ ਇਕੱਠ ਨੂੰ ਆਖਦੇ ਹਨ, ਜਿਹੜਾ ਕਿਸੇ ਬਾਰੇ ਜਾਣਕਾਰੀ ਦਿੰਦਾ ਹੈ। ਉਦਾਹਰਣ :
1. ਹਰਜੀਤ ਹਾਕੀ ਖੇਡ ਰਿਹਾ ਹੈ।
2. ਕੁੱਤਾ ਭੌਂਕ ਰਿਹਾ ਹੈ।
ਉਪਰੋਕਤ ਵਾਕਾਂ ਵਿੱਚ ‘ਹਰਜੀਤ’ ਅਤੇ ‘ਕੁੱਤਾ’ ਕਰਤਾ ਭਾਵ ਹਨ ਅਤੇ ਹਾਕੀ ਖੇਡ ਰਿਹਾ ਹੈ ਅਤੇ ਭੌਂਕ ਰਿਹਾ ਹੈ, ਕਰਮ ਜਾਂ ਵਰਣਨ ਹਨ।
ਹਰਜੀਤ ਬਾਰੇ ਜਾਣਕਾਰੀ ਹਾਕੀ ਖੇਡਣ ਦੀ ਅਤੇ ਕੁੱਤੇ ਬਾਰੇ ਜਾਣਕਾਰੀ ਭੌਂਕਣ ਦੀ ਦਿੱਤੀ ਗਈ ਹੈ।