ਬੁਝਾਰਤ ਦੀ ਪਰਿਭਾਸ਼ਾ (Puzzles/पहेलियाँ)
ਬੁਝਾਰਤਾਂ ਸੰਬੰਧੀ ਸੰਖੇਪ ਜਾਣਕਾਰੀ
‘ਬੁਝਾਰਤ’ ਤੋਂ ਭਾਵ ਬੁਝਣ ਯੋਗ ਇਬਾਰਤ ਤੋਂ ਹੈ। ਇਸ ਵਿੱਚ ਜੀਵਨ ਦੇ ਕਿਸੇ ਪੱਖ ਨੂੰ ਸੂਤ੍ਰਿਕ ਸ਼ੈਲੀ ਰਾਹੀਂ ਅੜਾਉਣੀ ਦੇ ਰੂਪ ‘ਚ ਪ੍ਰਸਤੁਤ ਕੀਤਾ ਜਾਂਦਾ ਹੈ। ਬੁਝਾਰਤ ਰਾਹੀਂ ਮਨੁੱਖੀ ਸੂਝ-ਬੂਝ ਤੇ ਦਿਮਾਗ਼ੀ ਚੁਸਤੀ-ਫੁਰਤੀ ਦੀ ਪਰਖ਼ ਕੀਤੀ ਜਾਂਦੀ ਹੈ। ਮੂਲ-ਰੂਪ ਵਿੱਚ ਬੁਝਾਰਤਾਂ ਨੂੰ ਪਦ (ਕਵਿਤਾ) ਤੇ ਗਦ (ਵਾਰਤਕ) ਰੂਪਾਂ ‘ਚ ਵੰਡਿਆ ਜਾ ਸਕਦਾ ਹੈ। ਪਦ ਰੂਪ ਕਿਸਮ ਦੀ ਬੁਝਾਰਤ ‘ਚ ਸਤਰਾਂ ਦੇ ਅੰਤ ਵਿੱਚ ਤੁਕਾਂਤ ਮੇਲ ਹੁੰਦਾ ਹੈ ਜਦੋਂ ਕਿ ਗਦ ਰੂਪੀ ਬੁਝਾਰਤਾਂ ਸ਼ਬਦਾਂ ਦੇ ਤੋਲ-ਤੁਕਾਂਤ ਤੋਂ ਰਹਿਤ ਵਾਰਤਕ ਰੂਪ ‘ਚ ਹੁੰਦੀਆਂ ਹਨ। ਜੇਕਰ ਗੌਰ ਨਾਲ ਵੇਖਿਆ/ਸੁਣਿਆ ਜਾਵੇ ਤਾਂ ਬੁਝਾਰਤਾਂ ਦਾ ਉੱਤਰ ਵੀ ਪਾਈ ਗਈ ਬੁਝਾਰਤ ਵਿੱਚ ਹੀ ਲੁਕਿਆ ਹੁੰਦਾ ਹੈ। ਦਰਅਸਲ ਬੁਝਾਰਤਾਂ ਲੋਕ-ਸਾਹਿਤ ਦਾ ਵਡਮੁੱਲਾ ਖ਼ਜ਼ਾਨਾ ਹੋਣ ਦੇ ਨਾਲ – ਨਾਲ ਗਿਆਨ-ਬੋਧ ਦਾ ਵੀ ਵੱਡਾ ਸਰੋਤ ਹਨ। ਬਚਪਨ ਦੀ ਅਨਭੋਲ ਅਵਸਥਾ ਤੋਂ ਲੈ ਕੇ ਬੁਢਾਪੇ ਦੇ ਅੰਤਿਮ ਚਰਨ ਤੱਕ ਦੇ ਜੀਵਨ ਵਿੱਚ ਇਹਨਾਂ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ।
ਮਨੁੱਖ ਜੀਵਨ ਭਰ ਵਿੱਚ ਵਾਪਰਨ ਵਾਲੀਆਂ ਜਾਂ ਨਜਿੱਠਣ ਯੋਗ ਗੁੰਝਲਾਂ ਨੂੰ ਤਦ ਹੀ ਖੋਲ੍ਹ ਜਾਂ ਸਮਝ ਸਕਣ ਦੇ ਸਮਰੱਥ ਹੁੰਦਾ ਹੈ, ਜੇਕਰ ਉਹ ਪਹਿਲਾਂ ਬੁਝਾਰਤਾਂ ਨੂੰ ਸਮਝਣ/ਬੁਝਣ ਦੇ ਸਮਰੱਥ ਹੋ ਚੁੱਕਾ ਹੋਵੇ। ਬੁਝਾਰਤਾਂ ਕਿਸੇ ਸੱਭਿਆਚਾਰ ਦੇ ਸੁਹਜਮਈ ਪੱਖਾਂ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਦੀਆਂ ਹੋਈਆਂ ਬਹੁਤ ਸਾਰੇ ਦ੍ਰਿਸ਼-ਚਿੱਤਰਾਂ ਨਾਲ ਅਲੋਕਾਰ ਕਿਸਮ ਦੇ ਬਿੰਬ ਵੀ ਉਭਾਰਦੀਆਂ ਹਨ। ਨਿਰਸੰਦੇਹ ਮਨੁੱਖੀ ਗਿਆਨ-ਜਗਿਆਸਾ ਦੀ ਇਹ ਅਰੰਭਿਕ ਜੁਗਤ ਹਨ। ਹੋਰ ਜਾਣਕਾਰੀ ਪ੍ਰਾਪਤ ਕਰਨ ਵਾਲੀ ਮਾਨਵ ਦੀ ਪ੍ਰਬਲ ਰੁਚੀ ਜਦੋਂ ਨਿੱਜ ਤੋਂ ਪਰ ਦੀਆਂ ਵਸਤੂਆਂ, ਪ੍ਰਕਿਰਤਕ ਅਜੂਬਿਆਂ, ਦੇਸਾਂ, ਥਾਂਵਾਂ, ਬਨਸਪਤੀ, ਸ੍ਰਿਸਟੀ, ਰੱਬ ਭਾਵ ਅਸਮਾਨ ਤੋਂ ਪਤਾਲ ਤੱਕ ਦੀਆਂ ਚੀਜ਼ਾਂ ਦੀਆਂ ਲੱਭਤਾਂ ਜਾਂ ਜਾਣਕਾਰੀਆਂ ਨੂੰ ਹੋਰਨਾਂ ਕੋਲੋਂ ਪੁੱਛਣਾ ਜਾਂ ਜਾਣਨਾ ਚਾਹੁੰਦਾ ਹੈ, ਉਦੋਂ ਬੁਝਾਰਤਾਂ ਦਾ ਅਰੰਭ ਹੁੰਦਾ ਹੈ।
ਬੁਝਾਰਤਾਂ ਇੱਕ ਵਿਅਕਤੀ ਵੱਲੋਂ ਦੂਜੇ ਵਿਅਕਤੀ ਨੂੰ ਸੰਬੋਧਨੀ ਸ਼ੈਲੀ ‘ਚ ਪੁੱਛੀਆਂ ਜਾਂਦੀਆਂ ਹਨ। ਬੁੱਝਣ ਜਾਂ ਉੱਤਰ ਦੇਣ ਵਾਲੀ ਧਿਰ, ਦਿਮਾਗ਼ੀ ਸੂਝ ਦੇ ਬਲਬੂਤੇ ‘ਤੇ ਪਹਿਲੀ ਧਿਰ ਨੂੰ ਜਵਾਬ ਦਿੰਦੀ ਹੈ। ਕਾਵਿਕ-ਮੁਹਾਵਰੇ ’ਚ ਸੁੰਦਰ ਸੰਖੇਪ ਅਤੇ ਭਾਵਪੂਰਤ ਸ਼ਬਦ ਜੜਤ ਰਾਹੀਂ ਗੁੰਦੇ ਹੋਏ ਸ਼ਬਦ ਬੁਝਾਰਤ ਦੀ ਵਿਸ਼ੇਸ਼ਤਾ ਬਣਦੇ ਹਨ। ਹਰ ਉਮਰ, ਹਰ ਵਰਗ ਦਾ ਮਨੁੱਖ ਬੁਝਾਰਤ ਪਾ ਸਕਦਾ ਹੈ, ਬੁੱਝ ਸਕਦਾ ਹੈ। ਆਮ ਤੌਰ ‘ਤੇ ਇਹਨਾਂ ਦੇ ਪੁੱਛਣ ਜਾਂ ਬੁੱਝਣ ਦਾ ਸਮਾਂ ਰਾਤ ਨੂੰ ਸੌਣ ਤੋਂ ਪਹਿਲਾਂ ਦਾ ਹੁੰਦਾ ਹੈ। ਪੰਜਾਬ ਵਿੱਚ ਬੁਝਾਰਤਾਂ ਪਾਉਣ ਅਤੇ ਬੁੱਝਣ ਦੇ ਕਾਲ-ਖੰਡ ਨੂੰ ਇਤਿਹਾਸਿਕ ਸਮਿਆਂ ਤੋਂ ਪਹਿਲਾਂ ਮਿਥਿਹਾਸਿਕ ਕਾਲ ਨਾਲ ਜੋੜਿਆ ਜਾ ਸਕਦਾ ਹੈ, ਜਦੋਂ ਕਿ ਮਨੁੱਖ ਨੇ ਸੂਝ ਜਾਂ ਗਿਆਨ ਦਾ ਪੱਲਾ ਫੜਿਆ ਸੀ।
ਪ੍ਰਕਿਰਤੀ ਪੱਖੋਂ ਆਮ ਤੌਰ ‘ਤੇ ਬੁਝਾਰਤਾਂ ਤਿੰਨ ਪ੍ਰਕਾਰ ਦੀਆਂ ਹੁੰਦੀਆਂ ਹਨ— ਛੋਟੀਆਂ, ਮੱਧ ਆਕਾਰ ਦੀਆਂ ਅਤੇ ਵੱਡੇ ਆਕਾਰ ਦੀਆਂ। ਉਦਾਹਰਨ ਲਈ ਇੱਥੇ ਵੀਹ ਬੁਝਾਰਤਾਂ ਉੱਤਰਾਂ ਸਮੇਤ ਸ਼ਾਮਲ ਕੀਤੀਆਂ ਗਈਆਂ ਹਨ।
1. ਨਿੱਕੀ ਜਿਹੀ ਕੁੜੀ ਲੈ ਪਰਾਂਦਾ ਤੁਰੀ।
ਉੱਤਰ : ਸੂਈ (Needle/सुई)
2. ਇੱਕ ਜਾਨਵਰ ਐਸਾ, ਜਿਸ ਦੀ ਦੁੰਮ ਪਰ ਪੈਸਾ।
ਉੱਤਰ : ਮੋਰ (मोर/Peacock)
3. ਹਰੀ ਸੀ, ਮਨ ਭਰੀ ਸੀ, ਮੋਤੀਆਂ ਨਾਲ ਜੜੀ ਸੀ, ਬਾਬਾ ਜੀ ਦੇ ਬਾਗ਼ ਵਿੱਚ, ਕੰਧ ਓਹਲੇ ਖੜ੍ਹੀ ਸੀ।
ਉੱਤਰ : ਮੱਕੀ ਦੀ ਛੱਲੀ (Corn/छल्ली/मकई)
4. ਚੋਰ ਦਾ ਦੁਸ਼ਮਣ, ਬੰਦੇ ਦਾ ਯਾਰ, ਪੀਵੇ ਇਹ ਦੁੱਧ, ਮਾਰੇ ਸ਼ਿਕਾਰ।
ਉੱਤਰ : ਕੁੱਤਾ (कुत्ता/Dog)
5. ਆਰ ਢਾਂਗਾ ਪਾਰ ਢਾਂਗਾ, ਵਿੱਚ ਟੱਲ-ਮ-ਟੱਲੀਆਂ, ਆਉਣ ਕੂੰਜਾਂ ਦੇਣ ਬੱਚੇ, ਨਦੀ ਨ੍ਹਾਉਣ ਚੱਲੀਆਂ,
ਨਦੀ ਦਾ ਇਸ਼ਨਾਨ ਕੀਤਾ, ਭੰਨ ਚਰਖ਼ਾ ਖੜ੍ਹਾ ਕੀਤਾ, ਗੋਹੜਿਆਂ ਨੂੰ ਅੱਗ ਲਾਈ, ਪੂਣੀਆਂ ਦਾ ਧੜਾ ਕੀਤਾ, ਲਾਲ ਚੂੜੇ ਵਾਲੀਏ, ਤੇਰਾ ਲਾਲ ਚੂੜਾ ਹਿੱਲਿਆ, ਦਰਿਆਓਂ ਪਾਣੀ ਢਿੱਲਿਆ।
ਉੱਤਰ :ਚਲਦਾ (ਗਿੜਦਾ) ਖੂਹ (Well/कुआँ)
6. ਚੌਦਾਂ ਕੂਟਾਂ, ਚੌਦਾਂ ਚੁਬਾਰੇ ਉੱਤੇ ਖੇਡਣ ਦੋ ਵਣਜਾਰੇ, ਮੌਤ ਕੋਲੋਂ ਮਰਦੇ ਨਹੀਂ ਉਹ, ਕਿਸੇ ਕੋਲੋਂ ਡਰਦੇ ਨਹੀਂ ਉਹ
ਉੱਤਰ : ਚੰਨ – ਸੂਰਜ (चाँद और सूरज/ Moon and Sun)
7. ਸਾਵਨ ਭਾਦੋਂ ਬਹੁਤ ਚਲਤ ਹੈ, ਪੋਹ-ਮਾਘ ਵਿੱਚ ਥੋੜ੍ਹੀ।
ਉੱਤਰ : ਹਵਾ (हवा/Wind)
8. ਤੁਰਦੀ ਹਾਂ ਪਰ ਪੈਰ ਨਹੀਂ, ਦੇਵਾਂ ਸਭ ਨੂੰ ਜਾਨ,
ਦੋ ਲਫ਼ਜਾਂ ਦੀ ਚੀਜ਼ ਹਾਂ, ਬੁੱਝੋ ਮੇਰਾ ਨਾਮ।
ਉੱਤਰ : ਮੀਂਹ (ਬਰਸਾਤ) (Rain/बारिश/बरसात)
9. ਹਰੀ-ਹਰੀ ਗੰਦਲ ਕੱਚ ਦਾ ਕੋਠਾ, ਕਚਨਾਰ ਦੀਆਂ ਫਲੀਆਂ, ਸ਼ਰਬਤ ਦੇ ਘੁੱਟ ਮਿਸ਼ਰੀ ਦੀਆਂ ਡਲੀਆਂ।
ਉੱਤਰ : ਹਦਵਾਣਾ (ਤਰਬੂਜ਼/ਮਤੀਰਾ) (Watermelon/तरबूज़)
10. ਦੋ ਕਬੂਤਰ ਕੋਲੋਂ-ਕੋਲੀਂ ਖੰਭ ਉਹਨਾਂ ਦੇ ਕਾਲੇ,
ਨਾ ਕੁਝ ਖਾਂਦੇ ਨਾ ਕੁਝ ਪੀਂਦੇ ਰੱਬ ਉਹਨਾਂ ਨੂੰ ਪਾਲੇ।
ਉੱਤਰ : ਅੱਖਾਂ (Eyes/आँखें)
11. ਊਠ ਤੇ ਚੜੱਦੀਏ, ਹਿਕੇਂਦਾ ਤੇਰਾ ਕੀ ਲਗਦਾ ? ਉਹਦਾ ਤਾਂ ਮੈਂ ਨਾਂ ਨਹੀਂ ਲੈਣਾ,
ਮੇਰਾ ਨਾਂ ਈ ਜੀਆਂ,
ਉਹਦੀ ਸੱਸ ਤੇ ਮੇਰੀ ਸੱਸ,
ਦੋਵੇਂ ਮਾਂਵਾਂ-ਧੀਆਂ।
ਉੱਤਰ : ਨੂੰਹ – ਸਹੁਰਾ (Daughter in law and Father in law/ बहू एवं ससुर)
12. ਇੱਕ ਥਾਲ ਮੋਤੀਆਂ ਭਰਿਆ,
ਸਭ ਦੇ ਸਿਰ ਪਰ ਉਲਟਾ ਧਰਿਆ,
ਚਾਰੇ ਪਾਸੇ ਥਾਲ ਉਹ ਫਿਰੇ, ਮੋਤੀ ਉਸ ‘ਚੋਂ ਇੱਕ ਨਾ ਕਿਸੇ
ਉੱਤਰ : ਆਕਾਸ਼ (Sky/आकाश/आसमान)
13. ਨਿੱਕੀ ਜਿਹੀ ਕੌਲੀ, ਕਨੇਡਾ ਜਾ ਬੋਲੀ।
ਉੱਤਰ : ਟੈਲੀਫ਼ੋਨ (Telephone/टेलीफ़ोन)
14. ਧਰਤੀ ਤੋਂ ਮੈਂ ਰੀਂਗ ਕੇ, ਹਵਾ ਵਿੱਚ ਤਾਰੀ ਲਾਵਾਂ, ਤੱਕ ਕੇ ਆਪਣਾ ਥਾਂ ਟਿਕਾਣਾ, ਫਿਰ ਧਰਤੀ ‘ਤੇ ਆਵਾਂ।
ਉੱਤਰ : ਹਵਾਈ ਜਹਾਜ਼ (हवाई जहाज/Aeroplane)
15. ਲੋਹੇ ਦੀ ਭੰਬੀਰੀ, ਪੀਵੇ ਇਹ ਤੇਲ,
ਦੌੜੇ ਇਹ ਜਦੋਂ ਮਾਤ ਕਰੇ ਰੇਲ।
ਉੱਤਰ : ਮੋਟਰ – ਕਾਰ (Car/मोटर कार)
16. ਤਿੰਨ ਪਿੰਨੀਆਂ, ਘਿਓ ਭੁੰਨੀਆਂ,
ਸੱਸ, ਨੂੰਹ, ਨਣਦ, ਭਰਜਾਈ,
ਮਾਵਾਂ-ਧੀਆਂ ਇੱਕ-ਇੱਕ ਆਈ।
ਉੱਤਰ : ਸੱਸ, ਨੂੰਹ ਅਤੇ ਧੀ (सास, बहू एवं बेटी/Mother in law, daughter in law and daughter)
17. ਨ੍ਹੇਰ ਘੁੱਪ, ਨ੍ਹੇਰ ਘੁੱਪ,
ਨੂੰਹ ਨੇ ਮਾਰੀ ਟੱਕਰ,
ਸਹੁਰਾ ਫੇਰ ਚੁੱਪ
ਉੱਤਰ : ਕੁੰਜੀ ਅਤੇ ਜਿੰਦਰਾ (चाबी एवं ताला/Key and Lock)
18. ਡੱਬ-ਖੜੱਬੀ ਬੱਕਰੀ,
ਡੱਬੀ ਉਹਦੀ ਛਾਂ,
ਚੌਲ ਮੇਰੀ ਬੱਕਰੀ,
ਕੱਲ੍ਹ ਵਾਲ਼ੀ ਥਾਂ।
ਉੱਤਰ : ਮੰਜਾ (Cot/मंजा/चारपाई)
19. ਥੱਲੇ ਗੋਹੇ ਦੀ ਪੰਸੇਰੀ,
ਉੱਤੇ ਲੋਹੇ ਦੀ ਪੰਸੇਰੀ,
ਉੱਤੇ ਗੁਦਗੁਦੀਆ।
ਉੱਤਰ : ਪਾਥੀਆਂ, ਤਵਾ ਅਤੇ ਰੋਟੀ ( गोबर के उपले, तवा एवं रोटी/Cow dung pieces, Pan for making Roti and Roti/Bread)
20. ਬਾਤ ਪਾਵਾਂ, ਬਤੋਲੀ ਪਾਵਾਂ,
ਬਾਤ ਨੂੰ ਲਾਵਾਂ ਆਰੀਆਂ,
ਜਿਉਂ-ਜਿਉਂ ਉਹਦੇ ਕੰਨ ਮਰੋੜਾਂ,
ਗੱਲਾਂ ਕਰੇ ਕਰਾਰੀਆਂ।
ਉੱਤਰ : ਰੇਡੀਓ (रेडियो/Radio)