CBSEclass 11 PunjabiEducationPunjab School Education Board(PSEB)

ਬੁਝਾਰਤਾਂ – ਪ੍ਰਸ਼ਨ – ਉੱਤਰ

ਪ੍ਰਸ਼ਨ 1 . ਬੁਝਾਰਤ ਤੋਂ ਕੀ ਭਾਵ ਹੈ? ਬੁਝਾਰਤਾਂ ਦੀਆਂ ਮੂਲ ਕਿਸਮਾਂ ਬਾਰੇ ਲਿਖੋ।

ਉੱਤਰ – ‘ਬੁਝਾਰਤ’ ਤੋਂ ਭਾਵ ਬੁੱਝਣ ਯੋਗ ਇਬਾਰਤ ਤੋਂ ਹੈ। ਇਸ ਵਿੱਚ ਜੀਵਨ ਦੇ ਕਿਸੇ ਪੱਖ ਨੂੰ ਸੂਤ੍ਰਿਕ ਸ਼ੈਲੀ ਰਾਹੀਂ ਅੜਾਉਣੀ ਦੇ ਰੂਪ ਵਿੱਚ ਪੇਸ਼ ਕੀਤਾ ਜਾਂਦਾ ਹੈ। ਇਨ੍ਹਾਂ ਦੀਆਂ ਮੂਲ ਕਿਸਮਾਂ ਦੋ ਹਨ – ਪਦ (ਕਾਵਿ) ਰੂਪ ਵਿੱਚ ਅਤੇ ਗਦ (ਵਾਰਤਕ) ਰੂਪ ਵਿੱਚ।

ਪਦ ਰੂਪ ਵਾਲੀ ਬੁਝਾਰਤ ਦੀਆਂ ਸਤਰਾਂ ਦੇ ਅੰਤ ਵਿੱਚ ਤੁਕਾਂਤ ਦਾ ਮੇਲ ਹੁੰਦਾ ਹੈ, ਪਰ ਗਦ ਰੂਪ ਬੁਝਾਰਤਾਂ ਵਿਚ ਇਸ ਤਰ੍ਹਾਂ ਨਹੀਂ ਹੁੰਦਾ।

ਪ੍ਰਸ਼ਨ 2 . ਬੁਝਾਰਤਾਂ ਦਾ ਸਾਡੇ ਜੀਵਨ ਵਿੱਚ ਕੀ ਮਹੱਤਵ ਹੈ?

ਉੱਤਰ – ਬੁਝਾਰਤਾਂ ਦਾ ਬਚਪਨ ਦੀ ਅਨਭੋਲ ਅਵਸਥਾ ਤੋਂ ਲੈ ਕੇ ਬੁਢਾਪੇ ਦੇ ਅੰਤਮ ਚਰਨ ਤਕ ਦੇ ਜੀਵਨ ਵਿੱਚ ਵਿਸ਼ੇਸ਼ ਮਹੱਤਵ ਹੁੰਦਾ ਹੈ।

ਮਨੁੱਖ ਆਪਣੇ ਜੀਵਨ ਭਰ ਵਿੱਚ ਆਉਣ ਵਾਲੀਆਂ ਗੁੰਝਲਾਂ ਨੂੰ ਤਦ ਹੀ ਖੋਲ੍ਹਣ ਦੇ ਸਮਰੱਥ ਹੁੰਦਾ ਹੈ, ਜੇਕਰ ਉਹ ਪਹਿਲਾਂ ਬੁਝਾਰਤਾਂ ਨੂੰ ਸਮਝਣ ਤੇ ਬੁੱਝਣ ਦੇ ਸਮਰੱਥ ਹੋ ਚੁੱਕਾ ਹੋਵੇ।

ਪ੍ਰਸ਼ਨ 3 . ਬੁਝਾਰਤਾਂ ਕਿਸੇ ਸਭਿਆਚਾਰ ਦੇ ਸੁਹਜਮਈ ਪੱਖ ਨੂੰ ਕਿਵੇਂ ਉਜਾਗਰ ਕਰਦੀਆਂ ਹਨ?

ਉੱਤਰ – ਬੁਝਾਰਤਾਂ ਕਿਸੇ ਸਭਿਆਚਾਰ ਦੇ ਸੁਹਜਮਈ ਪੱਖਾਂ ਨੂੰ ਰੋਚਕ ਤਰੀਕੇ ਨਾਲ ਪੇਸ਼ ਕਰਦੀਆਂ ਹੋਈਆਂ ਬਹੁਤ ਸਾਰੇ ਦ੍ਰਿਸ਼ ਚਿਤਰਾਂ ਨਾਲ ਅਲੋਕਾਰ ਕਿਸਮ ਦੇ ਬਿੰਬ ਵੀ ਉਭਾਰਦੀਆਂ ਹਨ, ਜਿਵੇਂ ਇਸ ਵਿੱਚ ਬੁੱਝਣ ਲਈ ‘ਅਸਮਾਨ’ ਵੱਲ ਸੰਕੇਤ ਹੇਠ ਲਿਖੇ ਅਲੰਕਾਰ ਬਿੰਬ ਰਾਹੀਂ ਪੇਸ਼ ਕੀਤਾ ਗਿਆ ਹੈ।

ਇਕ ਥਾਲ ਮੋਤੀਆਂ ਭਰਿਆ,
ਸਭ ਦੇ ਸਿਰ ‘ਤੇ ਉਲਟਾ ਧਰਿਆ,
ਚਾਰੇ ਪਾਸੇ ਥਾਲ ਉਹ ਫਿਰੇ,
ਮੋਤੀ ਉਸ ਵਿੱਚੋਂ ਇਕ ਨਾ ਕਿਰੇ।

ਪ੍ਰਸ਼ਨ 4 . ਬੁਝਾਰਤਾਂ ਨੂੰ ਬੁੱਝਣ ਅਤੇ ਪੁੱਛਣ ਦਾ ਸਮਾਂ ਕਿਹੜਾ ਹੁੰਦਾ ਹੈ?

ਉੱਤਰ – ਬੁਝਾਰਤਾਂ ਨੂੰ ਬੁੱਝਣ ਅਤੇ ਪੁੱਛਣ ਦਾ ਸਮਾਂ ਰਾਤ ਸੌਣ ਤੋਂ ਪਹਿਲਾਂ ਦਾ ਹੁੰਦਾ ਹੈ।