EducationKidsNCERT class 10th

ਬੀਬੀ ਭਾਨੀ ਜੀ (ਜੀਵਨੀ) – ਸੁਖਵਿੰਦਰ ਕੌਰ

ਸਾਹਿਤਕ ਰੰਗ – 2
ਦਸਵੀਂ ਜਮਾਤ

ਪ੍ਰਸ਼ਨ 1 . ਬੀਬੀ ਭਾਨੀ ਜੀ ਦੇ ਮੁੱਢਲੇ ਜੀਵਨ ਉੱਤੇ ਰੋਸ਼ਨੀ ਪਾਉ?
ਉੱਤਰ – ਬੀਬੀ ਭਾਨੀ ਜੀ ਦਾ ਮੁੱਢਲਾ ਜੀਵਨ ਬੜਾ ਹੀ ਸਹਿਜ, ਸ਼ਾਂਤ ਤੇ ਸੇਵਾ ਭਾਵਨਾ ਵਾਲਾ ਸੀ। ਆਪ ਬਚਪਨ ਤੋਂ ਪਿਤਾ ਗੁਰੂ ਦੀ ਬਹੁਤ ਸੇਵਾ ਕਰਦੇ ਸਨ।
ਪ੍ਰਸ਼ਨ 2 . ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ਕਿਹੜੇ ਨਾਂ ਨਾਲ ਸੰਬੋਧਨ ਕੀਤਾ ਜਾਂਦਾ ਹੈ ?
ਉੱਤਰ – ਸਿੱਖ ਧਰਮ ਵਿੱਚ ਗੁਰੂ ਪਤਨੀ ਨੂੰ ‘ਗੁਰੂ ਮਹਿਲ’ ਨਾਂ ਨਾਲ ਸੰਬੋਧਿਤ ਕੀਤਾ ਜਾਂਦਾ ਹੈ। ਪਤਨੀ ਲਈ ਇਹ ਸ਼ਬਦ ਸਿੱਖ ਇਤਿਹਾਸ ਵਿੱਚ ਇਸਤਰੀ ਜਾਤੀ ਦੇ ਸਤਿਕਾਰ ਵਜੋਂ ਵਰਤਿਆ ਜਾਂਦਾ ਹੈ।
ਪ੍ਰਸ਼ਨ 3 . ਬੀਬੀ ਭਾਨੀ ਜੀ ਦਾ ਜਨਮ ਕਦੋਂ ਤੇ ਕਿੱਥੇ ਹੋਇਆ?
ਉੱਤਰ – ਬੀਬੀ ਭਾਨੀ ਜੀ ਦਾ ਜਨਮ 1590 ਈ. ਵਿੱਚ ਪਿੰਡ ਬਾਸਰਕੇ ਜਿਲ੍ਹਾ ਅੰਮ੍ਰਿਤਸਰ ਵਿਖੇ, ਮਾਤਾ ਮਨਸਾ ਦੇਵੀ ਜੀ ਦੀ ਕੁੱਖੋਂ ਤੇ ਪਿਤਾ ਗੁਰੂ ਅਮਰਦਾਸ ਜੀ ਦੇ ਗ੍ਰਹਿ ਵਿਖੇ ਹੋਇਆ।
ਪ੍ਰਸ਼ਨ 4. ਬੀਬੀ ਭਾਨੀ ਜੀ ਦੇ ਪਿਤਾ, ਪਤੀ, ਪੁੱਤਰ ਅਤੇ ਪੋਤਰੇ ਦਾ ਕੀ ਨਾਂ ਸੀ ? ਕ੍ਰਮਵਾਰ ਦੱਸੋ ਕਿ ਉਹ ਸਿੱਖਾਂ ਦੇ ਕਿਹੜੇ – ਕਿਹੜੇ ਗੁਰੂ ਸਾਹਿਬਾਨ ਸਨ ?
ਉੱਤਰ – ਬੀਬੀ ਭਾਨੀ ਜੀ ਦੇ ਪਿਤਾ ਦਾ ਨਾਂ ਗੁਰੂ ਅਮਰਦਾਸ ਜੀ, ਪਤੀ ਦਾ ਨਾਂ ਗੁਰੂ ਰਾਮਦਾਸ ਜੀ, ਪੁੱਤਰ ਦਾ ਨਾਂ ਗੁਰੂ ਅਰਜਨ ਦੇਵ ਜੀ ਅਤੇ ਪੋਤਰੇ ਦਾ ਨਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਸੀ। ਉਹ ਕ੍ਰਮਵਾਰ ਸਿੱਖਾਂ ਦੇ ਤੀਜੇ, ਚੌਥੇ, ਪੰਜਵੇਂ ਅਤੇ ਛੇਵੇਂ ਗੁਰੂ ਸਨ।

ਪ੍ਰਸ਼ਨ 5 . ਬੀਬੀ ਭਾਨੀ ਜੀ ਕਿਹੜੇ ਗੁਣਾਂ ਦੇ ਧਾਰਨੀ ਸਨ ?
ਉੱਤਰ – ਬੀਬੀ ਭਾਨੀ ਜੀ ਆਦਰਸ਼ਕ ਗੁਣਾਂ ਦੇ ਧਾਰਨੀ ਸਨ। ਗੁਰੂ ਆਗਿਆ ਮੰਨਣ ਵਾਲੇ, ਸੇਵਾ ਦੀ ਮੂਰਤ, ਕਸ਼ਟਾਂ ਦੀ ਪਰਵਾਹ ਨਾ ਕਰਨ ਵਾਲੇ, ਮਿਹਨਤੀ, ਸੁਘੜ ਸਿਆਣੇ ਤੇ ਭਵਿੱਖ ਦੀਆਂ ਸੋਚਾਂ ਸੋਚਣ ਵਾਲੇ ਗੁਣਾਂ ਨਾਲ ਭਰਪੂਰ ਸਨ। ਉਨ੍ਹਾਂ ਨੇ ਸਬਰ ‘ਚ ਰਹਿ ਕੇ ਗੁਰੂ ਘਰ ਤੇ ਲੰਗਰਾਂ ਦੀ ਸੇਵਾ ਕਰਕੇ ਜੀਵਨ ਜਾਚ ਦੱਸੀ।
ਪ੍ਰਸ਼ਨ 6 . ਬੀਬੀ ਭਾਨੀ ਜੀ ਨੇ ਕਿਸ ਤੋਂ ਕੀ ਵਰ ਮੰਗਿਆ ?
ਉੱਤਰ – ਬੀਬੀ ਭਾਨੀ ਜੀ ਨੇ ਆਪਣੇ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਤੋਂ ਇਹ ਵਰ ਮੰਗਿਆ ਕਿ ਗੁਰੂ ਪਰੰਪਰਾ ਆਪਣੇ ਹੀ ਵੰਸ਼ ਵਿੱਚ ਚਲਦੀ ਰਹੇ।
ਪ੍ਰਸ਼ਨ 7 . ਬੀਬੀ ਭਾਨੀ ਜੀ ਕਿਸ ਗੁਰੂ ਦੇ ਮਹਿਲ ਸਨ ਤੇ ਉਨ੍ਹਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਕਿਸ ਰੂਪ ਵਿੱਚ ਜਾਣਿਆ ਜਾਂਦਾ ਹੈ ?
ਉੱਤਰ – ਬੀਬੀ ਭਾਨੀ ਜੀ ਸਿੱਖਾਂ ਦੇ ਚੌਥੇ ਗੁਰੂ ਰਾਮਦਾਸ ਜੀ ਦੇ ਮਹਿਲ ਸਨ। ਉਨ੍ਹਾਂ ਦਾ ਨਾਂ ਸਿੱਖ ਇਤਿਹਾਸ ਵਿੱਚ ਆਦਰਸ਼ ਸਿੱਖ ਬੀਬੀਆਂ ਵਿੱਚ ਜਾਣਿਆ ਜਾਂਦਾ ਹੈ, ਜੋ ਨੇਕ ਤੇ ਆਗਿਆਕਾਰ ਗੁਰੂ – ਪੁੱਤਰੀ, ਗੁਰੂ – ਪਤਨੀ, ਗੁਰੂ – ਮਾਂ ਤੇ ਗੁਰੂ – ਦਾਦੀ ਬਣ ਕੇ ਸਮੁੱਚੀ ਇਸਤਰੀ ਜਾਤੀ ਲਈ ਚਾਨਣ – ਮੁਨਾਰਾ ਬਣੇ।
ਪ੍ਰਸ਼ਨ 8 . ਗੁਰੂ – ਮਹਿਲਾਂ ‘ਤੇ ਪੂਰੀ ਇਸਤਰੀ ਜਾਤੀ ਨੂੰ ਮਾਣ ਹੈ। ਦੱਸੋ ਕਿਉਂ ?
ਉੱਤਰ – ਗੁਰੂ – ਮਹਿਲਾਂ ‘ਤੇ ਪੂਰੀ ਇਸਤਰੀ ਜਾਤੀ ਨੂੰ ਇਸਲਈ ਮਾਣ ਹੈ, ਕਿਉਂਕਿ ਉਨ੍ਹਾਂ ਵਿੱਚ ਇੱਕ ਅਜਿਹੀ ਸ਼ਕਤੀ ਸੀ ਕਿ ਜਿੱਧਰ ਵੀ ਗੁਰੂ ਸਾਹਿਬਾਨ ਨੇ ਇਸ਼ਾਰਾ ਕਰ ਦਿੱਤਾ, ਉਨ੍ਹਾਂ ਅੰਤਿਮ ਸਵਾਸਾਂ ਤੱਕ ਉਸ ਆਗਿਆ ਨੂੰ ਪੂਰੀ ਜਿੰਮੇਵਾਰੀ ਨਾਲ ਨਿਭਾਇਆ ਤੇ ਵਿਰਸੇ ਨੂੰ ਗੌਰਵ ਪ੍ਰਦਾਨ ਕੀਤਾ।
ਪ੍ਰਸ਼ਨ 9 . ਬੀਬੀ ਭਾਨੀ ਜੀ ਨੇ ਬਰਕਤਾਂ ਵਾਲੀਆਂ ਲੋਰੀਆਂ ਕਿਸ ਨੂੰ ਦਿੱਤੀਆਂ ਸਨ ?
ਉੱਤਰ – ਬੀਬੀ ਭਾਨੀ ਜੀ ਨੇ ਬਰਕਤਾਂ ਵਾਲੀਆਂ ਲੋਰੀਆਂ ਆਪਣੇ ਪੋਤਰੇ ਹਰਗੋਬਿੰਦ ਸਾਹਿਬ, ਜੋ ਕਿ ਗੁਰੂ ਅਰਜਨ ਦੇਵ ਜੀ ਦੇ ਸਪੁੱਤਰ ਸਨ, ਨੂੰ ਦਿੱਤੀਆਂ ਸਨ।
ਪ੍ਰਸ਼ਨ 10. ਬੀਬੀ ਭਾਨੀ ਜੀ ਨੇ ਆਪਣੀ ਜ਼ਿੰਦਗੀ ਦਾ ਵਧੇਰਾ ਹਿੱਸਾ ਕਿਸ ਦੀ ਦੇਖਭਾਲ ਵਿੱਚ ਬਤੀਤ ਕੀਤਾ ?
ਉੱਤਰ – ਬੀਬੀ ਭਾਨੀ ਜੀ ਨੇ ਆਪਣੀ ਜ਼ਿੰਦਗੀ ਦਾ ਵਧੇਰਾ ਹਿੱਸਾ ਪਿਤਾ ਸ੍ਰੀ ਗੁਰੂ ਅਮਰਦਾਸ ਜੀ ਅਤੇ ਸਪੁੱਤਰ ਅਰਜਨ ਦੇਵ ਜੀ ਦੀ ਦੇਖਭਾਲ ਵਿੱਚ ਬਤੀਤ ਕੀਤਾ।
ਪ੍ਰਸ਼ਨ 11. ਬੀਬੀ ਭਾਨੀ ਜੀ ਦੇ ਸੁਪੱਤਰਾਂ ਦੇ ਨਾਂ ਦੱਸੋ ?
ਉੱਤਰ – ਬੀਬੀ ਭਾਨੀ ਜੀ ਦੇ ਤਿੰਨ ਸਪੁੱਤਰ ਸਨ । ਸਭ ਤੋਂ ਵੱਡੇ ਸਪੁੱਤਰ ਦਾ ਨਾਂ ਪ੍ਰਿਥੀ ਚੰਦ ਤੇ ਛੋਟੇ ਦਾ ਨਾਂ ਮਹਾਦੇਵ ਤੇ ਸਭ ਤੋਂ ਛੋਟੇ ਦਾ ਨਾਂ ਅਰਜਨ ਦੇਵ ਜੀ ਸੀ।
ਪ੍ਰਸ਼ਨ 12 . ਬੀਬੀ ਭਾਨੀ ਜੀ ਦਾ ਨਾਂ ‘ਭਾਨੀ’ ਕਿਉਂ ਰੱਖਿਆ ਗਿਆ ?
ਉੱਤਰ – ਬੀਬੀ ਭਾਨੀ ਜੀ ਦਾ ਨਾਂ ‘ਭਾਨੀ’ ਉਨ੍ਹਾਂ ਦੀ ਗੁਰੂ ਭਗਤੀ ਤੇ ਸੇਵਾ – ਭਾਵਨਾ ਨੂੰ ਮੁੱਖ ਰੱਖ ਕੇ ਹੀ ਰੱਖਿਆ ਗਿਆ। ਉਹ ਬਚਪਨ ਤੋਂ ਹੀ ਪਿਤਾ ਗੁਰੂ ਦੀ ਸੇਵਾ ਨੂੰ ਸਮਰਪਿਤ ਸਨ।
ਪ੍ਰਸ਼ਨ 13 . ਬੀਬੀ ਭਾਨੀ ਜੀ ਦੇ ਜੀਵਨ ਦੇ ਕਿਹੜੇ ਸੁੰਦਰ ਪ੍ਰਸੰਗ ਦਾ ਵਰਨਣ ਕੀਤਾ ਗਿਆ ਹੈ ?
ਉੱਤਰ – ਬੀਬੀ ਭਾਨੀ ਜੀ ਦੇ ਜੀਵਨ ਦੇ ਸੁੰਦਰ ਪ੍ਰਸੰਗ ਇਸ ਪ੍ਰਕਾਰ ਹੈ :
ਇੱਕ ਵਾਰ ਪਿਤਾ ਜੀ ਦੇ ਇਸ਼ਨਾਨ ਦੌਰਾਨ ਚੌਂਕੀ ਦਾ ਪਾਵਾ ਟੁੱਟ ਗਿਆ। ਆਪ ਨੇ ਵੇਖ ਲਿਆ ਤੇ ਟੁੱਟੇ ਪਾਵੇ ਦੇ ਹੇਠਾਂ ਹੱਥ ਰੱਖ ਦਿੱਤਾ ਤਾਂ ਜੋ ਪਿਤਾ ਜੀ ਨੂੰ ਕੋਈ ਨੁਕਸਾਨ ਨਾ ਹੋਵੇ। ਜਦੋਂ ਪਿਤਾ ਜੀ ਨੇ ਵੇਖਿਆ ਤਾਂ ਉਨ੍ਹਾਂ ਨੇ ਇਸ ਬਾਰੇ ਪੁੱਛਿਆ ਪਰ ਆਪ ਨੇ ਇਸ ਦਾ ਕੋਈ ਜਵਾਬ ਨਾ ਦਿੱਤਾ।
ਪ੍ਰਸ਼ਨ 14 . ਬੀਬੀ ਭਾਨੀ ਜੀ ਨੇ ਘਰੇਲੂ ਜਿੰਮੇਵਾਰੀਆਂ ਨੂੰ ਕਿਵੇਂ ਨਿਭਾਇਆ ?
ਉੱਤਰ – ਬੀਬੀ ਭਾਨੀ ਜੀ ਨੇ ਘਰੇਲੂ ਜਿੰਮੇਵਾਰੀਆਂ ਨੂੰ ਪੂਰੀ ਤਨਦੇਹੀ ਨਾਲ ਨਿਭਾਇਆ। ਪੁੱਤਰ ਦੀ ਦੇਖਭਾਲ ਕੀਤੀ ਤੇ ਫਿਰ ਪੋਤਰੇ ਹਰਗੋਬਿੰਦ ਦੀ ਪਰਵਰਿਸ਼ ਵਿੱਚ ਵੀ ਵੱਡਮੁੱਲਾ ਯੋਗਦਾਨ ਪਾਇਆ। ਬੀਬੀ ਭਾਨੀ ਦੀਆਂ ਬਰਕਤਾਂ ਵਾਲੀਆਂ ਲੋਰੀਆਂ ਨੇ ਹੀ ਹਰਗੋਬਿੰਦ ਸਾਹਿਬ ਨੂੰ ਇੱਕ ਅਜਿਹਾ ਯੋਧਾ ਬਣਾਇਆ, ਜਿਸ ਨੇ ਪੀਰੀ ਨਾਲ ਮੀਰੀ ਵੀ ਜੋੜ ਦਿੱਤੀ।
ਪ੍ਰਸ਼ਨ 15 . ਬੀਬੀ ਭਾਨੀ ਜੀ ਲਈ ਵਰ ਦੀ ਚੋਣ ਕਿਸ ਤਰ੍ਹਾਂ ਕੀਤੀ ਗਈ ?
ਉੱਤਰ – ਬੀਬੀ ਭਾਨੀ ਜੀ ਜਦੋਂ ਵਿਆਹੁਣਯੋਗ ਹੋਏ ਤਾਂ ਆਪ ਜੀ ਦੀ ਮਾਤਾ ਜੀ ਨੇ ਆਪਜੀ ਦੇ ਪਿਤਾ ਜੀ ਨੂੰ ਕੋਈ ਚੰਗਾ ਜਿਹਾ ਵਰ ਲੱਭਣ ਲਈ ਕਿਹਾ ; ਜਿਵੇਂ ਦਾ ਭਾਈ ਜੇਠਾ ਜੀ ਹੈ। ਇਹ ਸੁਣ ਕੇ ਪਿਤਾ ਅਮਰਦਾਸ ਜੀ ਕਹਿਣ ਲੱਗੇ ਕਿ ਇਸ ਜਿਹਾ ਤਾਂ ਇਹੋ ਹੀ ਹੈ। ਇਸ ਤਰ੍ਹਾਂ ਭਾਈ ਜੇਠਾ ਨੂੰ ਬੀਬੀ ਭਾਨੀ ਲਈ ਯੋਗ ਸਮਝ ਕੇ ਉਨ੍ਹਾਂ ਨਾਲ ਰਿਸ਼ਤਾ ਤੈਅ ਕਰ ਦਿੱਤਾ।
ਪ੍ਰਸ਼ਨ 16 . ਬੀਬੀ ਭਾਨੀ ਜੀ ਦੀ ਵੰਸ਼ ਦੀ ਗੁਰੂ ਪਰੰਪਰਾ ਨੇ ਸਿੱਖੀ ਲਈ ਕਿਹੜਾ ਵਿਸ਼ੇਸ਼ ਯੋਗਦਾਨ ਪਾਇਆ ?
ਉੱਤਰ – ਬੀਬੀ ਭਾਨੀ ਜੀ ਦੇ ਵੰਸ਼ ਨੇ ਸਿੱਖੀ ਨੂੰ ਬਚਾਉਣ ਲਈ ਆਪਾ ਵਾਰਨ ਦੀ ਪਰੰਪਰਾ ਤੋੜੀ। ਬੀਬੀ ਭਾਨੀ ਜੀ ਦੇ ਸਪੁੱਤਰ ਗੁਰੂ ਅਰਜਨ ਦੇਵ ਜੀ ਨੇ ਸਿੱਖੀ ਦੀ ਖ਼ਾਤਰ ਆਤਮ – ਬਲੀਦਾਨ ਦੇ ਕੇ ਸ਼ਹੀਦਾਂ ਦੇ ਸਿਰਤਾਜ ਹੋਣ ਦਾ ਮਾਣ ਪ੍ਰਾਪਤ ਕੀਤਾ, ਜੋ ਪਿੱਛੋਂ ਗੁਰੂ ਤੇਗ ਬਹਾਦਰ ਜੀ ਦੀ ਲਾਸਾਨੀ ਸ਼ਹਾਦਤ ਤੇ ਸਾਹਿਬਜਾਦਿਆਂ ਦੀਆਂ ਦਲੇਰੀ ਭਰੀਆਂ ਕੁਰਬਾਨੀਆਂ ਨੇ ਸ਼ਿਖਰ ‘ਤੇ ਪਹੁੰਚਾਇਆ।

ਵਿਦਿਆਰਥੀਆਂ ਨੂੰ ਇਹ ਤਸਦੀਕ ਦਿੱਤੀ ਜਾਂਦੀ ਹੈ ਕਿ ਉਹ ਪੂਰਾ ਪਾਠ ਧਿਆਨ ਨਾਲ ਪੜ੍ਹ ਕੇ ਪ੍ਰੀਖਿਆ ਦੇਣ ਜਾਣ, ਕਿਉਂਕਿ ਕਈ ਵਾਰ ਪੇਪਰ ਪਾਠ ਦੇ ਵਿੱਚੋਂ ਆ ਜਾਂਦਾ ਹੈ।