ਬਿਨੈ – ਪੱਤਰ : ਇਲਾਕੇ ਵਿੱਚ ਜ਼ਿਆਦਾ ਬਿਜਲੀ ਕੱਟ ਲੱਗਣ ਦੀ ਸ਼ਿਕਾਇਤ
ਆਪਣੇ ਇਲਾਕੇ ਵਿੱਚ ਜ਼ਿਆਦਾ ਬਿਜਲੀ ਕੱਟ ਲੱਗਣ ਦੀ ਸ਼ਿਕਾਇਤ ਬਿਜਲੀ ਅਧਿਕਾਰੀ ਨੂੰ ਕਰੋ।
ਪਰੀਖਿਆ ਭਵਨ
__________________ ਸ਼ਹਿਰ
ਮਿਤੀ : 25 ਮਈ, 20___
ਸੇਵਾ ਵਿਖੇ
ਮੁੱਖ ਨਿਗਰਾਨ
ਪੰਜਾਬ ਰਾਜ ਬਿਜਲੀ ਬੋਰਡ
__________________ ਸ਼ਹਿਰ
ਵਿਸ਼ਾ : ਮੁਹੱਲਾ ਚੰਦਨ ਨਗਰ ਵਿੱਚ ਲਗਾਤਾਰ ਲੱਗ ਰਹੇ ਬਿਜਲੀ ਕੱਟ ਬਾਰੇ ਅਰਜ਼ੀ
ਸ੍ਰੀਮਾਨ ਜੀ
ਬੇਨਤੀ ਇਹ ਹੈ ਕਿ ਮੈਂ ਮੁਹੱਲਾ ਚੰਦਨ ਨਗਰ ਦਾ ਰਹਿਣ ਵਾਲਾ ਹਾਂ। ਮੈਂ ਆਪ ਜੀ ਦਾ ਧਿਆਨ ਇਸ ਇਲਾਕੇ ਵਿੱਚ ਬਹੁਤ ਜ਼ਿਆਦਾ ਲੱਗਣ ਵਾਲੇ ਬਿਜਲੀ ਕੱਟ ਵੱਲ ਦਿਵਾਉਣਾ ਚਾਹੁੰਦਾ ਹਾਂ। ਪਿਛਲੇ ਇੱਕ ਮਹੀਨੇ ਤੋਂ ਇਸ ਇਲਾਕੇ ਵਿੱਚ ਲਗਾਤਾਰ ਛੇ-ਛੇ ਘੰਟਿਆਂ ਦੇ ਬਿਜਲੀ ਕੱਟ ਲੱਗ ਰਹੇ ਹਨ, ਜਿਨ੍ਹਾਂ ਕਾਰਨ ਇਲਾਕਾ ਨਿਵਾਸੀ ਬਹੁਤ ਪਰੇਸ਼ਾਨ ਹਨ। ਇੱਕ ਤਾਂ ਇਹ ਗਰਮੀ ਦਾ ਮਹੀਨਾ ਹੈ ਤੇ ਗਰਮੀ ਵੀ ਅੱਤ ਦੀ ਪੈ ਰਹੀ ਹੈ। ਕਈ ਵਾਰੀ ਤਾਂ ਬਿਜਲੀ ਮਿੰਟ ਬਾਅਦ ਜਾਂਦੀ ਤੇ ਮਿੰਟ ਬਾਅਦ ਆਉਂਦੀ ਹੈ ਜਿਸ ਨਾਲ ਬਲਬ, ਟਿਊਬਾਂ, ਫਰਿੱਜ, ਟੀ. ਵੀ. ਤੇ ਏ. ਸੀ. ਆਦਿ ਖ਼ਰਾਬ ਹੋ ਜਾਂਦੇ ਹਨ। ਹਰ ਰੋਜ਼ ਤਕਰੀਬਨ ਕਈ ਘਰਾਂ ਦਾ ਬੜਾ ਨੁਕਸਾਨ ਹੁੰਦਾ ਹੈ। ਸਾਰੇ ਦਿਨ ਵਿੱਚ ਬਿਜਲੀ ਮਸਾਂ ਦੋ ਜਾਂ ਤਿੰਨ ਘੰਟੇ ਹੀ ਰਹਿੰਦੀ ਹੈ ਤੇ ਬਾਕੀ ਸਾਰਾ ਦਿਨ ਗਰਮੀ ਵਿੱਚ ਹੀ ਕੱਟਣਾ ਪੈਂਦਾ ਹੈ। ਛੋਟੇ-ਛੋਟੇ ਬੱਚੇ ਗਰਮੀ ਕਾਰਨ ਰੋਂਦੇ-ਕੁਰਲਾਉਂਦੇ ਹਨ ਅਤੇ ਬਜ਼ੁਰਗਾਂ ਨੂੰ ਵੀ ਔਖਾ ਹੋਣਾ ਪੈਂਦਾ ਹੈ।
ਸ੍ਰੀਮਾਨ ਜੀ, ਬਹੁਤ ਗਰਮੀ ਹੋਣ ਕਾਰਨ ਬੱਚੇ ਸਕੂਲ ਦਾ ਕੰਮ ਵੀ ਨਹੀਂ ਕਰ ਪਾਉਂਦੇ ਤੇ ਰਾਤ ਨੂੰ ਵੀ ਬਿਜਲੀ ਦਾ ਮਾੜਾ ਹਾਲ ਹੋਣ ਦੇ ਕਾਰਨ ਉਹ ਚੰਗੀ ਤਰ੍ਹਾਂ ਸੌਂ ਵੀ ਨਹੀਂ ਸਕਦੇ। ਉਨ੍ਹਾਂ ਨੂੰ ਸਕੂਲ ਜਾ ਕੇ ਨੀਂਦਰ ਆਉਂਦੀ ਰਹਿੰਦੀ ਹੈ ਤੇ ਸਕੂਲ ਦਾ ਕੰਮ ਨਾ ਕਰਨ ਕਰਕੇ ਸ਼ਰਮਿੰਦਾ ਹੋਣਾ ਪੈਂਦਾ ਹੈ। ਆਪ ਜੀ ਅੱਗੇ ਬੇਨਤੀ ਹੈ ਕਿ ਤੁਸੀਂ ਸਾਡੇ ਇਲਾਕੇ ਵਿੱਚ ਬਿਜਲੀ ਦਾ ਉਚਿਤ ਪ੍ਰਬੰਧ ਕਰਵਾਓ ਤਾਂ ਜੋ ਸਾਡੀਆਂ ਮੁਸ਼ਕਲਾਂ ਵੀ ਘੱਟ ਸਕਣ। ਕਿਰਪਾ ਕਰਕੇ ਸਾਡੇ ਇਲਾਕੇ ਵਿੱਚ ਬਿਜਲੀ ਦੀ ਸਪਲਾਈ ਠੀਕ ਕਰਵਾਓ। ਅਸੀਂ ਆਪ ਜੀ ਦੇ ਅਤੀ ਧੰਨਵਾਦੀ ਹੋਵਾਂਗੇ।
ਆਪ ਜੀ ਦਾ ਵਿਸ਼ਵਾਸ ਪਾਤਰ
ਹਰਪਾਲ ਅਤੇ ਸਮੂਹ ਇਲਾਕਾ ਨਿਵਾਸੀ