ਮੈਂ ਪੀਆਂ…….. ਵਾਜ ਨਾ ਕੱਢਦਾ।


ਬਿਨਫਸ਼ਾਂ ਦਾ ਫੁੱਲ : ਪ੍ਰਸੰਗ ਸਹਿਤ ਵਿਆਖਿਆ


ਬਿਨਫ਼ਸ਼ਾਂ ਦਾ ਫੁੱਲ : ਭਾਈ ਵੀਰ ਸਿੰਘ ਜੀ


ਪ੍ਰਸ਼ਨ. ਹੇਠ ਲਿਖੇ ਕਾਵਿ-ਟੋਟੇ ਦੀ ਪ੍ਰਸੰਗ ਦੱਸ ਕੇ ਵਿਆਖਿਆ ਕਰੋ-

ਮੈਂ ਪੀਆਂ ਅਰਸ਼ ਦੀ ਤ੍ਰੇਲ, ਪਲਾਂ ਮੈਂ ਕਿਰਨ ਖਾ,

ਮੇਰੀ ਨਾਲ ਚਾਂਦਨੀ ਖੇਲ, ਰਾਤਿ ਰਲ ਖੇਲੀਏ,

ਮੈਂ ਮਸਤ ਆਪਣੇ ਹਾਲ, ਮਗਨ ਗੰਧਿ ਆਪਣੀ ।

ਹਾਂ, ਦਿਨ ਨੂੰ ਭੌਰੇ ਨਾਲ ਭੀ ਮਿਲਣੋ ਸੰਗਦਾ ।

ਆ ਸ਼ੋਖੀ ਕਰ ਕੇ ਪੌਣ, ਜਦੋਂ ਗਲ ਲਗਦੀ,

ਮੈਂ ਨਾਹਿੰ ਹਿਲਾਵਾਂ ਧੌਣ, ਵਾਜ ਨਾ ਕੱਢਦਾ ।

ਪ੍ਰਸੰਗ : ਇਹ ਕਾਵਿ-ਟੋਟਾ ‘ਸਾਹਿਤ-ਮਾਲਾ’ ਪੁਸਤਕ ਵਿਚ ਦਰਜ ਭਾਈ ਵੀਰ ਸਿੰਘ ਦੀ ਲਿਖੀ ਹੋਈ ਕਵਿਤਾ ‘ਬਿਨਫਸ਼ਾਂ ਦਾ ਫੁੱਲ’ ਵਿਚੋਂ ਲਿਆ ਗਿਆ ਹੈ। ਇਸ ਕਵਿਤਾ ਵਿਚ ਭਾਈ ਸਾਹਿਬ ਨੇ ਪ੍ਰਭੂ ਪ੍ਰੇਮ ਵਿਚ ਰੰਗੇ ਇਕ ਸਾਧਕ ਦੀ ਅਵਸਥਾ ਨੂੰ ਬਿਆਨ ਕਰਦੇ ਹੋਏ ਦੱਸਿਆ ਹੈ ਕਿ ਉਹ ਦੁਨੀਆ ਵਿਚ ਆਪਣੀ ਹੋਂਦ ਦਾ ਪ੍ਰਗਟਾਵਾ ਨਹੀਂ ਕਰਨਾ ਚਾਹੁੰਦਾ, ਪਰ ਉਸ ਦੀ ਇਹ ਇੱਛਾ ਪੂਰੀ ਨਹੀਂ ਹੁੰਦੀ। ਇਹ ਕਵਿਤਾ ਭਾਈ ਸਾਹਿਬ ਦੀ ਆਪਣੀ ਸ਼ਖ਼ਸੀਅਤ ਦੀ ਲਖਾਇਕ ਹੈ। ਇਸ ਵਿਚ ਭਾਈ ਸਾਹਿਬ ਨੇ ਇਕ ਸਾਧਕ ਨੂੰ (ਜਾਂ ਆਪਣੇ ਆਪ ਨੂੰ) ਬਨਫਸ਼ੇ ਦੇ ਇਕ ਫੁੱਲ ਦੇ ਚਿੰਨ੍ਹ ਦੇ ਰੂਪ ਵਿਚ ਪੇਸ਼ ਕੀਤਾ ਹੈ।

ਵਿਆਖਿਆ : ਬਨਫਸ਼ੇ ਦਾ ਫੁੱਲ ਆਪਣੀ ਛੁਪੇ ਰਹਿਣ ਦੀ ਇੱਛਾ ਨੂੰ ਪ੍ਰਗਟ ਕਰਦਾ ਹੋਇਆ ਕਹਿੰਦਾ ਹੈ ਕਿ ਮੈਂ ਬੜਾ ਸਾਦਾ ਜੀਵਨ ਜਿਊਂਦਾ ਹਾਂ ਤੇ ਨਿਰਮਾਣਤਾ ਨਾਲ ਰਹਿੰਦਾ ਹਾਂ। ਉਹ ਕਹਿੰਦਾ ਹੈ ਕਿ ਮੈਂ ਅਰਸ਼ ਤੋਂ ਤੇਲ ਲੈ ਕੇ ਪੀਂਦਾ ਹਾਂ ਤੇ ਕਿਰਨਾਂ ਖਾ ਕੇ ਪਲਦਾ ਹਾਂ। ਮੈਂ ਸਾਰੀ ਰਾਤ ਚੰਦ ਦੀ ਚਾਂਦਨੀ ਨਾਲ ਖੇਡਦਾ ਹਾਂ। ਮੈਂ ਆਪਣੇ ਆਪ ਵਿਚ ਮਸਤ ਰਹਿੰਦਾ ਹਾਂ ਤੇ ਆਪਣੀ ਖ਼ੁਸ਼ਬੂ ਵਿਚ ਮਗਨ ਰਹਿੰਦਾ ਹਾਂ। ਮੈਂ ਦਿਨ ਵੇਲੇ ਭੌਰੇ ਨਾਲ ਮਿਲਣੋ ਵੀ ਸੰਗਦਾ ਹਾਂ। ਜਿਸ ਸਮੇਂ ਹਵਾ ਸ਼ੇਖੀ ਨਾਲ ਮੇਰੇ ਗਲ ਨਾਲ ਲਗਦੀ ਹੈ, ਤਾਂ ਮੈਂ ਨਾ ਧੌਣ ਹਿਲਾਉਂਦਾ ਹਾਂ ਤੇ ਨਾ ਹੀ ਮੂੰਹ ਤੋਂ ਅਵਾਜ਼ ਕੱਢਦਾ ਹਾਂ ਅਰਥਾਤ ਮੈਂ ਬੜਾ ਨਿਰਮਾਣਤਾ ਭਰਿਆ ਤੇ ਆਪਣੇ ਆਪ ਨੂੰ ਜ਼ਾਹਰ ਨਾ ਕਰਨ ਵਾਲਾ ਜੀਵਨ ਗੁਜ਼ਾਰਦਾ ਹਾਂ।